(ਸਮਾਜ ਵੀਕਲੀ)
ਮਾਂ ਦੇ ਮੁੱਖ ਚੋਂ ਸਿਰਜੀ ਬੋਲੀ
ਉਹ ਮਾਂ ਬੋਲੀ ਅਖਵਾਵੇ
ਮਾਖਿਓਂ ਮਿੱਠੜੇ ਬੋਲ ਏਸ ਦੇ
ਸਾਂਝ ਪਿਆਰ ਦੀ ਪਾਵੇ
ਸਿਜ਼ਦਾ ਮੈਂ ਕਰਦਾ
ਨਾ ਮਾਂ ਬੋਲੀ ਮੁਰਾਝਾਵੇ
ਮਾਂ ਬੋਲੀ ਨੂੰ ਸਿਰਜ਼ਣ ਵਾਲ਼ੇ
ਲੱਖਾਂ ਇਸਦੇ ਜਾਏ
ਬੁੱਲ੍ਹਾ ਨਾਨਕ ਕਬੀਰ ਸਰਾਭਾ
ਸਭ ਇਸਦੇ ਪ੍ਰਣਾਏ
ਓ ਮੌਤ ਨਾਲ਼ ਨੇ ਗੱਲਾਂ ਕਰਦੇ
ਹਰ ਕੋਈ ਮੂੰਹ ਦੀ ਖਾਵੇ
ਸਿਜ਼ਦਾ ਮੈਂ ਕਰਦਾ
ਨਾ ਮਾਂ ਬੋਲੀ ਮੁਰਝਾਵੇ
ਪੰਜ ਆਬ ਤਾਂ ਵਗਦੇ ਸਾਂਝੇ
ਸਾਂਝ ਪਿਆਰ ਦੀ ਗੂੜ੍ਹੀ
ਸਾਂਝੇ ਨੇ ਸਾਡੇ ਭਗਤ ਸਰਾਭੇ
ਜੋ ਜਾਨ ਵਾਰ ਗਏ ਪੂਰੀ
ਓ ਜਿਨ੍ਹਾਂ ਦੇ ਅੱਜ ਭਰਦੇ ਮੇਲੇ
ਕੋਈ ਸ਼ਰਧਾ ਦੇ ਫੁੱਲ ਚੜ੍ਹਾਵੇ
ਸਿਜ਼ਦਾ ਮੈਂ ਕਰਦਾ
ਨਾ ਮਾਂ ਬੋਲੀ ਮੁਰਝਾਵੇ
ਅਣਖਾਂ ਦੀ ਜਦ ਮਿਲਦੀ ਗੁੜ੍ਹਤੀ
ਵਾਰ ਪੰਜਾਬੀ ਗਾਉਂਦੇ
ਬਣ ਦੁੱਲੇ ਵਰਗੇ ਅਣਖੀ ਯੋਧੇ
ਜਾਲਮ ਨਾਲ ਟੱਕਰ ਲਾਂਉਦੇ
ਓ ਥਰ ਥਰ ਦੇਖਕੇ ਕੰਬਦਾ ਸੀਨਾ
ਅੱਖ ਨਾ ਕੋਈ ਮਿਲਾਵੇ
ਸਿਜਦਾ ਮੈਂ ਕਰਦਾ
ਨਾ ਮਾਂ ਬੋਲੀ ਮੁਰਝਾਵੇ
ਗੁਰੂ ਗੋਬਿੰਦ ਦੇ ਨੇ ਤੀਰਾਂ ਵਰਗੇ
ਕੁੱਲ ਅੱਖਰ ਮਾਂ ਦੇ ਜਾਏ
ਹੱਕ ਹਲਾਲ ਦੀ ਗੱਲ ਨੇ ਕਰਦੇ
‘ਜੀਤ’ ਜੋ ਗੀਤ ਬਣਾਏ
ਓ ਹੱਕ ਦੀ ਖਾਤਿਰ ਲੜਦੇ ਜਿਹੜੇ
‘ਗਿੱਲ’ ਉਨ੍ਹਾਂ ਲਈ ਹੀ ਗਾਵੇ
ਸਿਜਦਾ ਮੈਂ ਕਰਦਾ
ਨਾ ਮਾਂ ਬੋਲੀ ਮੁਰਝਾਵੇ
ਓ ਸਿਜ਼ਦਾ…………।
ਸਰਬਜੀਤ ਸਿੰਘ ਨਮੋਲ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly