(ਸਮਾਜ ਵੀਕਲੀ)
ਰੱਬਾ ਮੇਰੇ ਪੰਜਾਬ ਦਾ ਬੇੜਾ,
ਇਸ ਵਾਰ ਤਾਂ ਬੰਨੇ ਲਾ ਦੇਵੀਂ,
ਜੋ ਸਮਝੇ ਦੁੱਖ ਮੇਰੇ ਪੰਜਾਬ ਦਾ,
ਉਹਨੂੰ ਚੋਣਾਂ ਵਿੱਚ ਜਿਤਾ ਦੇਵੀਂ।
ਰੱਬਾ ਮੇਰੇ ਪੰਜਾਬ ਦਾ…..
ਕਦੇ ਨਾਂ ਹੁੰਦਾ ਸੀ ਪੰਜਾਬ ਦਾ,
ਅੱਜ ਡਿੱਕੇ-ਡੋਲੇ਼ ਖਾਂਦਾ ਹੈ।
ਬੇਈਮਾਨੀ,ਚੋਰੀ,ਰਿਸ਼ਵਤਖੋਰੀ ‘ਚ
ਪਹਿਲੇ ਨੰਬਰ ਤੇ ਆਉਂਦਾ ਹੈ।
ਤੂੰ ਕਰ ਕੇ ਕੋਈ ਚਮਤਕਾਰ,
ਇਹਦਾ ਨਾਂ ਮੁੜ ਕੇ ਚਮਕਾ ਦੇਵੀਂ।
ਰੱਬਾ ਮੇਰੇ ਪੰਜਾਬ ਦਾ….
ਜਵਾਨੀ ਸਾਰੀ ਤੁਰ ਗਈ ਬਾਹਰ,
ਕੋਈ ਏਥੇ ਰਹਿ ਕੇ ਖੁਸ਼ ਨਹੀਂ।
ਮਾਪੇ ਕਹਿੰਦੇ ਕਰ ਲੈ ਆਇਲਟਸ,
ਧੀਏ! ਏਥੇ ਤਾਂ ਹੁਣ ਕੁੱਛ ਨਹੀਂ।
ਰੌਣਕਾਂ ਮੁੜ ਆਵਣ ਸਾਵਣ ਦੀਆਂ,
ਠੰਢ ਮਾਪਿਆਂ ਕਾਲਜੇ ਪਾ ਦੇਵੀਂ।
ਰੱਬਾ ਮੇਰੇ ਪੰਜਾਬ ਦਾ…..
ਏਥੇ ਨਸ਼ਿਆਂ ਨੇ ਸੱਭ ਤਬਾਹ ਕੀਤੇ,
ਘਰ-ਘਰ ਵਿੱਚ ਨੇ ਵੈਣ ਪਏ।
ਪਿੱਛੇ ਰਹਿ ਗਏ ਸੁੰਨੇ ਵਿਹੜੇ,
ਰੋ-ਰੋ ਕੇ ਮਾਵਾਂ ਦੇ ਨੈਣ ਗਏ।
ਹਾਏ! ਛੱਡ ਦੇਵੇ ਕੋਈ ਮਤਲਬ ਆਪਣਾ,
ਗੱਦੀ ਇਹੋ ਜਿਹਾ ਕੋਈ ਬਹਾਲ਼ ਦੇਵੀਂ।
ਰੱਬਾ ਮੇਰੇ ਪੰਜਾਬ ਦਾ…..
ਸਭ ਖਾ ਪੀ ਤੁਰ ਗਏ ਬੰਜਰ ਕਰ,
ਕੋਈ ਸਕਾ ਨਹੀਂ ਹੋਇਆ ਪੰਜਾਬ ਦਾ।
ਜੇ ਹੋ ਜਾਏ ਅਣਖ ਜ਼ਿੰਦਾ ਹਜ਼ੇ ਵੀ,
ਕੋਈ ਕੀ ਵਿਗਾੜ ਸਕੇ ਮੇਰੇ ਪੰਜਾਬ ਦਾ।
‘ਮਨਜੀਤ’ ਕਰੇ ਦੁਆ ਹੱਥ ਜੋੜ ਦੋਏ,
ਮੁੜ ਫੁੱਲ ਗੁਲਾਬ ਖਿੜਾ ਦੇਵੀਂ।
ਰੱਬਾ ਮੇਰੇ ਪੰਜਾਬ ਦਾ ਬੇੜਾ,
ਇਸ ਵਾਰ ਤਾਂ ਬੰਨੇ ਲਾ ਦੇਵੀਂ।
ਜੋ ਸਮਝੇ ਦੁੱਖ ਮੇਰੇ ਪੰਜਾਬ ਦਾ,
ਉਹਨੂੰ ਚੋਣਾਂ ਵਿਚ ਜਿਤਾ ਦੇਵੀਂ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ
ਸੰ: ਨੰ: 9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly