(ਸਮਾਜ ਵੀਕਲੀ)- ਬੜਾ ਅਜ਼ੀਬ ਜਿਹਾ ਮਾਹੌਲ ਸੀ ਘਰ ਵਿੱਚ ਰਿਸ਼ਤੇਦਾਰਾਂ ਤੇ ਗੁਆਂਢੀਆਂ ਦਾ ਤਾਂਤਾ ਲੱਗਿਆ ਹੋਇਆ ਸੀ ਕੁਝ ਕੁ ਲੋਕਾਂ ਦੇ ਚਿਹਰੇ ਉਦਾਸ ਤੇ ਫ਼ਿਕਰਮੰਦ ਸਨ ਤੇ ਕੁਝ ਕੁ ਦੇ ਸ਼ਾਂਤ। ਔਰਤਾਂ ਗਲ਼ੀ ਵਿਚ ਘੁਸਰ ਮੁਸਰ ਕਰ ਰਹੀਆਂ ਸਨ, ਪੱਥਰ ਆ ਗਿਆ ਫੇਰ,ਚੱਜ ਦੀ ਚੀਜ਼ ਦੇ ਦਿੰਦਾ ਰੱਬ,ਲੈ ਜੇ ਇੱਕ ਜਵਾਕ ਹੋ ਜਾਂਦਾ। ਗਿਆਨ ਸਿੰਘ ਦੇ ਘਰ ਅੱਜ ਤੀਸਰੀ ਧੀ ਨੇ ਜਨਮ ਲਿਆ ਸੀ ਪਰ ਉਸ ਨੂੰ ਕੋਈ ਸ਼ਿਕਵਾ ਨਹੀਂ ਸੀ ਉਸ ਦੀ ਪਤਨੀ ਦੇ ਮਨ ਵਿਚ ਥੋੜ੍ਹੀ ਜਿਹੀ ਦੁਬਿਧਾ ਚੱਲ ਰਹੀ ਸੀ। ਸਹੁਰਿਆਂ ਤੇ ਸਮਾਜ ਦਾ ਡਰ ਕਦੇ ਕਦੇ ਉਸਦੀ ਮਮਤਾ ਤੇ ਭਾਰੀ ਪੈਣ ਲਗਦਾ। ਜਦੋਂ ਗਿਆਨ ਸਿੰਘ ਨੇ ਉਸ ਨੂੰ ਸਮਝਾਇਆ ਕਿ ਲੋਕਾਂ ਦਾ ਕੀ ਆ, ‘ਦਾਤੀ ਨੂੰ ਇਕ ਪਾਸੇ ਦੰਦੇ ਤੇ ਜਹਾਨ ਨੂੰ ਦੋਵੇਂ ਪਾਸੇ’। ਧੀਆਂ ਅੱਜ ਕਿਸੇ ਵੀ ਪੱਖੋਂ ਪੁੱਤਰਾਂ ਤੋਂ ਘੱਟ ਨਹੀਂ,ਉਸ ਤੋਂ ਬਾਅਦ ਮਾਂ ਦਾ ਡਰ ਜਾਂਦਾ ਰਿਹਾ।
ਮਾਂ ਬਾਪ ਨੇ ਕਦੇ ਵੀ ਲੋਕਾਂ ਦੀ ਪਰਵਾਹ ਨਾ ਕੀਤੀ। ਉਹਨਾਂ ਨੇ ਬੜੇ ਪਿਆਰ ਨਾਲ ਧੀਆਂ ਦੀ ਪਰਵਰਿਸ਼ ਕੀਤੀ। ਹੌਲੀ ਹੌਲੀ ਧੀਆਂ ਵੱਡੀਆਂ ਹੋਈਆਂ ਤੇ ਸਕੂਲ ਪੜ੍ਹਨ ਪਾਈਆਂ ਗਈਆਂ, ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸਨ। ਅਧਿਆਪਕ ਉਨ੍ਹਾਂ ਦੀ ਤਾਰੀਫ਼ ਕਰਦੇ ਨਾ ਥੱਕਦੇ।
ਗਿਆਨ ਸਿੰਘ ਦੀਆਂ ਤਿੰਨੇ ਧੀਆਂ ਪੜ੍ਹਾਈ ਨੇ ਨਾਲ ਨਾਲ ਹਰ ਵਿੱਦਿਅਕ ਅਤੇ ਸੱਭਿਆਚਾਰਕ ਮੁਕਾਬਲੇ ਅਤੇ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਭਾਗ ਲੈਂਦੀਆਂ, ਉਹ ਹਰ ਖੇਤਰ ਵਿੱਚ ਮੋਹਰੀ ਰਹਿੰਦੀਆਂ।ਇਨਾਮ ਵੰਡ ਸਮਾਰੋਹ ਦੇ ਦਿਨ ਉਹਨਾਂ ਦੀਆਂ ਝੋਲੀਆਂ ਇਨਾਮਾਂ ਨਾਲ ਭਰ ਜਾਂਦੀਆਂ।ਉਹ ਜਿੱਥੇ ਸਕੂਲ ਵਿੱਚ ਮੋਹਰੀ ਰਹਿੰਦੀਆਂ,ਉਥੇ ਘਰ ਦੇ ਕੰਮਾਂ ਵਿੱਚ ਵੀ ਦੱਬ ਕੇ ਹੱਥ ਵਟਾਉਂਦੀਆਂ। ਉਹ ਹਰ ਮੁਕਾਬਲੇ ਵਿੱਚੋਂ ਜ਼ਿਲ੍ਹੇ ਅਤੇ ਸਟੇਟ ਵਿਚੋਂ ਪੁਜੀਸ਼ਨਾਂ ਹਾਸਲ ਕਰਦੀਆਂ।
ਅੱਜ ਫੇਰ ਗਿਆਨ ਸਿੰਘ ਦੇ ਘਰ ਅਜ਼ੀਬ ਜਿਹਾ ਮਾਹੌਲ ਸੀ ਘਰ ਵਿੱਚ ਰਿਸ਼ਤੇਦਾਰਾਂ ਤੇ ਗੁਆਂਢੀਆਂ ਦਾ ਤਾਂਤਾ ਲੱਗਿਆ ਹੋਇਆ ਸੀ ਪਰ ਅੱਜ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਤੇ ਹੈਰਾਨੀ ਸੀ, ਗਿਆਨ ਸਿੰਘ ਦੀ ਧੀ ਦੀ ਫੋਟੋ ਅਖ਼ਬਾਰ ਵਿੱਚ ਛਪੀ ਸੀ ਉਸ ਦੀ ਇੰਟਰਵਿਊ ਲੈਣ ਲਈ ਗਲ਼ੀ ਵਿਚ ਪੱਤਰਕਾਰ ਆ ਰਹੇ ਸਨ। ਅੱਜ ਉਸ ਦੀ ਦੂਜੀ ਧੀ ਨੇ ਵੀ ਦਸਵੀਂ ਜਮਾਤ ਮੈਰਿਟ ਵਿੱਚ ਰਹਿ ਕੇ ਪਾਸ ਕੀਤੀ,ਉਸ ਨੇ ਆਪਣੇ ਮਾਤਾ ਪਿਤਾ ਦਾ ਹੀ ਨਹੀਂ ਸਗੋਂ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਸੀ।ਜੋ ਲੋਕ ਇਹਨਾਂ ਧੀਆਂ ਨੂੰ ਪੱਥਰ ਦੱਸਦੇ ਸਨ ਉਹ ਹੀ ਕਹਿ ਰਹੇ ਸਨ ਕਿ ਗਿਆਨ ਸਿੰਘ ਦੀਆਂ ਧੀਆਂ ਨੇ ਸਫਲਤਾ ਦਾ ਨਵਾਂ ਮੀਲ ਪੱਥਰ ਸਥਾਪਿਤ ਕੀਤਾ।
ਹਰਦੀਪ ਕੌਰ ਛਾਜਲੀ ਜ਼ਿਲ੍ਹਾ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly