ਸੋੋਨੀਆ ਨੇ ਸਿੱਧੂ ਸਣੇ ਪੰਜ ਸੂਬਾਈ ਪ੍ਰਧਾਨਾਂ ਤੋਂ ਅਸਤੀਫ਼ੇ ਮੰਗੇ

Congress' interim chief Sonia Gandhi

 

  • ਚੰਨੀ ਅਤੇ ਸਿੱਧੂ ਨਿਸ਼ਾਨੇ ’ਤੇ ਰਹੇ

ਚੰਡੀਗੜ੍ਹ (ਸਮਾਜ ਵੀਕਲੀ):  ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਹਾਲੀਆ ਅਸੈਂਬਲੀ ਚੋਣਾਂ ਵਿਚ ਪਾਰਟੀ ਨੂੰ ਮਿਲੀ ਨਮੋਸ਼ੀਜਨਕ ਹਾਰ ਮਗਰੋਂ ਵੱਡਾ ਫੈਸਲਾ ਲੈਂਦਿਆਂ ਪੰਜਾਬ ਸਣੇ ਪੰਜ ਰਾਜਾਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਮੰਗ ਲਏ ਹਨ। ਕਾਂਗਰਸ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਦੇਰ ਸ਼ਾਮ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੇ ਕਾਂਗਰਸ ਪ੍ਰਧਾਨਾਂ ਤੋਂ ਅਸਤੀਫ਼ੇ ਮੰਗ ਲਏ ਹਨ ਤਾਂ ਜੋ ਕਾਂਗਰਸ ਦਾ ਪੁਨਰਗਠਨ ਕੀਤਾ ਜਾ ਸਕੇ। ਕਾਂਗਰਸ ਹਾਈਕਮਾਨ ਅਸੈਂਬਲੀ ਚੋਣਾਂ ਵਿਚ ਮਿਲੀ ਹਾਰ ਮਗਰੋਂ ਪੰਜ ਸੂਬਿਆਂ ਵਿਚ ਵੱਡਾ ਫੇਰਬਦਲ ਕਰਨ ਦੇ ਰੌਂਅ ਵਿਚ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਅਸਤੀਫ਼ਾ ਹੁਣ ਕਿਸੇ ਵੀ ਸਮੇਂ ਸਾਹਮਣੇ ਆ ਸਕਦਾ ਹੈ। ਪੰਜਾਬ ਦੇ ਕਾਂਗਰਸੀ ਆਗੂਆਂ ਨੇ ਪ੍ਰਧਾਨਗੀ ਲਈ ਪਹਿਲਾਂ ਹੀ ਕਮਰ ਕੱਸ ਲਈ ਹੈ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਹਾਈਕਮਾਨ ਨੂੰ ਸਾਫ਼ ਕਰ ਚੁੱਕੇ ਹਨ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਾਰੇ ਜੋ ਵੀ ਫ਼ੈਸਲਾ ਲੈਣਾ ਹੈ, ਉਹ ਜਲਦ ਲਿਆ ਜਾਵੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਬਲਬੀਰ ਸਿੰਘ ਸਿੱਧੂ ਆਦਿ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ। ਸੋਨੀਆ ਗਾਂਧੀ ਵੱਲੋਂ ਅੱਜ ਅਸਤੀਫ਼ੇ ਮੰਗਣ ਮਗਰੋਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਅੰਦਰੋਂ-ਅੰਦਰੀ ਤਿਆਰੀ ਵਿੱਢ ਦਿੱਤੀ ਹੈ। ਦੂਜੇ ਪਾਸੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਭਵਿੱਖ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਕਾਂਗਰਸ ਹਾਈਕਮਾਨ ਨੇ ਬਹੁਤ ਉਮੀਦਾਂ ਨਾਲ ਨਵਜੋਤ ਸਿੱਧੂ ਨੂੰ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਕਮਾਨ ਸੌਂਪੀ ਸੀ।

ਇਸੇ ਦੌਰਾਨ ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ’ਚ ਮਿਲੀ ਨਮੋਸ਼ੀਜਨਕ ਹਾਰ ਨੂੰ ਲੈ ਕੇ ਸਿਆਸੀ ਮੰਥਨ ਕੀਤਾ। ਪਹਿਲੇ ਦੌਰ ’ਚ ਅੱਜ ਮਾਲਵਾ ਖ਼ਿੱਤੇ ਦੇ ਹਾਰੇ ਤੇ ਜੇਤੂ ਉਮੀਦਵਾਰਾਂ ਤੋਂ ਫੀਡਬੈਕ ਲਈ ਗਈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਇਕੱਲੇ ਇਕੱਲੇ ਉਮੀਦਵਾਰ ਤੋਂ ਚੁਣਾਵੀ ਹਾਰ ਦੇ ਕਾਰਨਾਂ ਬਾਰੇ ਜਾਣਿਆ। ਵਿਸ਼ੇਸ਼ ਤੌਰ ’ਤੇ ਪ੍ਰਮੁੱਖ ਪੰਜ ਕਾਰਨਾਂ ਬਾਰੇ ਹਰ ਉਮੀਦਵਾਰ ਤੋਂ ਪੁੱਛਿਆ ਗਿਆ। ਬਹੁਤੇ ਉਮੀਦਵਾਰਾਂ ਨੇ ਹਾਰ ਦਾ ਠੀਕਰਾ ਪੰਜਾਬ ਦੀ ਲੀਡਰਸ਼ਿਪ ਸਿਰ ਭੰਨਿਆ। ਕਈ ਉਮੀਦਵਾਰਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਨਿਸ਼ਾਨਾ ਲਾਇਆ। ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਪਹਿਲਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੀਟਿੰਗ ਕੀਤੀ ਅਤੇ ਇਸ ਮੀਟਿੰਗ ਵਿਚ ਸਿੱਧੂ ਤੇ ਚੰਨੀ ਦੀ ਆਪਸ ਵਿਚ ਸੁਰ ਨਹੀਂ ਮਿਲੀ।

ਸਾਬਕਾ ਮੁੱਖ ਮੰਤਰੀ ਚੰਨੀ ਉਸ ਮਗਰੋਂ ਹੀ ਚਲੇ ਗਏ ਜਦੋਂ ਕਿ ਨਵਜੋਤ ਸਿੱਧੂ ਦੁਪਹਿਰ ਵੇਲੇ ਕਾਂਗਰਸ ਭਵਨ ’ਚੋਂ ਨਿਕਲੇ। ਇੱਥੇ ਕਾਂਗਰਸ ਭਵਨ ’ਚ ਸਵੇਰ ਸਮੇਂ ਮਾਲਵਾ ਜ਼ੋਨ ਵਨ ਅਤੇ ਦੁਪਹਿਰ ਮਗਰੋਂ ਮਾਲਵਾ ਜ਼ੋਨ ਟੂ ਦੇ ਹਾਰੇ ਤੇ ਜੇਤੂ ਰਹੇ ਉਮੀਦਵਾਰਾਂ ਨਾਲ ਹਰੀਸ਼ ਚੌਧਰੀ ਨੇ ਮੀਟਿੰਗ ਕੀਤੀ। ਭਲਕੇ ਦੋਆਬੇ ਅਤੇ ਮਾਝੇ ਦੇ ਉਮੀਦਵਾਰਾਂ ਤੋਂ ਫੀਡਬੈਕ ਲਈ ਜਾਣੀ ਹੈ ਅਤੇ 17 ਮਾਰਚ ਨੂੰ ਵਿਧਾਇਕ ਦਲ ਦੀ ਮੀਟਿੰਗ ਵੀ ਬੁਲਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਫੀਡਬੈਕ ਮੀਟਿੰਗ ’ਚ ਹਾਰੇ ਉਮੀਦਵਾਰਾਂ ਨੇ ਚੰਨੀ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਮੀਟਿੰਗ ਵਿਚ ਟਿਕਟਾਂ ਦੀ ਵੰਡ ’ਤੇ ਵੀ ਸਵਾਲ ਉੱਠੇ। ਬਹੁਤੇ ਉਮੀਦਵਾਰਾਂ ਨੇ ਚਰਚਾ ਕੀਤੀ ਕਿ ਕਿਸ ਵਜ੍ਹਾ ਕਰਕੇ ਇਨ੍ਹਾਂ ਚੋਣਾਂ ਵਿਚ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਮਗਰੋਂ ਵੀ ਦਲਿਤ ਪੱਤਾ ਨਹੀਂ ਚੱਲ ਸਕਿਆ। ਹਿੰਦੂ ਚਿਹਰੇ ਨੂੰ ਲਾਂਭੇ ਕੀਤੇ ਜਾਣ ਤੋਂ ਵੀ ਪਾਰਟੀ ਨੂੰ ਨੁਕਸਾਨ ਹੋਣ ਦੀ ਗੱਲ ਉਠਾਈ ਗਈ। ਸੁਨੀਲ ਜਾਖੜ ਦੇ ਬਿਆਨਾਂ ਨੂੰ ਵੀ ਅੱਜ ਮੁੱਦਾ ਬਣਾਇਆ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRFP to make small rocket SSLV to be issued after 3/4 successful launches
Next articleਭਗਵੰਤ ਮਾਨ ਮੁੱਖ ਮੰਤਰੀ ਵਜੋਂ ਅੱਜ ਲੈਣਗੇ ਹਲਫ਼