ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਦੇ ਨਾਂ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਇੱਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਉੱਘੇ ਅੰਬੇਡਕਰਵਾਦੀ, ਲੇਖਕ ਅਤੇ ਚਿੰਤਕ, ਸੰਪਾਦਕ ਭੀਮ ਪਤ੍ਰਿਕਾ ਸ਼੍ਰੀ ਲਾਹੌਰੀ ਰਾਮ ਬਾਲੀ ਨੇ ‘ਸੰਵਿਧਾਨ: ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਾਸਤੇ ਕਿਸ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ’ ਵਿਸ਼ੇ ਤੇ ਬੋਲਦਿਆਂ ਕਿਹਾ “ਅੱਜ ਦੇਸ਼ ਦਾ ਸੰਵਿਧਾਨ 1950 ਤੋਂ ਲੈਕੇ ਅੱਜ ਤਕ ਦੇ ਸਭ ਤੋਂ ਮਾੜੇ ਦੌਰ ਵਿਚੋਂ ਗੁਜਰ ਰਿਹਾ ਹੈ. ਇਥੋਂ ਤਕ ਕਿ ਸੰਵਿਧਾਨ ਵੱਲੋਂ ਬਣਾਏ ਗਏ ਅਲੱਗ ਅਲੱਗ ਕਮਿਸ਼ਨ ਪੂਰੀ ਤਰ੍ਹਾਂ ਨਿਕਾਰਾ ਕਰ ਦਿੱਤੇ ਗਏ ਹਨ. ਖਾਸ ਕਰਕੇ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ, ਜਿਸ ਦਾ ਮੁਖੀ ਕੱਲ ਤੱਕ ਵਿਜੈ ਸਾਂਪਲਾ ਸੀ ਜੋ ਅੱਜ ਬੀ.ਜੇ.ਪੀ. ਦੇ ਕਹਿਣ ਤੇ ਐੱਮ.ਐੱਲ.ਏ ਦੀ ਚੋਣ ਲੜ ਰਿਹਾ ਹੈ”. ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇਸ਼ ਦੇ ਅਗਾਂਹ ਵਧੂ ਲੋਕਾਂ ਲਈ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ. ਬਾਲੀ ਜੀ ਤੋਂ ਬਾਦ ‘ਸ਼ਹੀਦ ਊਧਮ ਸਿੰਘ ਦਾ ਜੀਵਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦਾ ਯੋਗਦਾਨ’ ਵਿਸ਼ੇ ਤੇ ਬੋਲਦਿਆਂ ਚਰਨ ਦਾਸ ਸੰਧੂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਸਬੰਧਤ ਬਹੁਤ ਸਾਰੇ ਅਨਛੂਹੇ ਪਹਿਲੂਆਂ ਤੇ ਬਾਖੂਬੀ ਚਾਨਣਾ ਪਾਇਆ. ਉਨ੍ਹਾਂ ਭਾਰਤ ਦੇ ਇਤਿਹਾਸਕਾਰਾਂ ਤੇ ਇਤਰਾਜ਼ ਕਰਦਿਆਂ ਕਿਹਾ ਕਿ ਉਨ੍ਹਾਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸੀਮਤ ਕਰਕੇ ਪੇਸ਼ ਕੀਤਾ ਅਤੇ ਕਦੇ ਵੀ ਉਸਦੇ ਪਿਛੋਕੜ ਦੀ ਚਰਚਾ ਨਹੀਂ ਕੀਤੀ ਕਿਓਂਕਿ ਊਧਮ ਸਿੰਘ ਦਾ ਪਿਛੋਕੜ ਹੀ ਉਸਨੂੰ ਦਲਿਤ ਸਮਾਜ ਨਾਲ ਜੋੜਦਾ ਹੈ. ਸੰਧੂ ਜੀ ਨੇ ਕਿਹਾ ਕਿ ਅੱਸੀਂ ਅੰਬੇਡਕਰੀ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਪੂਰੇ ਭਾਰਤ ਦੀ ਸ਼ਹੀਦੀ ਮੰਨਦੇ ਹਾਂ, ਪਰ ਇਹ ਉਸ ਮਹਾਨ ਸ਼ਖਸ਼ੀਅਤ ਨਾਲ ਬੇਇਨਸਾਫ਼ੀ ਹੋਵੇਗੀ ਕਿ ਉਸਦੇ ਪੁਰਖਿਆਂ ਨੂੰ ਲੈਕੇ ਵਿਦਵਾਨਾਂ ਵੱਲੋਂ ਝੂਠ ਬੋਲਿਆ ਜਾਵੇ. ਦੇਸ਼ ਦੀ ਆਜ਼ਾਦੀ ਵਿਚ ਪੰਜਾਬੀਆਂ ਦੇ ਯੋਗਦਾਨ ਬਾਬਤ ਬੋਲਦਿਆਂ ਸੰਧੂ ਜੀ ਨੇ ਕਿਹਾ ਕਿ ਦੇਸ਼ ਦੇ ਕੁਲ ਬਲੀਦਾਨ ਦਾ 90 ਫੀਸਦੀ ਬਲੀਦਾਨ ਪੰਜਾਬੀਆਂ ਦੇ ਹਿੱਸੇ ਆਉਂਦਾ ਹੈ. ਪੰਜਾਬੀਆਂ ਤੋਂ ਬਿਨਾ ਦੇਸ਼ ਦੀ ਆਜ਼ਾਦੀ ਕਦੇ ਕਲਪਨਾ ਵੀ ਨਹੀ ਕੀਤੀ ਜਾ ਸਕਦੀ. ਸ਼ਰੋਤਿਆਂ ਦੇ ਸਵਾਲਾਂ ਦੇ ਜਬਾਬ ਬੁਲਾਰਿਆਂ ਨੇ ਬੜੀ ਵਿਦਵਤਾ ਨਾਲ ਦਿੱਤੇ. ਵਿਚਾਰ ਗੋਸ਼ਟੀ ਤੋਂ ਬਾਦ ਦੋਨਾਂ ਬੁਲਾਰਿਆਂ ਨੂੰ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ. ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ. ਵਿਚਾਰ ਗੋਸ਼ਟੀ ਦੇ ਸਮਾਗਮ ਦੀ ਸ਼ੁਰੂਆਤ ਸ਼੍ਰੀ ਹਰਮੇਸ਼ ਜੱਸਲ ਦੁਆਰਾ ਤ੍ਰਿਸ਼ਰਨ – ਪੰਚਸ਼ੀਲ ਦਾ ਪਾਠ ਗ੍ਰਹਿਣ ਕਰਾਉਣ ਉਪਰੰਤ ਕੀਤੀ ਗਈ. ਸੋਸਾਇਟੀ ਦੇ ਪ੍ਰਧਾਨ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ. ਸੋਸਾਇਟੀ ਦੀ ਮੁਖ ਸਲਾਹਕਾਰ ਮੈਡਮ ਸੁਦੇਸ਼ ਕਲਿਆਣ ਨੇ ਸਭ ਦਾ ਧੰਨਵਾਦ ਕੀਤਾ. ਸਟੇਜ ਦਾ ਸੰਚਾਲਨ ਬਲਦੇਵ ਰਾਜ ਭਾਰਦਵਾਜ ਨੇ ਬਾਖੂਬੀ ਕੀਤਾ. ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਹਰਭਜਨ ਸਾਂਪਲਾ , ਹਰਭਜਨ ਨਿਮਤਾ, ਜਸਵਿੰਦਰ ਵਰਿਆਣਾ, ਕੁਲਦੀਪ ਭੱਟੀ ਐਡਵੋਕੇਟ, ਮੋਹਿੰਦਰ ਸੰਧੂ, ਤਿਲਕ ਰਾਜ, ਰਾਜ ਕੁਮਾਰ ਵਰਿਆਣਾ, ਪਰਮਜੀਤ, ਰਾਮ ਲਾਲ ਦਾਸ, ਰਮੇਸ਼ ਕਾਲਾ, ਚਮਨ ਸਾਂਪਲਾ, ਲਛਮਣ ਕਲਿਆਣ, ਅਜੈ ਯਾਦਵ, ਬਿਸ਼ਨ ਦਾਸ ਸਹੋਤਾ, ਸੰਤ ਰਾਮ ਆਦਿ ਹਾਜ਼ਰ ਸਨ.
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ,
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)