(ਸਮਾਜ ਵੀਕਲੀ)
ਜੋ ਤੁਸੀ ਸੋਚਦੇ ਹੋ
ਮੈਂ ਉਹ ਕਿਰਦਾਰ ਨਹੀ।
ਔਰਤ ਹਾਂ
ਔਰਤ ਹੀ ਰਹਿਣ ਦਿਓ
ਨਾ ਬਣਾਓ
ਅਰਸ਼ਾਂ ਦੀ ਮੂਰਤ
ਫਰਸ਼ਾਂ ਦੀ ਧੂੜ
ਜਾਂ ਕੋਈ ਘਿਰਣਾ ਦੀ ਪਾਤਰ ।
ਮੇਰੀ ਹੋਂਦ ਦਾ ਮਕਸਦ ਸੱਚ ਹੈ
ਤੇ ਏ ਸੱਚ!
ਤੁਹਾਡੇ ਝੂਠ ਉਤੇ ਖਰਾ ਨਹੀ ਉਤਰੇਗਾ
ਬਸ ਲੜੇਗਾ ਤਾਂ ਲੜੇਗਾ
ਸਿਰਫ ਆਪਣੇ ਖਾਤਰ ।
ਸਵਾਲ ਕਰੋ
ਉਤਰ ਭਰਪੂਰ ਹੈ
ਕਿ ਮੈਂ ਉਹ ਨਹੀ,
ਜੋ ਤੁਸੀ ਸੋਚਦੇ ਹੋ
ਔਰਤ ਹਾਂ ਔਰਤ ਹੀ ਰਹਿਣ ਦਿਓ
ਮੈਂ ਅਕਸਰ ਵੇਖਿਆ ਏ
ਦੇਵੀਆਂ ਦੇ ਰੂਪ ਵਿਚ
ਲੁਕਿਆ ਸ਼ੈਤਾਨ
ਤੇ ਹੈਵਾਨ ਬਣ ਬੈਠੀਆਂ ਨਾਰੀਆਂ
ਅੰਦਰ ਮਾਸੂਮ ਦਿਲ।
ਹਾਂ !
ਇਕ ਪ੍ਰਵਿਰਤੀ
ਜਿਸਮ ਦਾ ਛੱਲੀ ਹੋਣਾ ਏ
ਤੇ ਦੂਜੀ ਪ੍ਰਵਿਰਤੀ ਹੈ
ਆਤਮਾ ਦਾ ਚੀਰਹਰਨ।
ਸਮੂਹਿਕ ਤੌਰ ਤੇ
ਇਹ ਹਰ ਰੋਜ ਹੁੰਦੈ
ਕਿਸੇ ਦੀ ਸੋਚ ਵਿੱਚ
ਕਿਸੇ ਦੀਆਂ ਅੱਖਾਂ ਨਾਲ ।
ਇਹ ਚੀਰਹਰਨ
ਸਿਰਫ
ਸਮਾਜ ਦੇ ਮਰਦ ਵਰਗ ਦੁਆਰਾ
ਨਹੀਂ ਹੁੰਦਾ ।
ਔਰਤ ਵੀ ਔਰਤ ਦੇ ਕਿਰਦਾਰ ਨੂੰ
ਘਿਨਾਉਣਾ ਸਿਰਜਦੀ ਹੈ
ਇਸ ਲਈ
ਫੇਰ ਕਹਿਨੀ ਆਂ
ਜੋ ਤੁਸੀ ਸੋਚਦੇ ਹੋ
ਮੈਂ ਉਹ ਕਿਰਦਾਰ ਨਹੀ
ਔਰਤ ਹਾਂ ਔਰਤ ਹੀ ਰਹਿਣ ਦਿਓ ।
ਸਿਮਰਨਜੀਤ ਕੌਰ ਸਿਮਰ
ਪਿੰਡ – ਮਵੀ ਸੱਪਾਂ (ਸਮਾਣਾ)
7814433063
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly