‘ਆਪ’ ਦੀ ਜਿੱਤ ਮਗਰੋਂ ਉੱਚ ਅਫਸਰਾਂ ’ਚ ਹਲਚਲ ਤੇਜ਼

ਚੰਡੀਗੜ੍ਹ (ਸਮਾਜ ਵੀਕਲੀ):  ਆਮ ਆਦਮੀ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਪੰਜਾਬ ਦੀ ਨੌਕਰਸ਼ਾਹੀ ‘ਚ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੇ ਮੁੱਖ ਸਕੱਤਰ ਨੇ ਅੱਜ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਪੂਰੇ ਕੇਸ ਦੇ ਵੇਰਵੇ ਡੀਜੀਪੀ ਤੋਂ ਮੰਗ ਲਏ ਹਨ। ਨਸ਼ਿਆਂ ਦੇ ਮਾਮਲੇ ‘ਚ ਹੋਈਆਂ ਪੜਤਾਲਾਂ ਅਤੇ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ਦੀ ਫਾਈਲ ਵੀ ਮੰਗੀ ਗਈ ਹੈ। ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਪਿਛੋਂ ਪ੍ਰਸ਼ਾਸਨਿਕ ਅਧਿਕਾਰੀ ਸਰਗਰਮ ਹੋ ਗਏ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਭੰਬਲਭੂਸੇ ਵਿਚ ਸਨ ਜਿਸ ਕਰ ਕੇ ਬਹੁਤੇ ਅਧਿਕਾਰੀ ਸ਼ੋ੍ਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਰਾਬਤਾ ਬਣਾਉਣ ਵਿਚ ਜੁਟੇ ਹੋਏ ਸਨ। ਹੁਣ ਰਾਜਸੀ ਪੁਜੀਸ਼ਨ ਸਾਫ ਹੋੋਣ ਮਗਰੋਂ ਅਧਿਕਾਰੀ ਇੱਕਦਮ ਹਰਕਤ ਵਿਚ ਆ ਗਏ ਹਨ । ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਅੱਜ ਆਪੋ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਮੰਗ ਲਈ ਗਈ ਹੈ। ਸਿੱਖਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਫਾਈਲਾਂ ਤਿਆਰ ਕਰਨ ਵਿਚ ਰੁੱਝ ਗਏ ਹਨ।

ਮੁੱਖ ਸਕੱਤਰ ਦਫਤਰ ਵੱਲੋਂ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮਾਂ ਦੀ ਤਿਆਰੀ ਵੀ ਵਿੱਢ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਅੱਜ ਦੁਪਹਿਰ ਵਕਤ ਰੀਵਿਊ ਮੀਟਿੰਗ ਵੀ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਨੇ ਪੱਤਰ ਜਾਰੀ ਕੀਤਾ ਹੈ ਕਿ ਨਵੀਂ ਗਠਿਤ ਹੋਣ ਵਾਲੀ ਸਰਕਾਰ ਵੱਲੋਂ 13 ਮਾਰਚ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਵਿਚ ਅਤੇ 17 ਮਾਰਚ ਨੂੰ ਖਟਕੜ ਕਲਾਂ ਵਿਖੇ ਸਮਾਗਮ ਕੀਤਾ ਜਾਵੇਗਾ। 17 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰੱਖੇ ਜਾਣ ਦੀ ਗੱਲ ਵੀ ਆਖੀ ਗਈ ਹੈ|

ਨਵੇਂ ਵਜ਼ੀਰਾਂ ਲਈ ਦਫਤਰਾਂ ਦੀ ਤਿਆਰੀ ਕੀਤੀ ਜਾਣ ਲੱਗੀ ਹੈ ਅਤੇ ਪੁਰਾਣੇ ਵਜ਼ੀਰਾਂ ਤੋਂ ਰਿਹਾਇਸ਼ ਖਾਲੀ ਕਰਾਉਣ ਲਈ ਵੀ ਅਧਿਕਾਰੀ ਸਰਗਰਮ ਹੋ ਗਏ ਹਨ। ਪਤਾ ਲੱਗਾ ਹੈ ਕਿ ਟਰਾਂਸਪੋਰਟ ਵਿਭਾਗ ਨੇ ਵੀ ਨਵੇਂ ਮੰਤਰੀਆਂ ਨੂੰ ਦਿੱਤੇ ਜਾਣ ਵਾਲੇ ਨਵੇਂ ਵਾਹਨਾਂ ਬਾਰੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ|

ਐਡਵੋਕੇਟ ਜਨਰਲ ਦੀਪਇੰਦਰ ਿਸੰਘ ਪਤਵਾਲੀਆ ਵੱਲੋਂ ਅਸਤੀਫਾ

ਪੰਜਾਬ ਦੇ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਤਵਾਲੀਆ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚਰਨਜੀਤ ਸਿੰੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਤਵਾਲੀਆ ਨੂੰ ਐਡਵੋਕੇਟ ਜਨਰਲ ਲਾਇਆ ਗਿਆ ਸੀ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਉਸ ਵੇਲੇ ਐਡਵੋਕੇਟ ਜਨਰਲ ਅਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਆਪਣੇ ਅਹੁਦਾ ਤੋਂ ਅਸਤੀਫਾ ਵੀ ਦੇ ਦਿੱਤਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਨੇ ਬਿਨਾਂ ਨਾਮ ਲਏ ਚੰਨੀ ਸਿਰ ਭੰਨਿਆ ਹਾਰ ਦੀ ਠੀਕਰਾ
Next articleਕਾਂਗਰਸ ਲੀਡਰਸ਼ਿਪ ਕਦੇ ਵੀ ਸਬਕ ਨਹੀਂ ਸਿੱਖੇਗੀ: ਅਮਰਿੰਦਰ