ਲੋਕ ਗੀਤਾਂ ਜਹੇ ਗੀਤਾਂ ਦਾ ਰਚੇਤਾ :-‘ਸੁਰੇਸ਼ ਬਾਂਸਲ ਬਾਪਲੇ ਵਾਲਾ’ “

(ਸਮਾਜ ਵੀਕਲੀ)-ਮਲੇਰਕੋਟਲੇ ਸ਼ਹਿਰ ਦੀਆਂ ਗਲੀਆਂ ਘੁੰਮਦੇ ਤੁਹਾਨੂੰ ਹਰ ਮੋੜ ਹਰ ਚੁਰਾਹੇ ‘ਤੇ ਸਾਨੂੰ ਸਾਡੀ ਵਿਰਾਸਤ,ਸਾਡਾ ਸੱਭਿਆਚਾਰ ਗਲ਼ ਨਾਲ ਲਾਵੇਗਾ।ਹਰ ਇੱਕ ਇਮਾਰਤ ਵਿੱਚੋਂ ਸਾਨੂੰ ਕਹਾਣੀਆਂ ਬੋਲਦੀਆਂ ਨਜ਼ਰ ਆਉਣਗੀਆਂ।ਇਨ੍ਹਾਂ ਹੀ ਇਮਾਰਤਾਂ ਵਿੱਚ ਅਜਿਹੀਆਂ ਸਖਸ਼ੀਅਤਾਂ ਬੈਠੀਆਂ ਹੋਣਗੀਆਂ,ਜਿਨ੍ਹਾਂ ਦੇ ਮੋਢਿਆਂ ‘ਤੇ ਇਹ ਪੁਰਾਤਨ ਇਮਾਰਤਾਂ ਦੇ ਨਾਲ ਨਾਲ ਸੱਭਿਆਚਾਰ ਦੀ ਨੀਂਹ ਵੀ ਟਿਕੀ ਹੋਈ ਹੈ ।80-90 ਦੇ ਦਹਾਕੇ ਵਿੱਚ ਰਿਕਾਰਡਾਂ ਤੇ ਰੀਲਾਂ ਵਿੱਚ ਵੱਜਦੇ ਗਾਣਿਆਂ ਵਿੱਚ ਇੱਕ ਨਾਮ ਅਕਸਰ ਸੁਣਨ ਨੂੰ ਮਿਲਦਾ ‘ਬਾਂਸਲ ਬਾਪਲੇ ਵਾਲਾ। ਇਹ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਥਾਜ਼ ਨਹੀਂ। ਮਲੇਰਕੋਟਲੇ ਸ਼ਹਿਰ ਦੇ ਕਰਿਆਨਾ ਵਪਾਰੀ ਗੀਤਕਾਰ ਸੁਰੇਸ਼ ਬਾਂਸਲ ਨੇ ਪੰਜਾਬੀ ਸੰਗੀਤ ਨੂੰ ਉਹ ਗੀਤ ਦਿੱਤੇ ਜੋ ਲੋਕ ਗੀਤਾਂ ਵੱਜੋਂ ਸਥਾਪਿਤ ਹੋਏ ਲੱਗਦੇ ਹਨ,ਤੇ ਬਾਂਸਲ ਬਾਪਲੇ ਦੇ ਲਿਖੇ ਗੀਤਾਂ ਨਾਲ ਕਈ ਉੱਭਰਦੇ ਗਾਇਕ ਸਥਾਪਿਤ ਵੀ ਹੋਏ।

ਦਸੰਬਰ 1959 ਨੂੰ ਪਿੰਡ ਭਾਈਕੇ ਪਿਛੌਰ ਜਿਲ੍ਹਾ ਸੰਗਰੂਰ ਵਿੱਚ ਜਨਮੇ ਸੁਰੇਸ਼ ਬਾਂਸਲ ਦਾ ਬਚਪਨ ਕਸਬਾ ਸੰਦੌੜ ਲਾਗੇ ਪਿੰਡ ਬਾਪਲੇ ਗੁਜਰਿਆ।ਬਚਪਨ ਤੋਂ ਰੇਡੀਓ ਉੱਪਰ ਚੱਲਦੇ ਗੀਤਾਂ ਨੂੰ ਸੁਣਨ ਦੇ ਸ਼ੌਂਕ ਨੇ ਕਦੋਂ ਸੁਰੇਸ਼ ਬਾਂਸਲ ਨੂੰ ਚੜ੍ਹਦੀ ਉਮਰੇ ਹੀ ਸਥਾਪਿਤ ਗੀਤਕਾਰ ਬਣਾ ਦਿੱਤਾ,ਇਹ ਉਸਨੂੰ ਖ਼ੁਦ ਵੀ ਨਹੀਂ ਪਤਾ। ਸੰਦੌੜ ਸਕੂਲ ਤੋਂ ਦਸਵੀਂ ਤੱਕ ਪੜ੍ਹੇ ਸੁਰੇਸ਼ ਬਾਂਸਲ ਨੇ ਮਲੇਰਕੋਟਲੇ ਆਪਣੇ ਪਿਤਾ ਜੀ ਦੀ ਕਰਿਆਨੇ ਦੀ ਦੁਕਾਨ ਸਾਂਭ ਲਈ। ਤੇ ਅਕਸਰ ਇਹ ਕਿਹਾ ਜਾਂਦਾ ਕਿ ਜੋ ਲੋਕ ਜਿਸ ਕੰਮ ਵਿੱਚ ਵੀ ਆਪਣਾ ਧਿਆਨ,ਆਪਣੀ ਮਿਹਨਤ ਲਗਾਉਣ,ਉਸ ਮੰਜਿਲ ਵੱਲ ਲੈ ਜਾਣ ਲਈ ਰੱਬ ਖ਼ੁਦ ਰਾਹ ਬਣਾਉਂਦਾ ਜਾਂਦਾ ਹੈ। ਕੋਰੇ ਕਾਗਜ਼ਾਂ ਤੇ ਅੰਬਰਾਂ ‘ਤੇ ਉਂਗਲਾਂ ਨਾਲ ਮਾਰੀਆਂ ਝਰੀਟਾਂ ਨੇ ਸੁਰੇਸ਼ ਬਾਂਸਲ ਦੀ ਮੁਲਾਕਾਤ ਪੰਜਾਬੀ ਸਾਹਿਤ ਤੇ ਗੀਤਕਾਰੀ ਦੇ ਬਾਬਾ ਬੋਹੜ ਸ਼੍ਰੀ ਗੁਰਦੇਵ ਮਾਨ ਜੀ ਨਾਲ ਕਰਵਾਈ।ਜਿਸਨੂੰ ਉਸਤਾਦ ਧਾਰਕੇ ਗੀਤਕਾਰੀ ਦੀਆਂ ਬਾਰੀਕੀਆਂ ਸਿੱਖਣ ਕਰਕੇ ਹੀ ਸੁਰੇਸ਼ ਬਾਂਸਲ , ਬਾਂਸਲ ਬਾਪਲੇ ਵਾਲਾ ਵੱਜੋਂ ਜਾਣਿਆ ਜਾਣ ਲੱਗਿਆ।

ਤੇ ਜਿਨ੍ਹਾਂ ਸਦਕਾ ਹੀ 18-19 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਲਿਖਿਆ ਪਹਿਲਾ ਗੀਤ ਮੇਲਣ ਬਣਕੇ ਜਾਣਾ ਰਿਕਾਰਡ ਹੋ ਚੁੱਕਿਆ ਸੀ,ਜਿਸਨੂੰ ਕਰਤਾਰ ਰਮਲਾ ਨੇ ਗਾਇਆ ਸੀ ।ਜਿਸਤੋਂ ਬਾਅਦ ਪੰਜਾਬੀ ਗੀਤਕਾਰੀ ਦੇ ਇਸ ਥੰਮ ਨੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ।ਫਿਰ ਮੁਹੰਮਦ ਸਦੀਕ ਨਾਲ 1980 ਵਿੱਚ ਮੁਲਾਕਾਤ ਹੋਈ,ਜਿਨ੍ਹਾਂ ਨੇ ਪਹਿਲੀ ਮਿਲਣੀ ‘ਚ ਹੀ ਸੁਰੇਸ਼ ਬਾਂਸਲ ਦੇ ਕਈ ਗੀਤ ਰਿਕਾਰਡ ਕਰਵਾਏ।ਉਸਤੋਂ ਬਾਅਦ ਪੰਜਾਬ ਦੇ ਹਰ ਸਥਾਪਿਤ ਗਾਇਕ ਨੇ ਸੁਰੇਸ਼ ਬਾਂਸਲ ਬਾਪਲੇ ਵਾਲਾ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।ਜਿਨ੍ਹਾਂ ਵਿੱਚ ਕੁਲਦੀਪ ਮਾਣਕ ਨੇ ‘ਯਾਰਾਂ ਦੀ ਕੁੱਲੀ ਨੂੰ ਅੱਗ ਲਾਉਣ ਵਾਲੀਏ’ , ਲਵਲੀ ਨਿਰਮਾਣ ‘ਗੈਰਾਂ ਨੂੰ ਪਿਆਈ ਵਿਸਕੀ’ , ਮੇਜਰ ਰਾਜਸਥਾਨੀ ‘ਕਿਹੜੀ ਗੱਲੋਂ ਪਾਸਾ ਵੱਟ ਗਈ’ , ਪਰਮਿੰਦਰ ਸੰਧੂ ‘ਪੇਪਰਾਂ ‘ਚ ਦਿਨ ਰਹਿ ਗਏ ਪੰਦਰਾਂ’ ,ਹਰਭਜਨ ਸ਼ੇਰਾ ‘ਜੀਅ ਨਹੀਂ ਲੱਗਦਾ ਕੱਲੀ ਦਾ’ ,ਭਗਵੰਤ ਮਾਨ,ਕਰਮਜੀਤ ਅਨਮੋਲ, ਕਰਤਾਰ ਰਮਲਾ, ਜਸਵਿੰਦਰ ਭੱਲਾ ਆਦਿ,ਤੇ ਉਨ੍ਹਾਂ ਦਾ ਨਵਾਂ ਗੀਤ ਰਾਜਵਿੰਦਰ ਕੌਰ ਪਟਿਆਲਾ ਤੇ ਜਸਵੰਤ ਪੱਪੂ ‘ ਹੁੰਦੀ ਵੈਲੀਆਂ ਕਿ ਜਿੰਦਗਾਨੀ ਨੀਂ ਦੁੱਧਦੇ ਉਬਾਲ ਵਰਗੀ’ ਨੇ ਗਾਇਆ ਸੀ,ਜੋ ਕਿ 2016 ‘ਚ ਰਿਕਾਰਡ ਹੋਇਆ ਸੀ।ਜਦਕਿ 80-90 ਦੇ ਦਹਾਕੇ ਵਿੱਚ ਮੁਹੰਮਦ ਸਦੀਕ,ਰਣਜੀਤ ਕੌਰ ਤੇ ਸੁਰੇਸ਼ ਬਾਂਸਲ ਦੀ ਤਿੱਕੜੀ ਨੇ ਅਨੇਕਾਂ ਸੁਪਰਹਿੱਟ ਦੋਗਾਣੇ ਪੰਜਾਬੀ ਸੱਭਿਆਚਾਰ ਨੂੰ ਦਿੱਤੇ,ਉਸ ਸਮੇਂ ਦੋਵੇਂ ਇੱਕ ਦੂਜੇ ਦੇ ਪੂਰਕਾਂ ਵੱਜੋਂ ਸਥਾਪਿਤ ਹੋਏ। ਮੁਹੰਮਦ ਸਦੀਕ ਤੇ ਰਣਜੀਤ ਕੋਰ ਦਾ ਹਰ ਦੂਜਾ ਗੀਤ ‘ਬਾਂਸਲ ਬਾਪਲੇ ਵਾਲੇ’ ਦਾ ਲਿਖਿਆ ਹੁੰਦਾ ਸੀ,ਜਿਨ੍ਹਾਂ ਵਿੱਚ ‘ਨਿਭਣੀ ਨਾ ਪਤਲੋ ਨਾਲ’, ‘ਜਿਵੇਂ ਉੱਤਰ ਅਕਾਸ਼ੋਂ ਆਇਆ ਚੌਦਵੀਂ ਦਾ ਚੰਦ’ ,’ਕੋਈ ਕਰੀਏ ਹਾਂਨਣੇ,ਕਰੀਏ ਮੁਹੱਬਤਾਂ ਦੀ ਗੱਲ ਨੀ’,’ਡਾਕਟਰ ਫ਼ੀਮ ਛੁਡਾਉਂਦਾ ਏ ਇੱਕ ਪੇਕੇ ਮੇਰੇ ਵੇ’ , ‘ਊਂਠ ਦੀਆਂ ਪੂੰਛ ਵਰਗਾ ਕਿਹੜਾ ਰੋਂਦੇ ਨੇ ਰੀਬਨਾ ਵਾਲੇ’ ਆਦਿ ਮਕਬੂਲ ਗੀਤ ਸਨ,ਜੋ ਅੱਜ ਵੀ ਲੋਕਾਂ ਨੂੰ ਜ਼ੁਬਾਨੀ ਯਾਦ ਹਨ। ‘ਮੁਹੱਬਤਾਂ ਦੀ ਗੱਲ’ ਗੀਤ ਮੁਹੰਮਦ ਸਦੀਕ ਦੀ ਐਲਬਮ ਦਾ ਟਾਇਟਲ ਗੀਤ ਸੀ,ਜਿਸਨੇ ਸੁਰੇਸ਼ ਬਾਂਸਲ ਬਾਪਲੇ ਨੂੰ ਇੱਕ ਸਥਾਪਿਤ ਗੀਤਕਾਰ ਵੱਜੋਂ ਪਛਾਣ ਦਿੱਤੀ।ਇਸ ਤੋਂ ਬਾਅਦ ਫਿਰ ਇਸ ਗੀਤਕਾਰ ਨੇ ਕਦੇ ਪਿੱਛੇ ਮੁੜਕੇ ਨਹੀਂ ਵੇਖਿਆ,ਹਰ ਵਿਸ਼ਾ ਹਰ ਤਰ੍ਹਾਂ ਦਾ ਗੀਤ ਲਿਖਿਆ ਜੋ ਬਾਅਦ ਵਿੱਚ ਲੋਕ ਗੀਤ ਜਾਂ ਇੱਕ ਕਹਾਣੀ ਜਿਹਾ ਲੱਗਦਾ ਹੈ!

ਬੇਸ਼ੱਕ ਕਮਰਸ਼ੀਅਲ ਗੀਤਕਾਰੀ ਦੇ ਇਸ ਯੁੱਗ ਵਿੱਚ ਬਹੁਤੇ ਗੀਤਕਾਰ ਖੜਕਾ ਦੜਕਾ,ਹਥਿਆਰ,ਨਸ਼ੇ,ਲੱਚਰਤਾ ਆਦਿ ਆਪਣੇ ਗੀਤਾਂ ਰਾਹੀਂ ਪੇਸ਼ ਕਰ ਰਹੇ ਹਨ।ਜਿਨ੍ਹਾਂ ਦੇ ਲਿਖੇ ਗੀਤ ਚੜ੍ਹਦੇ ਸੂਰਜ ਨਾਲ ਆਉਂਦੇ ਹਨ,ਤੇ ਸ਼ਾਮ ਨੂੰ ਡੁੱਬਦੇ ਸੂਰਜ ਨਾਲ ਹੀ ਲੋਕਾਂ ਨੂੰ ਭੁੱਲ ਜਾਂਦੇ ਹਨ।ਪਰ! ਬਾਂਸਲ ਬਾਪਲੇ ਵਾਲੇ ਦੇ ਲਿਖੇ ਹਰ ਗੀਤ ਲੋਕਾਂ ਨੂੰ ਅੱਜ ਵੀ ਜ਼ੁਬਾਨੀ ਯਾਦ ਹਨ।ਕਿਉਂਕਿ ਇਹ ਗੀਤ ਲੋਕਾਂ ਦੇ ਅਸਲ ਜੀਵਨ ਦੀਆਂ ਬਾਤਾਂ ਪਾਉਂਦੇ ਹਨ, ਜੋ ਆਮ ਘਰਾਂ ਦੀਆਂ ਹੀ ਗੱਲਾਂ ਕਰਦੇ ਹਨ।ਹਰ ਗੀਤ ਸੁਣਕੇ ਹਰ ਇੱਕ ਨੂੰ ਐਵੇਂ ਲੱਗਦਾ ਕਿ ਇਹ ਗੀਤ ਤਾਂ ਮੇਰੇ ਬਾਰੇ ਲਿਖਿਆ ਗਿਆ ਏ,ਇਹ ਗੀਤ ਤਾਂ ਮੇਰੀਆਂ ਹੀ ਗੱਲਾਂ ਕਰਦਾ ਹੈ।ਸ਼ਾਇਦ ਇਹ ਕਾਰਨ ਹੈ ਕਿ ਇਹ ਗੀਤ ਲੋਕ ਗੀਤ ਦਾ ਰੂਪ ਅਖਤਿਆਰ ਕਰ ਚੁੱਕੇ ਹਨ,ਜੋ ਰਹਿੰਦੀ ਦੁਨੀਆਂ ਤੱਕ ਗੂੰਜਦੇ ਰਹਿਣਗੇ।ਇਸਦਾ ਮੁੱਖ ਕਾਰਨ ਸੀ ਬੇਸ਼ੱਕ ਸੁਰੇਸ਼ ਬਾਂਸਲ ਕਰਿਆਨੇ ਦੇ ਵਪਾਰੀ ਵੱਜੋਂ ਆਪਣੇ ਰੁਜਗਾਰ ਨੂੰ ਚਲਾ ਰਿਹਾ ਸੀ,ਉਹ ਪਿੰਡ ਦੇ ਹਵਾਦਾਰ ,ਮਨਮੋਹਕ ਮੌਸਮਾਂ ਨੂੰ ਛੱਡਕੇ ਸ਼ਹਿਰ ਆ ਵੱਸ ਗਿਆ ਸੀ,ਪਰ! ਉਸਦੀ ਰੂਹ ਅਜੇ ਵੀ ਪਿੰਡ ਦਿਆਂ ਖੇਤਾਂ ਵਿੱਚ ਵੱਸਦੀ ਹੈ,ਪਿੰਡ ਦੀਆਂ ਸੱਥਾਂ ਵਿੱਚ ਬੈਠੇ ਬਜ਼ੁਰਗਾਂ ਦੀਆਂ ਕਹਾਣੀਆਂ ਅੱਜ ਵੀ ਉਸਦੇ ਮਨ ਨੂੰ ਹਲੂਣਦੀਆਂ ਨੇ,ਅੱਜ ਵੀ ਉਹ ਛੱਪੜਾਂ ਵਿੱਚ ਨ੍ਹਾਉਂਦੀਆਂ ਮੱਝਾਂ ਦੀਆਂ ਪੂੰਛਾਂ ਫੜਕੇ ਸੁਪਨਿਆਂ ਦੀਆਂ ਤਾਰੀਆਂ ਲਗਾਉਂਦਾ ਹੈ,ਅੱਜ ਵੀ ਬੋਹੜਾਂ ਛਾਵੇਂ ਸਾਉਣ ਮਹੀਨੇ ਲੱਗਦੀਆਂ ਤੀਆਂ ਉਸਦੀ ਸੋਚਾਂ ਦੀ ਪੀਂਘ ਨੂੰ ਹੁਲਾਰੇ ਦਿੰਦੀਆਂ ਨੇ,ਅੱਜ ਵੀ ਇਸ ਅਜ਼ੀਮ ਗੀਤਕਾਰ ਦੀਆਂ ਜੜ੍ਹਾਂ ਪਿੰਡਾਂ ਦੇ ਪੁਰਾਣੇ ਬੋਹੜ ਵਾਂਗੂੰ ਪਿੰਡ ਦੀ ਮਿੱਟੀ ਵਿੱਚ ਡੂੰਘੀਆਂ ਲੱਗੀਆਂ ਹੋਈਆਂ ਨੇ।ਤਾਂ ਹੀ ਸੁਰੇਸ਼ ਬਾਂਸਲ ਵਿੱਚੋਂ ਪਿੰਡ ਦੀ ਮਿੱਟੀ ਦੀ ਮਹਿਕ ਆਉਂਦੀ ਏ,ਸੱਥਾਂ ਵਿੱਚ ਬੈਠੇ ਬਜ਼ੁਰਗਾਂ ਦੇ ਹਾਵ ਭਾਵ ਗੀਤਾਂ ਵਿੱਚ ਨਜ਼ਰ ਆਉਂਦੇ ਨੇ।ਸ਼ਾਇਦ ਇਹੀ ਕਾਰਨ ਹੈ ਕਿ ਲੋਕਾਂ ਨੂੰ ਅੱਜ ਵੀ ਸੁਰੇਸ਼ ਬਾਂਸਲ ਉਨ੍ਹਾਂ ਬਾਰੇ ਹੀ ਲਿਖਦਾ ਦਿਸਦਾ ਹੈ,ਜੋ ਉਨ੍ਹਾਂ ਦੇ ਪਿੰਡਾਂ ਦੀ ਗੱਲ ਅੰਬਰਾਂ ਤੱਕ ਕਰਦਾ ਹੈ।

ਅਜੋਕੀ ਗੀਤਕਾਰੀ ਤੇ ਗੀਤਕਾਰ ਪੰਜਾਬੀ ਵਿਰਾਸਤ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਕਮਾਈ ਦਾ ਹੀ ਰਾਹ ਗੀਤਕਾਰੀ ਨੂੰ ਬਣਾ ਚੁੱਕੇ ਹਨ,ਜਿਸ ਨਾਲ ਗੀਤ ਹਰ ਮਿੰਟ ਵਿੱਚ ਰਿਕਾਰਡ ਹੋ ਰਹੇ ਹਨ,ਪਰ ਇਹ ਗੀਤ ਸਾਨੂੰ ਕੋਈ ਸੇਧ ਨਹੀਂ ਦਿੰਦੇ।ਬੇਸ਼ੱਕ ਉਨ੍ਹਾਂ ਨੇ ਇਨ੍ਹਾਂ ਗੀਤਾਂ ਤੋਂ ਕਮਾਈ ਬਹੁਤ ਕੀਤੀ ਹੈ,ਪਰ! ਉਹ ਆਮ ਲੋਕਾਂ ਨੂੰ ਕਮਾਉਣ ਲਈ ਕੁੱਝ ਨਹੀਂ ਦੇਕੇ ਗਏ। ਪਰ! ਬਾਂਸਲ ਬਾਪਲੇ ਨੇ ਵਪਾਰ ਦੇ ਇਸ ਯੁੱਗ ਵਿੱਚ ਵੀ ਆਪਣੇ ਆਪ ਨੂੰ ਮਾਂ ਬੋਲੀ ਦੇ ਸੇਵਕ ਵੱਜੋਂ ਹੀ ਸਥਾਪਿਤ ਕੀਤਾ ਏ,ਉਹ ਨਿਘਾਰ ਸਾਹਿਤ ਤੇ ਲੱਚਰ ਗੀਤਾਂ ਰਾਹੀਂ ਲੱਖ ਕਰੋੜ ਕਮਾਉਣ ਤੋਂ ਸਦਾ ਹੀ ਆਪਣੇ ਆਪ ਨੂੰ ਵਰਜਦਾ ਰਿਹਾ, ਜਿਸ ਕਰਕੇ ਉਹ ਕਦੇ ਵਪਾਰੀ ਨਹੀਂ ਬਣਿਆ।ਬੇਸ਼ੱਕ ਉਸਦੀ ਕਮਾਈ ਲੂਣ ਤੇਲ ਦੀ ਦੁਕਾਨ ਸੀ,ਪਰ! ਜੋ ਪਿਆਰ ਉਸਨੇ ਗੀਤਾਂ ਰਾਹੀਂ ਲੋਕਾਂ ਤੋਂ ਖੱਟਿਆ ਹੈ,ਉਹ ਕਿਸੇ ਮੁਨਾਫੇ ਤੋਂ ਘੱਟ ਨਹੀਂ।ਬੇਸ਼ੱਕ ਬਾਂਸਲ ਬਾਪਲੇ ਵਾਲਾ ਹੁਣ ਬਹੁਤ ਘੱਟ ਲਿਖ ਰਿਹਾ ਹੈ, ਉਸਦੇ ਲਿਖੇ ਗੀਤ ਅੱਜ ਵੀ ਸਿਖਰ ‘ਤੇ ਹਨ।ਇਨ੍ਹਾਂ ਦੇ ਸਾਰੇ ਗੀਤ ਜੋ ਦੋਗਾਣਾ ਰੂਪ ਵਿੱਚ ਜ਼ਿਆਦਾ ਹਨ ਸਾਰੇ ਹੀ ਪਰਿਵਾਰਕ ਹਨ,ਪੰਜਾਬ ਦੇ ਸਰੋਤਿਆਂ ਨੇ ਇਨ੍ਹਾਂ ਦੇ ਕਿਸੇ ਗੀਤ ਨੂੰ ਨਿੰਦਿਆ ਨਹੀਂ ਨਾ ਹੀ ਗੀਤਕਾਰ ਨੂੰ ਆਪਣੇ ਕਿਸੇ ਘਟੀਆ ਗੀਤ ਲਿਖਣ ਦਾ ਦਰਦ ਹੈ,ਜੋ ਇੱਕ ਚੰਗੇ ਗੀਤਕਾਰ ਦੀ ਖਾਸ ਮਹਾਨਤਾ ਹੈ।ਜਿੰਦਗੀ ਨੂੰ ਇੱਕ ਠਹਿਰਾਵ ਦੀ ਜਰੂਰਤ ਹੁੰਦੀ ਹੈ।

ਸ਼ਾਇਦ ਇਹ ਠਹਿਰਾਵ ਹੀ ਹੈ।ਕਿਉਂਕਿ ਸੁਨਾਮੀ ਆਉਣ ਤੋਂ ਪਹਿਲਾਂ ਸਮੁੰਦਰ ਵੀ ਸ਼ਾਂਤ ਹੋ ਜਾਂਦੇ ਹਨ।ਪਰ! ਕਦੇ ਤੂਫ਼ਾਨ ਲਿਆਉਣਾ ਨਹੀਂ ਭੁੱਲਦੇ। ਉਹ ਅਕਸਰ ਆਖ ਦਿੰਦੇ ਕਿ ਮੈਂ ਲਿਖਣਾ ਬੰਦ ਨਹੀਂ ਕੀਤਾ ਬਸ! ਥੋੜਾ ਰੁਕਿਆ ਹਾਂ, ਕਿਉਂਕਿ ਉਹ ਆਪਣੇ ਲਿਖੇ ਹਰ ਗੀਤ ਤੋਂ ਸੰਤੁਸ਼ਟ ਹਨ,ਤੇ ਅਜਿਹਾ ਹੋਰ ਕੋਈ ਵਿਸ਼ਾ ਨਹੀਂ ਹੋਣਾ ਜੋ ਉਨ੍ਹਾਂ ਨੇ ਨਾ ਲਿਖਿਆ ਹੋਵੇ।ਪਰ! ਅੱਜ ਵੀ ਉਹ ਸਮਝਦੇ ਹਨ ਕਿ ਉਹ ਵਾਪਸੀ ਜਰੂਰ ਕਰਨਗੇ,ਇਕ ਖਾਸ ਮੁਲਾਕਾਤ ਦੌਰਾਨ ਉਨ੍ਹਾਂ ਦਾ ਆਪਣੇ ਸਰੋਤਿਆਂ ਨਾਲ ਕੀਤਾ ਇਕ ਪੱਕਾ ਵਾਅਦਾ ਹੈ।

                                                                               ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ:- 9814880392

 

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleश्री सनातन धर्म सभा रेल कोच फैक्ट्री में शिवरात्रि का त्योहार मनाया गया
Next articleਬੱਸ ਤਰੀਕ ਹੀ ਬਦਲੀ ਹੈ ਬਾਕੀ ਸਭ ਓਹੀ ਜੋ ਪਹਿਲਾਂ ਹੁੰਦਾ ਸੀ ਹੁਣ ਵੀ ਹੋ ਰਿਹਾ ਹੈ ਸਗੋਂ ਵੱਡੇ ਪੱਧਰ ਉਤੇ ਕੀ ਬਦਲਿਆ ਹੈ. ??