(ਸਮਾਜ ਵੀਕਲੀ)-ਪੰਜਾਬ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾ ਭਖ ਚੁੱਕਾ ਹੈ। ਜਿੱਥੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ, ਉੱਥੇ ਹੀ ਆਏ ਦਿਨ ਕੋਈ ਨਾ ਕੋਈ ਲੀਡਰ ਤੇ ਵੱਖ-ਵੱਖ ਵਿਧਾਇਕਾ ਵੱਲੋਂ ਆਪਣੀਆਂ ਪਾਰਟੀਆਂ ਨੂੰ ਛੱਡ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋਣ ਦਾ ਰੁਝਾਨ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿਸ ਕਰਕੇ ਪੰਜਾਬ ਵਿੱਚ ਇਸ ਵਾਰ ਦਲ ਬਦਲੀ ਦੇ ਰੁਝਾਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਨਜ਼ਰ ਆ ਰਹੇ ਹਨ। ਦਲ ਬਦਲੀ ਦਾ ਇਹ ਰੁਝਾਨ ਕੋਈ ਨਵਾਂ ਵਰਤਾਰਾ ਨਹੀਂ ਹੈ, ਹਰ ਤਰ੍ਹਾਂ ਦੀਆਂ ਸਥਾਨਕ, ਵਿਧਾਨ ਸਭਾ ਤੇ ਸੰਸਦੀ ਚੋਣਾਂ ਸਮੇਂ ਧੜੇਬੰਦੀ ਜਾਂ ਦਲ ਬਦਲੀ ਆਮ ਵੇਖਣ ਨੂੰ ਮਿਲਦੀ ਹੈ। ਪਰ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਇਹ ਰੁਝਾਨ ਬਹੁਤ ਤੇਜ਼ੀ ਨਾਲ ਰਾਇਤੇ ਵਾਂਗ ਫੈਲਦਾ ਨਜ਼ਰ ਆ ਰਿਹਾ ਹੈ। ਇਹ ਰੁਝਾਨ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ, ਬਸਪਾ ਤੇ ਭਾਜਪਾ ਆਦਿ ਪਾਰਟੀਆਂ ਵਿਚ ਸਪੱਸ਼ਟ ਅਤੇ ਤਿੱਖੇ ਰੂਪ ‘ਚ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਦਾ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਕੇ ਸ਼੍ਰੋਮਣੀ ਅਕਾਲੀ ਦਲ(ਟਕਸਾਲੀ) ਬਣਾਉਣਾ, ਫਿਰ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾਉਣਾ ਤੇ ਫਿਰ ਢੀਂਡਸਾ ਦੁਆਰਾ ਭਾਜਪਾ ਨਾਲ ਗਠਜੋੜ ਕਰਨ ਉੱਤੇ ਇਤਰਾਜ਼ ਜਤਾਉਂਦਿਆਂ, ਬ੍ਰਹਮਪੁਰਾ ਦੁਆਰਾ ਫਿਰ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਬਿਲਕੁਲ ਸਿਰੇ ਦੀ ਮੌਕਾਪ੍ਰਸਤੀ ਦਰਸਾਉਂਦਾ ਹੈ। ਦੂਸਰੇ ਪਾਸੇ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਨੂੰ ਅਲਵਿਦਾ ਕਰਨਾ ਤੇ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਉਣਾ ਅਤੇ ਫਿਰ ਭਾਜਪਾ ਨਾਲ ਗਠਜੋੜ ਕਰਨਾ, ਸਿਰਫ ਤੇ ਸਿਰਫ਼ ਸੱਤਾ ਦੀ ਕੁਰਸੀ ਦੇ ਲਾਲਚ ਦਾ ਪ੍ਰਗਟਾਵਾ ਕਰ ਰਿਹਾ ਹੈ। ਇਸੇ ਲੜੀ ਤਹਿਤ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਾਂਗਰਸ ਨੂੰ ਛੱਡਣਾ ਤੇ ਪੰਜਾਬ ਏਕਤਾ ਪਾਰਟੀ ਸਥਾਪਿਤ ਕਰਨਾ ਅਤੇ ਮੌਕਾ ਵੇਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਅਤੇ ਫਿਰ ਮੁੜ ਕਾਂਗਰਸ ਪਾਰਟੀ ਵਿਚ ਵਾਪਸੀ ਕਰਨਾ ਆਦਿ ਵਰਗੀਆਂ ਅਨੇਕਾਂ ਹੀ ਉਦਾਹਰਣਾਂ ਹਨ ਜੋ ਸਿਰਫ਼ ਦਲ ਬਦਲੂਆਂ ਦੀ ਮੌਕਾਪ੍ਰਸਤੀ ਨੂੰ ਜ਼ਹਿਰ ਕਰਦੀਆਂ ਹਨ।
ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਦਸੰਬਰ 2021 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਣਾ ਤੇ ਹਫ਼ਤਾ ਭਰ ਭਾਜਪਾ ਵਿਚ ਰਹਿਣ ਮਗਰੋਂ ਟਿਕਟ ਦੀ ਝਾਕ ਵਿੱਚ ਮੁੜ ਕਾਂਗਰਸ ਵਿਚ ਪਰਤ ਆਉਣਾ, ਪਰ ਕਾਂਗਰਸ ਹਾਈ ਕਮਾਂਡ ਵੱਲੋਂ ਟਿਕਟ ਮਨਦੀਪ ਸਿੰਘ ਸਹੋਤਾ ਨੂੰ ਦੇਣ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਬਲਵਿੰਦਰ ਸਿੰਘ ਲਾਡੀ ਦਾ ਮੁੜ ਫੇਰ ਭਾਜਪਾ ਵਿੱਚ ਸ਼ਾਮਲ ਹੋਣ ਦਾ ਇਹ ਸਾਰਾ ਵਰਤਾਰਾ ਮੌਕਾਪ੍ਰਸਤੀ ਦੀ ਰਾਜਨੀਤੀ ਨੂੰ ਜਨਮ ਦਿੰਦਾ ਆ ਰਿਹਾ ਹੈ। ਇਸੇ ਹੀ ਤਰ੍ਹਾਂ ਦੀ ਇਕ ਹੋਰ ਉਦਾਹਰਨ ਈਸ਼ਰ ਸਿੰਘ ਮੇਹਰਬਾਨ ਦੀ ਹੈ ਜਿਨ੍ਹਾਂ ਨੇ 2017 ਵਿੱਚ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਚਲੇ ਗਏ। ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਕਾਰਨ ਪਾਇਲ ਸੀਟ ਬਸਪਾ ਕੋਲ ਚਲੀ ਗਈ ਤੇ ਨਾਰਾਜ਼ ਈਸ਼ਰ ਸਿੰਘ ਮੇਹਰਬਾਨ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਕੁੱਝ ਦਿਨਾਂ ਮਗਰੋਂ ਭਾਜਪਾ ਵੀ ਛੱਡਕੇ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਇਹਨਾ ਦਲ ਬਦਲੂ ਲੀਡਰਾਂ ਦੇ ਇਸ ਵਰਤਾਰੇ ਨੇ 1967 ਵਿੱਚ ਹਰਿਆਣਾ ਦੇ ਗਯਾ ਲਾਲ ਦੇ ਸਮੇਂ ਦੀ ਯਾਦ ਨੂੰ ਮੁੜ ਸੁਰਜੀਤ ਕਰ ਦਿੱਤਾ ਕਿਉੰਕਿ ਇਸ ਵਿਧਾਇਕ ਨੇ 14ਦਿਨ ਵਿਚ ਤਿੰਨ ਪਾਰਟੀਆਂ ਬਦਲੀਆਂ ਜਿਨ੍ਹਾਂ ਵਿੱਚ ਪਹਿਲਾਂ ਕਾਂਗਰਸ ਪਾਰਟੀ ਫਿਰ ਯੂਨਾਈਟਿਡ ਫਰੰਟ ਤੇ ਫਿਰ ਕਾਂਗਰਸ ਵਿਚ ਵਾਪਸ ਪਰਤ ਆਏ ਸੀ। ਇਸ ਦਲ ਬਦਲੀ ਦੇ ਵਰਤਾਰੇ ਕਾਰਨ ਗਯਾ ਲਾਲ ਤੋਂ ਗਯਾ ਰਾਮ ਆਇਆ ਰਾਮ ਦੀ ਕਹਾਵਤ ਦਲ ਬਦਲੀ ਲਈ ਮਸ਼ਹੂਰ ਹੋ ਗਈ।
ਭਾਵੇਂ ਦਲ ਬਦਲੀ ਦੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ 1985 ਵਿੱਚ 52ਵੀਂ ਸੰਵਿਧਾਨਿਕ ਸੋਧ ਕੀਤੀ ।
ਐਂਟੀ-ਡਿਫੈਕਸ਼ਨ ਕਾਨੂੰਨ ਭਾਵ ਦਲ-ਬਦਲ ਕਾਨੂੰਨ 1 ਮਾਰਚ, 1985 ਨੂੰ ਹੋਂਦ ਵਿੱਚ ਆਇਆ, ਤਾਂਕਿ ਆਪਣੀ ਸੁਵਿਧਾ ਅਨੁਸਾਰ ਪਾਰਟੀ ਬਦਲਣ ਵਾਲੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ‘ਤੇ ਲਗਾਮ ਲਗਾਈ ਜਾ ਸਕੇ। ਇਸ ਕਾਨੂੰਨ ਕਰਕੇ ਦਲ ਬਦਲੂ ਮਾਨਸਿਕਤਾ ਵਾਲੇ ਬਹੁਤੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਕੁੱਝ ਸਮਾਂ ਤਾਂ ਅਜਿਹਾ ਕਰਨ ਤੋਂ ਸੰਕੋਚ ਕੀਤਾ ਕਿਉਂਕਿ ਇਸ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਦਲ-ਬਦਲ ਦੇ ਕਾਰਨ ਉਨ੍ਹਾਂ ਦੀ ਮੈਂਬਰਸ਼ਿਪ ਵੀ ਖ਼ਤਮ ਕੀਤੀ ਜਾ ਸਕਦੀ ਹੈ। ਇਸ ਕਾਨੂੰਨ ਦੀਆਂ ਬਹੁਤ ਸਾਰੀਆਂ ਧਾਰਾਵਾਂ ਜਿਵੇਂ ਵਿਧਾਨ ਸਭਾ ਜਾਂ ਸੰਸਦ ਦੇ ਚੁਣੇ ਹੋਏ ਨੁਮਾਇੰਦੇ ਨੇ ਆਪਣੀ ਪਾਰਟੀ ਨੂੰ ਛੱਡ ਦੇਣਾ, ਹੋਰ ਪਾਰਟੀ ਵਿਚ ਸ਼ਾਮਿਲ ਹੋਣਾ, ਆਪਣੀ ਮਰਜ਼ੀ ਨਾਲ ਸਦਨ ਵਿਚ ਵੋਟ ਪਾਉਣਾ ਜਾਂ ਵੋਟਾਂ ਵਿਚ ਹਿੱਸਾ ਨਾ ਲੈਣਾ ਆਦਿ ਨਾਲ ਉਸ ਨੂੰ ਅਯੋਗ ਕਰਾਰ ਕਰਕੇ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਸੀ। ਪਰ ਬਹੁਤ ਸਾਰੇ ਕਾਰਨਾਂ ਕਰਕੇ ਇਹ ਕਾਨੂੰਨ ਆਪਣਾ ਮਹੱਤਵ ਪੂਰੀ ਤਰ੍ਹਾਂ ਗਵਾ ਬੈਠਾ ਹੈ ਕਿਉੰਕਿ ਅੱਜ ਪੰਜਾਬ ਕੀ ਬਲਕਿ ਭਾਰਤ ਦੀਆਂ ਸਾਰੀਆਂ ਪਾਰਟੀਆਂ 52ਵੀਂ ਸੋਧ ਦਾ ਮੂੰਹ ਚਿੜਾਉਂਦਿਆ ਨਜ਼ਰ ਆ ਰਹੀਆਂ ਹਨ। । ਇਸ ਦਾ ਮੁੱਖ ਕਾਰਨ ਸਦਨ ਦੇ ਮੈਂਬਰਾਂ ਦੇ ਵਿਹਾਰ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਸਪੀਕਰ ਕੋਲ ਹੁੰਦਾ ਹੈ। ਸਪੀਕਰ ਪਾਰਟੀ ਦੀ ਸਹੂਲਤ ਨੂੰ ਵੇਖ ਕੇ ਫ਼ੈਸਲੇ ਕਰਨ ਵਿਚ ਦੇਰੀ ਕਰ ਦਿੰਦਾ ਹੈ । ਦੇਖਣ ਵਿਚ ਆਇਆ ਹੈ ਕਿ ਸਪੀਕਰ ਆਪਣੀ ਪਾਰਟੀ ਦੀ ਸਹੂਲਤ ਨੂੰ ਵੇਖ ਕੇ ਫ਼ੈਸਲਾ ਕਰਨ ਵਿਚ ਬਹੁਤ ਦੇਰ ਲਾ ਦਿੰਦਾ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਾਲੇ ਮਸਲੇ ਤੇ ਚੋਣਾਂ ਕਰਕੇ ਦੇਰੀ ਨਾਲ ਫੈਸਲਾ ਦਿੱਤਾ ਜਿਹੜੇ ਵਿਧਾਇਕਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ।
ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੋਂ ਇਲਾਵਾ, ਬਾਕੀ ਪਾਰਟੀਆਂ ਵਿੱਚ ਵੀ ਦਲ ਬਦਲੀ ਦੇ ਰੁਝਾਨ ਦੇਖਣ ਨੂੰ ਮਿਲਦੇ ਹਨ ਜਦੋਂ ਕਿਸੇ ਵੀ ਵਿਧਾਇਕ ਨੂੰ ਟਿਕਟ ਨਹੀਂ ਮਿਲਦੀ ਤਾਂ ਸਿਰਫ਼ ਦੋਸ਼ ਲਗਾਇਆ ਜਾਂਦਾ ਹੈ ਕਿ ਟਿਕਟਾਂ ਦੀ ਵੰਡ ਸਹੀ ਨਹੀਂ ਕੀਤੀ ਜਾਂ ਟਿਕਟਾਂ ਵੇਚੀਆਂ ਗਈਆਂ ਹਨ ਤਾਂ ਉਸ ਵੇਲੇ ਹਰ ਪਾਰਟੀ ਦੇ ਲੀਡਰਾਂ ਦੀਆਂ ਜ਼ਮੀਰਾਂ ਜਾਗ ਜਾਂਦੀਆਂ ਹਨ। ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿਚ ਕੇਵਲ ਤੇ ਕੇਵਲ ਟਿਕਟ ਜਾਂ ਚੰਗੇ ਅਹੁਦੇ ਪ੍ਰਾਪਤ ਕਰਨ ਦੀ ਤਾਂਘ ਵਿਚ ਹੀ ਸ਼ਾਮਲ ਹੁੰਦੇ ਹਨ। ਮਿਸਾਲ ਵਜੋਂ ਆਮ ਆਦਮੀ ਪਾਰਟੀ ਵਿਚੋਂ ਜਗਤਾਰ ਸਿੰਘ ਹਿੱਸੋਵਾਲ, ਰੁਪਿੰਦਰ ਕੌਰ ਰੂਬੀ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਆਦਿ ਦਾ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣਾ ਇਸ ਤਰ੍ਹਾਂ ਦੀ ਸੋੜੀ ਮਾਨਸਿਕਤਾ ਭਰੀ ਰਾਜਨੀਤੀ ਨੂੰ ਦਰਸਾਉਂਦਾ ਹੈ।
ਕਾਂਗਰਸੀ ਵਿਧਾਇਕ ਜਗਮੋਹਨ ਸਿੰਘ ਕੰਗ ਦਾ ਖਰੜ ਦੀ ਟਿਕਟ ਨਾ ਮਿਲਣ ਤੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਾ, ਕੋਹਲੀ ਪਰਿਵਾਰ (ਸੁਰਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਅਜੀਤਪਾਲ ਸਿੰਘ ਕੋਹਲੀ) ਦਾ ਸ਼੍ਰੋਮਣੀ ਅਕਾਲੀ ਦਲ ਛੱਡਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਾ। ਕਾਂਗਰਸ ਤੋਂ ਬਾਗੀ ਵਿਧਾਇਕ ਦਮਨ ਥਿੰਦ ਬਾਜਵਾ ਦਾ ਸੁਨਾਮ ਤੋਂ ਟਿਕਟ ਨਾ ਮਿਲਣ ਤੇ ਭਾਜਪਾ ਵਿਚ ਸ਼ਾਮਿਲ ਹੋਣਾ, ਰਾਣਾ ਗੁਰਮੀਤ ਸਿੰਘ ਸੋਢੀ ਦਾ ਕਾਂਗਰਸ ‘ਚੋ ਭਾਜਪਾ ਵਿੱਚ ਜਾਣਾ।
ਦਲ-ਬਦਲੀ ਰੁਝਾਨ ਦੇ ਮੁੱਖ ਕਾਰਨ ਰਾਜਨੀਤਿਕ ਪਾਰਟੀਆਂ ਦੇ ਮਜ਼ਬੂਤ ਢਾਂਚੇ ਦੀ ਕਮੀ, ਠੋਸ ਵਿਚਾਰਧਾਰਾ ਦੀ ਅਣਹੋਂਦ, ਲਾਲਚੀ ਲੀਡਰ, ਪੈਸੇ ਦਾ ਬੋਲਬਾਲਾ, ਰਾਜਨੀਤਿਕ ਕਦਰਾਂ-ਕੀਮਤਾਂ ਦੀ ਗਿਰਾਵਟ ਆਦਿ ਹਨ। ਇਸ ਤਰ੍ਹਾਂ ਦੇ ਰੁਝਾਨਾਂ ਕਾਰਨ ਆਮ ਲੋਕਾਂ ਦੇ ਸਮਾਜਿਕ-ਆਰਥਿਕ ਮੁੱਦੇ ਇਹਨਾਂ ਸਿਆਸੀ ਲੀਡਰਾਂ ਦੇ ਨਿੱਜੀ ਹਿੱਤਾਂ ਹੇਠ ਦੱਬ ਕੇ ਰਹਿ ਜਾਂਦੇ ਹਨ। ਜਿੱਥੇ ਉਹਨਾਂ ਵੱਲੋਂ ਬਹੁਤ ਵੱਡੇ-ਵੱਡੇ ਐਲਾਨ ਅਤੇ ਵਾਅਦੇ ਕੀਤੇ ਜਾਂਦੇ ਹਨ ਤੇ ਆਮ ਲੋਕ ਉਹਨਾਂ ਦੇ ਮੁਫ਼ਤ ਦੇ ਐਲਾਨਾਂ ਜਿਵੇਂ- ਬਿਜਲੀ ਮੁਫਤ, ਪਾਣੀ ਮੁਫਤ, ਔਰਤਾਂ ਲਈ ਮੁਫ਼ਤ ਬੱਸ ਸਰਵਿਸ, ਔਰਤਾਂ ਨੂੰ ਇੱਕ ਤੋਂ ਦੋ ਹਜ਼ਾਰ ਤਕ ਪ੍ਰਤੀ ਮਹੀਨਾ ਭੱਤਾ, ਅੱਠਵੀਂ ਤੋਂ ਬਾਰਵੀਂ ਤੱਕ ਦੀਆਂ ਕੁੜੀਆਂ ਨੂੰ ਸਕੂਟੀਆਂ ਵਰਗੇ ਖੈਰਾਤੀ ਐਲਾਨ ਕੀਤੇ ਜਾਂਦੇ ਹਨ। ਕਿਸੇ ਕੋਲ ਪੰਜਾਬ ਲਈ ਰੋਡ ਮੈਪ ਜਾਂ ‘ਪੰਜਾਬ ਮਾਡਲ’ ਅਤੇ ਕਿਸੇ ਕੋਲ ਵਿਕਾਸ ਦਾ ‘ਦਿੱਲੀ ਮਾਡਲ’ ਵਰਗੇ ਲੋਕ ਲੁਭਾਉਣੇ ਵਾਅਦੇ ਹਨ ਜਿਹੜੇ ਸਿਰਫ਼ ਪੰਜਾਬ ਦੇ ਕਰਜ਼ੇ ਦਾ ਹੋਰ ਭਾਰ ਵਧਾਉਣ ਤੋਂ ਸਿਵਾਏ ਕੁਝ ਨਹੀਂ ਕਰ ਸਕਦੇ। ਦਲ ਬਦਲੀ ਦਾ ਰੁਝਾਨ ਕੋਈ ਨਵਾਂ ਵਰਤਾਰਾ ਨਹੀਂ ਪਰ ਚੋਣਾਂ ਦੇ ਦਿਨਾਂ ਵਿੱਚ ਇਹ ਰੁਝਾਨ ਸੋੜੀ ਸਿਆਸਤ ਕਰਦੇ ਮੌਜੂਦਾ ਵਿਧਾਇਕ ( ਜਿਹਨਾਂ ਨੂੰ ਆਉਣ ਵਾਲੀਆਂ ਵੋਟਾਂ ਵਿੱਚ ਟਿਕਟ ਨਾ ਮਿਲੀ ਹੋਵੇ) ਅਤੇ ਹੋਰ ਸੁਆਰਥੀ ਰਾਜਨੀਤਕ ਲੋਕਾਂ ਦੇ ਸਿਰ ਚੜ੍ਹਕੇ ਬੋਲਦਾ ਹੈ, ਜਿਸਦੇ ਸਿੱਟੇ ਵੱਜੋਂ ਆਮ ਲੋਕਾਂ ਦੇ ਮੁੱਦੇ ਮੀਡੀਆ ਦੀਆਂ ਸੁਰਖੀਆਂ ‘ਚੋ ਗਾਇਬ ਹੋ ਜਾਂਦੇ ਹਨ। ਦਲ ਬਦਲੂਆਂ ਵਲੋਂ ਦੂਸਰੀ ਪਾਰਟੀ ਵਿਚ ਜਾਂਦੇ ਹੀ ਪਿੱਤਰੀ ਪਾਰਟੀ ਦੀ ਖੋਲ੍ਹੋ ਪੋਲ ਜਾਂ ਚਿੱਕੜ ਉਛਾਲ ਵਾਲੀ ਦੂਸ਼ਣਬਾਜੀ ਮੀਡੀਆ ਦਾ ਕੇਂਦਰ ਬਿੰਦੂ ਬਣ ਨਿਬੜਦੀ ਹੈ। ਜਿਹੜੀ ਵੋਟਰਾਂ ਨੂੰ ਭਰਮਾ ਕੇ ਸਿਰਫ ਪੰਜ ਸਾਲ ਲਈ ਵਿਧਾਨ ਸਭਾ ਹਲਕੇ ਦੀ ਸੀਟ ਨੂੰ ਪੱਕਾ ਕਰਨ ਤਕ ਸੀਮਿਤ ਰਹਿ ਜਾਂਦੀ ਹੈ ਜੋ ਕਿ ਦਲ ਬਦਲਣ ਵਾਲੇ ਲੀਡਰਾਂ ਦੀ ਜਮੀਰ ਜਾਗਣ (ਨਿੱਜੀ ਹਿੱਤ ਪ੍ਰਤੀ) ਦਾ ਪ੍ਰਤੱਖ ਪ੍ਰਮਾਣ ਪੱਤਰ ਹੈ। ਜਦੋਂ ਦਲ ਬਦਲੀ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਣ ਲੱਗੇ ਤਾਂ ਆਮ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵਿਚਾਰਧਾਰਾ, ਸਿਧਾਂਤ ਅਤੇ ਅਸੂਲ ਇਹ ਸਭ ਸਿਆਸਤਦਾਨਾਂ ਲਈ ਕੋਈ ਮਾਇਨੇ ਨਹੀਂ ਰਖਦੇ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਦੇ ਲੋਕ ਇਹਨਾਂ ਦਲ ਬਦਲੂਆਂ ਨੂੰ ਕਿਸੇ ਕਿਸਮ ਦਾ ਸਬਕ ਸਿਖਾਉਣਗੇ ਜਾਂ ਇਹਨਾਂ ਦੇ ਹੀ ਪਿਛਲਗੁ ਬਣ ਕੇ ਪੰਜ ਸਾਲ ਧੱਕੇ ਖਾਣਗੇ ਜਾਂ ਫ਼ਿਰ ਲੋਕ ਲਹਿਰ ਦੇ ਜ਼ਰੀਏ ਹੀ ਆਪਣੇ ਰਾਹ ਤਲਾਸ਼ਣਗੇ।
ਕਰਮਜੀਤ ਕੌਰ
ਖੋਜਾਰਥੀ, ਪੰਜਾਬੀ ਯੂਨੀਵਰਸਿਟੀ ਪਟਿਆਲਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly