ਯੂਕਰੇਨ ਜੰਗ: ਸੁਰੱਖਿਅਤ ਲਾਂਘੇ ਦੇ ਬਾਵਜੂਦ ਗੋਲੀਬਾਰੀ

ਲਵੀਵ (ਸਮਾਜ ਵੀਕਲੀ): ਰੂਸ ਵੱਲੋਂ ਅੱਜ ਪਹਿਲਾਂ ਦੱਖਣੀ ਯੂਕਰੇਨ ਦੇ ਦੋ ਸ਼ਹਿਰਾਂ ਮਾਰਿਉਪੋਲ ਤੇ ਵੋਲਨੋਵਾਖਾ ਵਿਚ ਆਰਜ਼ੀ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਪਰ ਮਗਰੋਂ ਇਸ ਵਿਚ ਅੜਿੱਕਾ ਪੈ ਗਿਆ। ਯੂਕਰੇਨੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਗੋਲੀਬਾਰੀ ਕਾਰਨ ਨਾਗਰਿਕਾਂ ਨੂੰ ਹੁਣ ਸ਼ਹਿਰਾਂ ਵਿਚੋਂ ਸੁਰੱਖਿਅਤ ਲਾਂਘਾ ਦੇਣਾ ਮੁਸ਼ਕਲ ਹੋ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਵਿਚਾਲੇ ਗੋਲੀਬੰਦੀ ਲਈ ਸਹਿਮਤੀ ਬਣੀ ਸੀ। ਇਸ ਤੋਂ ਪਹਿਲਾਂ ਮਾਸਕੋ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਨ੍ਹਾਂ ਸ਼ਹਿਰਾਂ ਵਿਚ ਨਾਗਰਿਕਾਂ ਨੂੰ ਮਨੁੱਖੀ ਲਾਂਘਿਆਂ ਰਾਹੀਂ ਕੱਢਣ ਲਈ ਇਹ ਕਦਮ ਚੁੱਕਿਆ ਗਿਆ ਹੈ। ਗੋਲੀਬੰਦੀ ਸਵੇਰੇ 10 ਵਜੇ ਲਾਗੂ ਕੀਤੀ ਗਈ ਸੀ (ਭਾਰਤੀ ਸਮੇਂ ਅਨੁਸਾਰ ਦੁਪਹਿਰੇ 1.30 ਵਜੇ)। ਯੂਕਰੇਨ ਨੇ ਵੀ ਦੋਵਾਂ ਸ਼ਹਿਰਾਂ ’ਚੋਂ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਗੋਲੀਬੰਦੀ ਉਤੇ ਸਹਿਮਤੀ ਪ੍ਰਗਟ ਕੀਤੀ ਸੀ। ਇਹ ਨਹੀਂ ਦੱਸਿਆ ਗਿਆ ਸੀ ਕਿ ਗੋਲੀਬੰਦੀ ਕਿੰਨੇ ਦਿਨ ਜਾਰੀ ਰਹੇਗੀ।

ਦੱਸਣਯੋਗ ਹੈ ਕਿ ਵੀਰਵਾਰ ਹੋਈ ਦੂਜੇ ਗੇੜ ਦੀ ਗੱਲਬਾਤ ਦੌਰਾਨ ਦੋਵੇਂ ਮੁਲਕ ਨਾਗਰਿਕਾਂ ਨੂੰ ਲਾਂਘਾ ਦੇਣ ਉਤੇ ਸਹਿਮਤ ਹੋ ਗਏ ਸਨ। ਆਰਜ਼ੀ ਤੌਰ ਉਤੇ ਗੋਲੀਬੰਦੀ ’ਤੇ ਵੀ ਸਹਿਮਤੀ ਬਣੀ ਸੀ। ਯੂਕਰੇਨ ਨੇ ਅੱਜ ਕਿਹਾ ਕਿ ਰੂਸੀ ਧਿਰ ਗੋਲੀਬੰਦੀ ਦਾ ਪਾਲਣ ਨਹੀਂ ਕਰ ਰਹੀ ਹੈ। ਮਾਰਿਉਪੋਲ ਦੇ ਇਸ ਦੇ ਨੇੜਲੇ ਖੇਤਰਾਂ ਵਿਚ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਰੂਸ ਨਾਲ ਗੱਲਬਾਤ ਜਾਰੀ ਰਹੇਗੀ। ਯੂਕਰੇਨ ਦੇ ਅਧਿਕਾਰੀਆਂ ਨੇ ਰੂਸ ਨੂੰ ਗੋਲੀਬਾਰੀ ਰੋਕਣ ਲਈ ਕਿਹਾ ਹੈ। ਦੂਜੇ ਪਾਸੇ ਮਾਸਕੋ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਫਾਇਰਿੰਗ ਸ਼ਹਿਰਾਂ ਦੇ ਅੰਦਰੋਂ ਰੂਸੀ ਧਿਰ ਉਤੇ ਹੋਈ ਹੈ। ਗੋਲੀਬੰਦੀ ਉਤੇ ਸਹਿਮਤੀ ਬਣਨ ਮਗਰੋਂ ਐਨੀ ਜਲਦੀ ਇਸ ਦੀ ਉਲੰਘਣਾ ਹੋਣ ’ਤੇ ਹੁਣ ਜੰਗ ਰੋਕਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਹਰ ਸੰਭਵ ਯਤਨ ਕਰ ਰਹੇ ਹਨ।

ਫ਼ਿਲਹਾਲ ਮਾਰਿਉਪੋਲ ਤੋਂ ਲੋਕਾਂ ਨੂੰ ਕੱਢਣਾ ਰੋਕ ਦਿੱਤਾ ਗਿਆ ਹੈ। ਮਾਰਿਉਪੋਲ ਸ਼ਹਿਰ ਦੀ ਕੌਂਸਲ ਨੇ ਕਿਹਾ ਸੀ ਕਿ ਗੋਲੀਬੰਦੀ ਸਵੇਰੇ ਨੌਂ ਤੋਂ ਸ਼ਾਮ ਚਾਰ ਵਜੇ ਤੱਕ ਰਹੇਗੀ। ਮਾਰਿਉਪੋਲ ਤੋਂ ਲੋਕਾਂ ਨੂੰ ਜ਼ਪੋਰੀਜ਼ਜ਼ੀਆ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਕੌਂਸਲ ਨੇ ਦੱਸਿਆ ਸੀ ਕਿ ਸ਼ਹਿਰ ਦੀਆਂ ਤਿੰਨ ਥਾਵਾਂ ਤੋਂ ਬੱਸਾਂ ਜਾਣਗੀਆਂ। ਮਿੱਥੇ ਰੂਟ ਤੇ ਪ੍ਰਾਈਵੇਟ ਵਾਹਨਾਂ ਨੂੰ ਵੀ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ। ਸਿਰਫ਼ ਮਿੱਥੇ ਰੂਟ ਰਾਹੀਂ ਹੀ ਜਾਣ ਲਈ ਕਿਹਾ ਗਿਆ ਸੀ। ਯੂਕਰੇਨ ਤੇ ਰੂਸ ਵਿਚਾਲੇ ਲੱਗੀ ਜੰਗ ਦੇ ਦਸਵੇਂ ਦਿਨ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਸੀ। ਮਾਰਿਉਪੋਲ ਦੇ ਮੇਅਰ ਵਾਦਿਮ ਬੋਇਚੈਂਕੋ ਨੇ ਕਿਹਾ ਸੀ ਕਿ ‘ਸ਼ਹਿਰ ਗਲੀਆਂ ਜਾਂ ਘਰਾਂ ਨਾਲ ਨਹੀਂ, ਬਲਕਿ ਇੱਥੇ ਰਹਿੰਦੇ ਲੋਕਾਂ ਨਾਲ ਬਣਿਆ ਹੈ।’ ਉਨ੍ਹਾਂ ਕਿਹਾ ਕਿ ਬੰਬਾਰੀ ਤੇ ਗੋਲੀਬਾਰੀ ਕਾਰਨ ਕੋਈ ਰਾਹ ਨਹੀਂ ਬਚਿਆ ਸੀ ਤੇ ਲੋਕਾਂ ਨੂੰ ਨਿਕਲਣ ਦਾ ਮੌਕਾ ਦੇਣਾ ਜ਼ਰੂਰੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੁੱਧ
Next articleਰੂਸ ਨੇ ਫੇਸਬੁੱਕ ਤੇ ਟਵਿੱਟਰ ਬਲੌਕ ਕੀਤੇ