ਕੀਵ (ਸਮਾਜ ਵੀਕਲੀ) : ਯੂਕਰੇਨ ਵੱਲੋਂ ਰਣਨੀਤਕ ਤੌਰ ’ਤੇ ਅਹਿਮ ਪੂਰਬੀ ਸ਼ਹਿਰ ਲੀਮਾਨ ਨੂੰ ਆਪਣੇ ਕਬਜ਼ੇ ’ਚ ਲਏ ਜਾਣ ਮਗਰੋਂ ਰੂਸ ਨੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਗ੍ਰਹਿ ਨਗਰ ਕ੍ਰੀਵੀ ਰੀਹ ’ਤੇ ਐਤਵਾਰ ਨੂੰ ਆਤਮਘਾਤੀ ਡਰੋਨਾਂ ਨਾਲ ਹਮਲੇ ਕੀਤੇ ਹਨ। ਲੀਮਾਨ ਹੱਥੋਂ ਖੁੱਸਣ ਕਰਕੇ ਰੂਸ ਨੂੰ ਵੱਡਾ ਝਟਕਾ ਲੱਗਾ ਹੈ। ਜ਼ੇਲੈਂਸਕੀ ਨੇ ਰਾਤ ਨੂੰ ਆਪਣੇ ਸੰਬੋਧਨ ’ਚ ਦਾਅਵਾ ਕੀਤਾ ਕਿ ਲੀਮਾਨ ’ਤੇ ਯੂਕਰੇਨੀ ਝੰਡਾ ਲਹਿਰਾ ਰਿਹਾ ਹੈ। ਯੂਕਰੇਨੀ ਫ਼ੌਜ ਵੱਲੋਂ ਸ਼ਹਿਰ ਦੀ ਘੇਰਾਬੰਦੀ ਕੀਤੇ ਜਾਣ ਮਗਰੋਂ ਰੂਸ ਨੂੰ ਆਪਣੀ ਫ਼ੌਜ ਪਿੱਛੇ ਹਟਾਉਣੀ ਪਈ। ਬ੍ਰਿਟਿਸ਼ ਫ਼ੌਜ ਨੇ ਇਸ ਨੂੰ ਮਾਸਕੋ ਲਈ ਵੱਡਾ ਸਿਆਸੀ ਝਟਕਾ ਕਰਾਰ ਦਿੱਤਾ ਹੈ। ਇਸ ਸਫ਼ਲਤਾ ਨਾਲ ਹੁਣ ਯੂਕਰੇਨੀ ਫ਼ੌਜ ਰੂਸ ਵੱਲੋਂ ਕਬਜ਼ੇ ਕੀਤੇ ਗਏ ਇਲਾਕਿਆਂ ਅੰਦਰ ਦਾਖ਼ਲ ਹੋ ਸਕੇਗੀ।
ਲੀਮਾਨ ਸਰਹੱਦ ਨੇੜੇ ਦੋਨੇਤਸਕ ਖ਼ਿੱਤੇ ’ਚ ਪੈਂਦਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਡੋਨਬਾਸ ’ਚ ਕਈ ਥਾਵਾਂ ’ਤੇ ਯੂਕਰੇਨੀ ਝਡੇ ਲਹਿਰਾ ਰਹੇ ਹਨ। ਉਧਰ ਜ਼ੇਲੈਂਸਕੀ ਦੇ ਗ੍ਰਹਿ ਨਗਰ ਦੇ ਇਕ ਸਕੂਲ ਨੂੰ ਰੂਸੀ ਫ਼ੌਜ ਨੇ ਨਿਸ਼ਾਨਾ ਬਣਾਇਆ ਅਤੇ ਉਸ ਦੀਆਂ ਦੋ ਮੰਜ਼ਿਲਾਂ ਤਬਾਹ ਹੋ ਗਈਆਂ। ਰੂਸ ਵੱਲੋਂ ਪਿਛਲੇ ਕੁਝ ਹਫ਼ਤਿਆਂ ਤੋਂ ਇਰਾਨ ਨਿਰਮਿਤ ਆਤਮਘਾਤੀ ਡਰੋਨਾਂ ਦੀ ਯੂਕਰੇਨ ’ਚ ਵਰਤੋਂ ਕੀਤੀ ਗਈ ਹੈ। ਯੂਕਰੇਨੀ ਹਵਾਈ ਫ਼ੌਜ ਨੇ ਪੰਜ ਡਰੋਨਾਂ ਨੂੰ ਮਾਰ ਸੁੱਟਿਆ ਜਦਕਿ ਦੋ ਹੋਰ ਨਿਕਲਣ ’ਚ ਕਾਮਯਾਬ ਰਹੇ। ਅਧਿਕਾਰੀਆਂ ਨੇ ਕਿਹਾ ਕਿ ਰੂਸ ਨੇ ਐਤਵਾਰ ਨੂੰ ਜ਼ਾਪੋਰਿਜ਼ੀਆ ਸ਼ਹਿਰ ’ਤੇ ਵੀ ਹਮਲੇ ਕੀਤੇ ਹਨ। ਯੂਕਰੇਨੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਚਰਨੀਹੀਵ ’ਚ ਰੂਸੀ ਗੋਲਾ-ਬਾਰੂਦ ਦੇ ਡਿਪੂ ’ਤੇ ਹਮਲਾ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly