ਭੁਲੱਥ (ਸਮਾਜ ਵੀਕਲੀ): ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਹਲਕਾ ਭੁਲੱਥ ਦੇ ਪਿੰਡਾਂ ਵਿੱਚ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕੀਤੀਆਂ। ਸ੍ਰੀ ਖਹਿਰਾ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚੋਂ ਪੰਜਾਬ ਦੀ ਪ੍ਰਤੀਨਿੱਧਤਾ ਮਨਫ਼ੀ ਕਰਨ ਨੂੰ ਭਾਜਪਾ ਦੀ ਪੰਜਾਬ ਪ੍ਰਤੀ ਨਫ਼ਰਤ ਤੇ ਬੇਵਸਾਹੀ ਦੱਸਿਆ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਪੰਜਾਬ ਵਿਰੋਧੀ ਫ਼ੈਸਲਾ ਸੂਬੇ ਵਿੱਚ ਚੋਣ ਜ਼ਾਬਤੇ ਦੌਰਾਨ ਲਿਆ ਗਿਆ ਹੈ, ਜਿਸ ਨਾਲ ਸੂਬੇ ਦੇ ਹੱਕਾਂ ’ਤੇ ਡਾਕਾ ਮਾਰਨ ਦੇ ਨਾਲ-ਨਾਲ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੇ ਮਨਸ਼ਿਆਂ ਤੇ ਘੱਟ ਗਿਣਤੀਆਂ ਪ੍ਰਤੀ ਸਰਕਾਰ ਦੇ ਰਵੱਈਏ ਦਾ ਪਤਾ ਲੱਗਦਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ’ਤੇ ਕਾਬਜ਼ ਭਾਜਪਾ ਸਰਕਾਰ ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੇ ਉਦੇਸ਼ ਹਿੱਤ ਲੋਕਾਂ ਦੇ ਖਾਣ-ਪੀਣ ਤੇ ਪਹਿਰਾਵੇ ਆਦਿ ’ਤੇ ਪਾਬੰਦੀਆਂ ਲਾ ਕੇ ਦੇਸ਼ ਦੀ ਏਕਤਾ ਵਿੱਚ ਅਨੇਕਤਾ ਦੀ ਭਾਵਨਾ ਨੂੰ ਸੱਟ ਮਾਰ ਰਹੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਬੀਬੀਐੱਮਬੀ ਸਬੰਧੀ ਲਏ ਗਏ ਫੈ਼ਸਲੇ ਨੂੰ ਵਾਪਸ ਲੈਣ ਤੇ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਪੰਜਾਬ ਹਰਿਆਣਾ ਕੇਡਰ ’ਚੋਂ 60-40 ਦੀ ਨਿਯੁਕਤੀ ਦੀ ਮੰਗ ਕੀਤੀ ਹੈ। ਮੰਗਾਂ ਨਾ ਮੰਨੀਆਂ ਜਾਣ ਦੀ ਸੂਰਤ ਵਿੱਚ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਸੂਬਾ ਪੱਧਰ ’ਤੇ ਵਿਰੋਧ ਜਤਾਉਂਦੇ ਹੋਏ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਚਰਨਜੀਤ ਚੰਨੀ ਨੂੰ ਈਡੀ ਦਾ ਡਰ: ਭਗਵੰਤ ਮਾਨ
‘ਆਪ’ ਦੇ ਕਨਵੀਨਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਂਦਰੀ ਹੱਲੇ ਖ਼ਿਲਾਫ਼ ਧਾਰੀ ਚੁੱਪ ਦੀ ਸਮਝ ਪੈਂਦੀ ਹੈ ਕਿਉਂਕਿ ਚੰਨੀ ਨੂੰ ਡਰ ਹੈ ਕਿ ਕੇਂਦਰ ਸਰਕਾਰ ਖ਼ਿਲਾਫ਼ ਬੋਲਣ ਨਾਲ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਸ ਖੁੱਲ੍ਹਣ ਦੇ ਡਰ ਕਰਕੇ ਹੀ ਮੁੱਖ ਮੰਤਰੀ ਸੂਬੇ ਦੇ ਹਿਤਾਂ ਦੇ ਪੱਖ ਵਿੱਚ ਨਹੀਂ ਬੋਲ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਅਮਰਿੰਦਰ ਕੇਂਦਰ ਖ਼ਿਲਾਫ਼ ਨਹੀਂ ਬੋਲੇ ਸਨ। ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਤਾਂ ਸਟੈਂਡ ਵਿਹੂਣੇ ਹਨ, ਜਿਸ ਕਰਕੇ ਉਨ੍ਹਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly