ਮੂਸੇਵਾਲਾ ਕਤਲ ’ਚ ਸ਼ਾਮਲ ਗੈਂਗਸਟਰ ਦੀਪਕ ਟੀਨੂ ਫਰਾਰ

 

  • ਲੰਘੀ ਅੱਧੀ ਰਾਤ ਦੇ ਕਰੀਬ ਵਾਪਰੀ ਘਟਨਾ
  • ਪੁਲੀਸ ਨੇ ਕੇਸ ਦੀ ਜਾਂਚ ਆਰੰਭੀ
  • ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੋਇਆ ਸੀ ਟੀਨੂ

ਮਾਨਸਾ (ਸਮਾਜ ਵੀਕਲੀ): ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਂਗਸਟਰ ਦੀਪਕ ਟੀਨੂ ਲੰਘੀ ਰਾਤ ਪੁਲੀਸ ਦੀ ਗ੍ਰਿਫ਼ਤ ’ਚੋਂ ਫਰਾਰ ਹੋ ਗਿਆ। ਮਾਨਸਾ ਦੇ ਸੀਆਈਏ ਪੁਲੀਸ ਸਟੇਸ਼ਨ ’ਚ ਦੀਪਕ ਟੀਨੂ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੋਇਆ ਸੀ ਅਤੇ ਉਹ ਰਾਤ ਦੇ 11 ਵਜੇ ਫਰਾਰ ਹੋਇਆ ਦੱਸਿਆ ਜਾਂਦਾ ਹੈ। ਉਹ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਹੈ। ਪੁਲੀਸ ਨੇ ਇਸ ਮਾਮਲੇ ’ਚ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੀਪਕ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਪੁਲੀਸ ਨੇ ਰਾਜਸਥਾਨ ਤੇ ਹਰਿਆਣਾ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ।

ਇਸ ਘਟਨਾ ਤੋਂ ਬਾਅਦ ਦੇਰ ਸ਼ਾਮ ਮਾਨਸਾ ’ਚ ਪੁਲੀਸ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਏਜੀਟੀਐੱਫ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਐੱਸਐੱਸਪੀ ਮਾਨਸਾ ਗੌਰਵ ਤੂਰਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ ’ਚ ਸੀਆਈਏ ਸਟਾਫ਼ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਜਾਂਚ ਦੌਰਾਨ ਦੀਪਕ ਟੀਨੂ ਨੂੰ ਭਜਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੇ ਨਾਂ ਸਾਹਮਣੇ ਆਉਣ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀਨੂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਨਸਾ ਦੇ ਐਸ.ਐਸ.ਪੀ ਗੌਰਵ ਤੂਰਾ ਨੇ ਦੱਸਿਆ ਕਿ ਗੋਇੰਦਵਾਲ ਜੇਲ੍ਹ ’ਚੋਂ ਦੀਪਕ ਟੀਨੂ ਨੂੰ ਪ੍ਰੋਡਕਸ਼ਨ ਵਰੰਟ ’ਤੇ ਸਰਦੂਲਗੜ੍ਹ ਕਤਲ ਕੇਸ ਦੀ ਜਾਂਚ ਲਈ ਲਿਆਂਦਾ ਗਿਆ ਸੀ। ਲੰਘੀ ਰਾਤ ਜਦੋਂ ਸੀਆਈਏ ਦੀ ਟੀਮ ਗੈਂਗਸਟਰ ਨੂੰ ਬਰਾਮਦਗੀ ਲਈ ਸਰਦੂਲਗੜ੍ਹ ਲੈ ਕੇ ਜਾ ਰਹੀ ਸੀ ਤਾਂ ਦੀਪਕ ਟੀਨੂੰ ਰਸਤੇ ਚੋਂ ਫ਼ਰਾਰ ਹੋ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸੀਆਈਏ ਟੀਮ ਨੇ ਗੈਂਗਸਟਰ ਨੂੰ ਸਰਦੂਲਗੜ੍ਹ ਲਿਜਾਣ ਬਾਰੇ ਨਾ ਤਾਂ ਕੋਈ ਇਜਾਜ਼ਤ ਲਈ ਸੀ ਅਤੇ ਨਾ ਹੀ ਇਸ ਦੀ ਕੋਈ ਸੂਚਨਾ ਦਿੱਤੀ ਗਈ। ਟੀਨੂ ਖ਼ਿਲਾਫ਼ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਦਿੱਲੀ ਵਿੱਚ 35 ਤੋਂ ਵੱਧ ਕੇਸ ਦਰਜ ਹਨ। ਉਹ 2017 ਤੋਂ ਜੇਲ੍ਹ ਵਿੱਚ ਹੈ ਅਤੇ ਉਹ ਪਿਛਲੇ 11 ਸਾਲਾਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਸੀਆਈਏ ਇੰਚਾਰਜ ਮਾਨਸਾ ਗੈਂਗਸਟਰ ਦੀਪਕ ਟੀਨੂੰ ਨੂੰ ਰਾਤ ਦੇ 11 ਵਜੇ ਮਾਨਸਾ ਤੋਂ ਝੁਨੀਰ ਇੱਕ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਗਏ ਅਤੇ ਉਸ ਦੇ ਹੱਥਕੜੀ ਨਹੀਂ ਲੱਗੀ ਹੋਈ ਸੀ। ਇੱਕ ਪੁਲੀਸ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਸ ਨੂੰ ਝੁਨੀਰ ’ਚ ਸੀਆਈਏ ਇੰਚਾਰਜ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਉਪਰ ਇੱਕ ਕਮਰੇ ਵਿੱਚ ਲਿਜਾਇਆ ਗਿਆ ਅਤੇ ਉਥੋਂ ਉਹ ਫਰਾਰ ਹੋ ਗਿਆ। ਉਹ ਤਿੰਨ ਦਿਨਾਂ ਤੋਂ ਉਥੇ ਲਗਾਤਾਰ ਜਾ ਰਿਹਾ ਸੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸੀ ਫ਼ੌਜ ਹੱਥੋਂ ਲੀਮਾਨ ਸ਼ਹਿਰ ਖੁੱਸਿਆ; ਜ਼ੇਲੈਂਸਕੀ ਦੇ ਪਿੱਤਰੀ ਕਸਬੇ ’ਤੇ ਹਮਲੇ
Next articleबिलकिस बानो के समर्थन में निकाली गांधी शांति यात्रा