ਖਟਕੜ ਕਲਾਂ ’ਚ ਸਹੁੰ ਚੁੱਕ ਸਮਾਗਮ 16 ਨੂੰ

ਐੱਸਏਐੱਸ ਨਗਰ (ਮੁਹਾਲੀ) (ਸਮਾਜ ਵੀਕਲੀ):  ਆਮ ਆਦਮੀ ਪਾਰਟੀ (ਆਪ) ਦੇ ਜਿੱਤੇ ਵਿਧਾਇਕਾਂ ਦੀ ਅੱਜ ਮੁਹਾਲੀ ’ਚ ਮੀਟਿੰਗ ਦੌਰਾਨ ਭਗਵੰਤ ਮਾਨ ਨੂੰ ਸਰਬਸੰਮਤੀ ਨਾਲ ਰਸਮੀ ਤੌਰ ’ਤੇ ਆਗੂ ਚੁਣ ਲਿਆ ਗਿਆ। ਧੂਰੀ ਤੋਂ ਵਿਧਾਇਕ ਬਣੇ ਸ੍ਰੀ ਮਾਨ 16 ਮਾਰਚ ਨੂੰ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਉਹ ਭਲਕੇ ਸ਼ਨਿੱਚਰਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਰਸਮੀ ਤੌਰ ’ਤੇ ਦਾਅਵਾ ਪੇਸ਼ ਕਰਨਗੇ। ‘ਆਪ’ ਵੱਲੋਂ 13 ਮਾਰਚ ਨੂੰ ਅੰਮ੍ਰਿਤਸਰ ਵਿੱਚ ਇੱਕ ਰੋਡ ਸ਼ੋਅ ਕੱਢ ਕੇ ਲੋਕਾਂ ਦਾ ਧੰਨਵਾਦ ਕੀਤਾ ਜਾਵੇਗਾ। ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ‘ਆਪ’ ਪਹਿਲੀ ਵਾਰ ਸੱਤਾ ’ਤੇ ਕਾਬਜ਼ ਹੋਣ ਜਾ ਰਹੀ ਹੈ, ਜਿਸ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ। ਪਹਿਲਾਂ ਮੀਟਿੰਗ ਅੱਜ ਬਾਅਦ ਦੁਪਹਿਰ ਢਾਈ ਵਜੇ ਹੋਣੀ ਸੀ ਪ੍ਰੰਤੂ ਭਗਵੰਤ ਮਾਨ ਦੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਜਾਣ ਕਾਰਨ ਇਹ ਸ਼ਾਮ ਨੂੰ ਹੋਈ।

ਮੁਹਾਲੀ ’ਚ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਪਾਰਟੀ ਨੂੰ ਫਤਵਾ ਦੇਣ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਡੇ-ਵੱਡੇ ਸਿਆਸੀ ਆਗੂਆਂ ਨੂੰ ਹਰਾ ਕੇ ਘਰ ਬਿਠਾ ਦਿੱਤਾ ਹੈ। ਉਨ੍ਹਾਂ ਸਾਰੇ ਵਿਧਾਇਕਾਂ ਨੂੰ ਵੱਡੇ ਬਹੁਮੱਤ ਨਾਲ ਜਿੱਤ ਹਾਸਲ ਕਰਨ ’ਤੇ ਹੰਕਾਰ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ,‘‘ਤੁਸੀਂ ਸਾਰੇ ਪੰਜਾਬੀਆਂ ਦੇ ਵਿਧਾਇਕ ਹੋ। ਜਿਨ੍ਹਾਂ ਨੇ ਵੋਟਾਂ ਨਹੀਂ ਵੀ ਪਾਈਆਂ, ਉਨ੍ਹਾਂ ਦਾ ਵੀ ਕੰਮ ਕਰਨਾ ਹੈ। ਪੰਜਾਬ ਦੇ ਲੋਕਾਂ ਨੇ ਲੰਬਾ ਸਮਾਂ ਸੰਤਾਪ ਹੰਢਾਇਆ ਹੈ, ‘ਆਪ’ ਅਜਿਹੇ ਲੋਕਾਂ ਲਈ ਆਸ ਦੀ ਕਿਰਨ ਬਣ ਕੇ ਉੱਭਰੀ ਹੈ।’’ ਉਨ੍ਹਾਂ ਵਿਧਾਇਕਾਂ ਨੂੰ ਸਖ਼ਤੀ ਨਾਲ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਡੇਰੇ ਲਾ ਕੇ ਨਹੀਂ ਬੈਠਣਗੇ, ਬਲਕਿ ਗਰਾਊਂਡ ’ਤੇ ਜਾ ਕੇ ਲੋਕਾਂ ਦੇ ਕੰਮ ਕਰਨਗੇ ਜਿੱਥੋਂ ਉਨ੍ਹਾਂ ਨੇ ਵੋਟਾਂ ਮੰਗੀਆਂ ਹਨ। ਉਨ੍ਹਾਂ ਕਿਹਾ,‘‘ਤੁਸੀਂ ਘੱਟ ਤੋਂ ਘੱਟ ਚੰਡੀਗੜ੍ਹ ਵਿੱਚ ਰਹਿਣਾ। ਸਰਕਾਰ ਪਿੰਡਾਂ, ਮੁਹੱਲਿਆਂ ’ਚੋਂ ਚੱਲੇਗੀ। ਹੁਣ ਅਫ਼ਸਰ ਏਸੀ ਕਮਰਿਆਂ ਵਿੱਚ ਬੈਠ ਕੇ ਵਿਕਾਸ ਦੀਆਂ ਯੋਜਨਾਵਾਂ ਨਹੀਂ ਉਲੀਕਣਗੇ ਸਗੋਂ ਉਨ੍ਹਾਂ ਨੂੰ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਰਾਇ ਨਾਲ ਯੋਜਨਾਵਾਂ ਬਣਾਉਣੀਆਂ ਹੋਣਗੀਆਂ ਅਤੇ ਲੋਕਾਂ ਦੇ ਦਰਾਂ ’ਤੇ ਜਾ ਕੇ ਉਨ੍ਹਾਂ ਦੇ ਮਸਲੇ ਹੱਲ ਕਰਨੇ ਹੋਣਗੇ।’’

ਉਨ੍ਹਾਂ ਕਿਹਾ ਕਿ ਕਿਸੇ ਦੇ ਘਰ ਮੂਹਰੇ ਜਾ ਕੇ ਲਲਕਾਰੇ ਨਹੀਂ ਮਾਰਨੇ ਹਨ ਅਤੇ ਕਿਸੇ ਨਾਲ ਇਹ ਸੋਚ ਕੇ ਵਧੀਕੀ ਨਹੀਂ ਕਰਨੀ ਕਿ ਇੱਥੋਂ ਵੋਟਾਂ ਘੱਟ ਮਿਲੀਆਂ ਹਨ। ਕਿਸੇ ਨਾਲ ਪੱਖਪਾਤ ਨਹੀਂ ਕਰਨਾ ਬਲਕਿ ਪਬਲਿਕ ਦੇ ਨੌਕਰ ਬਣ ਕੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੋਂ ਇਲਾਵਾ 17 ਜਣਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲਣਗੀਆਂ, ਪਰ ਕੰਮ ਸਾਰੇ ਵਿਧਾਇਕ ਮਿਲ ਕੇ ਕਰਨਗੇ। ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਸੂਬਿਆ ਤੋਂ ਹਨ ਪਰ ਦੇਸ਼ ਲਈ ਇਕੱਠੇ ਹੋ ਕੇ ਲੜਾਈ ਲੜੀ ਸੀ। ਇਸੇ ਤਰ੍ਹਾਂ ਸਾਰੇ ਵਿਧਾਇਕਾਂ ਨੂੰ ਸ਼ਹੀਦਾਂ ਵੱਲੋਂ ਦਿਖਾਏ ਰਾਹ ’ਤੇ ਚੱਲਦੇ ਹੋਏ ਪੰਜਾਬ ਨੂੰ ਬਚਾਉਣ ਲਈ ਕੰਮ ਕਰਨਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਸੂਬੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇਸ ਲਈ ਲੋਕਾਂ ਨੂੰ ‘ਆਪ’ ਤੋਂ ਬਹੁਤ ਉਮੀਦਾਂ ਹਨ। ਲੋਕਾਂ ਦੀ ਉਮੀਦਾਂ ’ਤੇ ਖਰਾ ਉਤਰਨ ਲਈ ਸਾਰਿਆਂ ਨੂੰ ਦਿਨ-ਰਾਤ ਇਕ ਕਰਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੰਵਾਰਨ ਲਈ ‘ਆਪ’ ਦੇ ਸਾਰੇ ਵਿਧਾਇਕ ਹਰ ਰੋਜ਼ ਦੀ ਯੋਜਨਾ ਬਣਾ ਕੇ ਕੰਮ ਕਰਨਗੇ ਜਿਸ ਦੇ ਨਤੀਜੇ ਜਲਦੀ ਹੀ ਲੋਕਾਂ ਦੇ ਸਾਹਮਣੇ ਹੋਣਗੇ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਵੀ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਜਰੀਵਾਲ ਨਾਲ ਕੀਤੀ ਮੰਤਰੀ ਮੰਡਲ ਬਾਰੇ ਚਰਚਾ
Next articleਮੁੱਖ ਮੰਤਰੀ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ