ਉੱਤਰ ਪ੍ਰਦੇਸ਼ ਵਿਚ ਭਾਜਪਾ ਖ਼ਿਲਾਫ਼ 440 ਵੋਲਟ ਦਾ ਕਰੰਟ: ਅਖਿਲੇਸ਼

ਹਰਦੋਈ (ਉੱਤਰ ਪ੍ਰਦੇਸ਼) (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਚੋਣ ਪ੍ਰਚਾਰ ਵਾਸਤੇ ਪ੍ਰਧਾਨ ਮੰਤਰੀ ਨੂੰ ਸੱਦਣ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਤਨਜ਼ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੀਐੱਮ ਮਤਲਬ ਪੈਕਰਜ਼ ਐਂਡ ਮੂਵਰਜ਼ ਨੂੰ ਪ੍ਰਚਾਰ ਲਈ ਸੱਦਿਆ ਹੈ। ਇਸ ਦੌਰਾਨ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਲੋਕਾਂ ਵਿਚ ਕਾਬਜ਼ ਧਿਰ ਖ਼ਿਲਾਫ਼ 440 ਵੋਲਟ ਦਾ ਕਰੰਟ ਹੈ। ਅਖਿਲੇਸ਼ ਯਾਦਵ ਨੇ ਹਰਦੋਈ ਵਿਚ ਪੈਂਦੇ ਵਿਧਾਨ ਸਭਾ ਹਲਕਾ ਸੰਡਿਲਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੁੱਖ ਮੰਤਰੀ ਨੇ ਚੋਣਾਂ ਵਿਚ ਪ੍ਰਚਾਰ ਲਈ ਪੀਐੱਮ ਨੂੰ ਸੱਦਿਆ ਹੈ। ਸ਼ਹਿਰੀ ਲੋਕ ਜਾਣਦੇ ਹਨ ਕਿ ਪੀਐੱਮ ਦਾ ਕੀ ਮਤਲਬ ਹੈ..ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਪੈਕਰਜ਼ ਐਂਡ ਮੂਵਰਜ਼ ਤਿਆਰ ਹਨ।’’

ਉਨ੍ਹਾਂ ਕਿਹਾ, ‘‘ਇਸ ਵਾਰ ਭਾਜਪਾ ਅਤੇ ਸੂਬੇ ਦੇ ਲੋਕਾਂ ਵਿਚਾਲੇ ਸਿੱਧੀ ਲੜਾਈ ਹੈ ਅਤੇ ਅਸੀਂ ਲੋਕਾਂ ਦੇ ਨਾਲ ਹਾਂ। ਨਾ ਹੀ ਬਸਪਾ ਤੇ ਨਾ ਹੀ ਕਾਂਗਰਸ ਅਗਲੀ ਸਰਕਾਰ ਬਣਾਉਣ ਜਾ ਰਹੀ ਹੈ। ਆਪਣੀਆਂ ਵੋਟਾਂ ਵਿਅਰਥ ਨਾ ਕਰੋ ਅਤੇ ਇਹ ਯਕੀਨੀ ਬਣਾਓ ਕਿ ਅਗਲੀ ਸਰਕਾਰ ਸਮਾਜਵਾਦੀ ਪਾਰਟੀ ਬਣਾਏ।’’ ਆਦਿੱਤਿਨਾਥ ਨੂੰ ‘ਬੁੱਲਡੋਜ਼ਰ ਬਾਬਾ’ ਕਰਾਰ ਦਿੰਦਿਆਂ ਅਖਿਲੇਸ਼ ਨੇ ਕਿਹਾ ਕਿ ਉਹ ਉਨ੍ਹਾਂ ਨੂੰ ‘ਬਾਬਾ ਮੁੱਖ ਮੰਤਰੀ’ ਕਹਿੰਦੇ ਹਨ ਪਰ ਇਕ ਅਖ਼ਬਾਰ ਨੇ ਉਨ੍ਹਾਂ ਨੂੰ ‘ਬੁੱਲਡੋਜ਼ਰ ਬਾਬਾ’ ਦਾ ਨਾਂ ਦਿੱਤਾ ਹੈ। ਇਸੇ ਦੌਰਾਨ ਅਖਿਲੇਸ਼ ਯਾਦਵ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਚੋਣ ਨਿਸ਼ਾਨ ਸਾਈਕਲ ਨੂੰ 2008 ਦੇ ਅਹਿਮਦਾਬਾਦ ਬੰਬ ਧਮਾਕੇ ਸਬੰਧੀ ਮਾਮਲੇ ਨਾਲ ਜੋੜ ਕੇ ਦੇਸ਼ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਈਕਲ ਆਮ ਲੋਕਾਂ ਦਾ ਹਵਾਈ ਜਹਾਜ਼ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAfghans seek release of frozen assets
Next articleਹਰਿਆਣਾ ਵਿੱਚ ਨਹੀਂ ਹੋਵੇਗੀ 5ਵੀਂ ਤੇ 8ਵੀਂ ਦੀ ਬੋਰਡ ਪ੍ਰੀਖਿਆ: ਖੱਟਰ