(ਸਮਾਜ ਵੀਕਲੀ)
ਕੁਦਰਤ ਰਾਣੀ ਦੀ ਬਖਸ਼ਿਸ਼ ਨਾਲ,
ਸਾਡੀ ਧਰਤੀ ਮਾਲੋ ਮਾਲ।
ਵਾਤਾਵਰਨ ਸਿਰਜਿਆ ਸੋਹਣਾ,
ਬਣ ਗਈ ਸੀ ਖੁਸ਼ਹਾਲ।
ਆਖ਼ਰ ਠੰਢੀ ਹੋ ਗਈ ਧਰਤੀ,
ਜੀਵਨ ਹੋਂਦ ਵਿੱਚ ਆਇਆ।
ਜੀਵ ਜੰਤੂਆਂ ਰੁੱਖਾਂ ਨੇ ਫਿਰ,
ਇਸ ਤੇ ਡੇਰਾ ਲਾਇਆ।
ਸਾਫ਼ ਸਵੱਛ ਹਵਾ ਸੀ ਇੱਥੇ,
ਪਾਣੀ ਸ਼ੁੱਧ ਦਰੁਸਤ।
ਨਾ ਸੀ ਕੋਈ ਸ਼ੋਰ ਸ਼ਰਾਬਾ,
ਮਿੱਟੀ ਸੀ ਤੰਦਰੁਸਤ।
ਕੰਕਰੀਟ ਦੇ ਜੰਗਲ ਉੱਗ ਪਏ,
ਕੱਟ ਸੁੱਟੇ ਸਭ ਰੁੱਖ।
ਫੈਕਟਰੀਆਂ ਉਦਯੋਗ ਲਗਾ ਕੇ,
ਕਰੇ ਵਿਕਾਸ ਮਨੁੱਖ।
ਹੌਲੀ ਹੌਲੀ ਪੌਣ ਪਾਣੀ ਵਿਚ,
ਲੱਗੇ ਪੈਣ ਵਿਗਾੜ।
ਵਧਦੀ ਵਸੋਂ ਤੇ ਲਾਲਚ ਨੇ ਸੀ,
ਜੰਗਲ ਦਿੱਤੇ ਉਜਾੜ।
ਰੇਹਾਂ ਸਪਰੇਹਾਂ ਅੰਨ ਵੀ ਸਾਰਾ,
ਕਰ ਦਿੱਤਾ ਜ਼ਹਿਰੀਲਾ।
ਧੂੰਆਂਧਾਰ ਪਰੈਸ਼ਰ ਹਾਰਨ,
ਜਿਉਣ ਦਾ ਰਿਹਾ ਨਾ ਹੀਲਾ।
ਵਾਤਾਵਰਨ ਦੇ ਗੰਧਲੇਪਣ ਨੇ,
ਸਾਰੇ ਹੱਦਾਂ ਬੰਨ੍ਹੇ ਟੱਪੇ।
ਧਰਤੀ ਦੀ ਓਜ਼ੋਨ ਪਰਤ ਵਿੱਚ,
ਪੈ ਗਏ ਵੱਡੇ ਖੱਪੇ।
ਅੰਦਰੋਂ ਤਨ ਨੂੰ ਘੁਣ ਜਿਉਂ ਖਾਵੇ,
ਪ੍ਰਦੂਸ਼ਣ ਦੀ ਮਾਰ।
ਹੁਣ ਤਾਂ ਕੁਦਰਤ ਦਾ ਚਿਹਰਾ ਵੀ,
ਲੱਗਿਆ ਦਿਸਣ ਬਿਮਾਰ।
ਬੇਬਸ ਹੋ ਕੇ ਜ਼ਿੰਦਗੀ ਰਹਿ ਗਈ,
ਜਿਉਣਾ ਹੋਇਆ ਮੁਹਾਲ।
ਅਗਲੀ ਪੀੜ੍ਹੀ ਦਾ ਤੂੰ ਬੰਦਿਆ,
ਕੁਝ ਤਾਂ ਰੱਖ ਖਿਆਲ।
ਪੂੰਜੀਵਾਦ ਨਿਗਲਦਾ ਜਾਵੇ,
ਵਡਮੁੱਲੀਆਂ ਸੁਗਾਤਾਂ।
ਸਭ ਦਾ ਹੱਕ ਬਰਾਬਰ ਹੁੰਦਾ,
ਜੋ ਕੁਦਰਤ ਦੀਆਂ ਦਾਤਾਂ।
ਮਾਸਟਰ ਪ੍ਰੇਮ ਸਰੂਪ ਛਾਜਲੀ
ਜ਼ਿਲ੍ਹਾ ਸੰਗਰੂਰ
941713498
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly