ਚੋਣਾਂ ’ਚ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਕੀਤੀ: ਉਗਰਾਹਾਂ

ਬਰਨਾਲਾ (ਸਮਾਜ ਵੀਕਲੀ):  ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਵੋਟਾਂ ਦੀ ਹਮਾਇਤ ਲਈ ਕੀਤੀ ਗਈ ਅਪੀਲ ਨੂੰ ਰੱਦ ਕਰਦਿਆਂ ਕਿਹਾ ਕਿ ਜਥੇਬੰਦੀ ਦੀ ਨੀਤੀ ਚੋਣਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਦੀ ਹਮਾਇਤ ਨਾ ਕਰਨ ਦੀ ਹੈ।

ਜਥੇਬੰਦੀ ਵੱਲੋਂ ਬਾਕਾਇਦਾ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੀ ਏਕਤਾ ਕਾਇਮ ਰੱਖਣ ਅਤੇ ਵੋਟਾਂ ਰਾਹੀਂ ਭਲੇ ਦੀ ਝਾਕ ਨਾ ਰੱਖਣ, ਸਗੋਂ ਸੰਘਰਸ਼ਾਂ ’ਤੇ ਟੇਕ ਰੱਖਣ। ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਵੱਲੋਂ ਵੱਖ-ਵੱਖ ਪਾਰਟੀਆਂ ਦੀ ਹਮਾਇਤ ਕਰਨ ਬਾਰੇ ਫੈਲਾਈਆਂ ਜਾ ਰਹੀਆਂ ਹਰ ਕਿਸਮ ਦੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਉਮੀਦਵਾਰ ਜਾਂ ਪਾਰਟੀ ਜਥੇਬੰਦੀ ਦੀ ਹਮਾਇਤ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਸ ’ਤੇ ਭਰੋਸਾ ਨਾ ਕੀਤਾ ਜਾਵੇ। ਆਗੂਆਂ ਨੇ ਨਵੀਂ ਪਾਰਟੀ ਬਣਾ ਕੇ ਚੋਣਾਂ ਲੜ ਰਹੇ ਗੁਰਨਾਮ ਸਿੰਘ ਚੜੂਨੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ ਰਾਹੀਂ ਉਸ ਨੇ ਸਨਅਤੀ ਮਜ਼ਦੂਰਾਂ ਨਾਲ ਕਿਸਾਨਾਂ ਦੀ ਸਾਂਝ ਨਾ ਹੋਣ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਸਨਅਤੀ ਮਜ਼ਦੂਰਾਂ ਦੀ ਮਾਰਚ ਦੇ ਅਖੀਰ ਵਿੱਚ ਕੀਤੀ ਜਾ ਰਹੀ ਹੜਤਾਲ ਦੀ ਬਕਾਇਦਾ ਹਮਾਇਤ ਦਾ ਐਲਾਨ ਕੀਤਾ ਹੋਇਆ ਹੈ।

ਆਗੂਆਂ ਨੇ ਦੋਸ਼ ਲਾਇਆ ਕਿ ਗੁਰਨਾਮ ਸਿੰਘ ਚੜੂਨੀ ਦਾ ਇਹ ਬਿਆਨ ਦੋਵਾਂ ਤਬਕਿਆਂ ’ਚ ਫੁੱਟ ਪਾਉਣ ਦਾ ਮਨਸੂਬਾ ਹੈ, ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਸ਼ਮੀਰੀ ਨੌਜਵਾਨ ਦੇ ਕਤਲ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫ਼ਤਾਰ
Next articleਕਰਤਾਰਪੁਰ ਲਾਂਘੇ ਨੇ ਕਰਾਇਆ 74 ਸਾਲਾਂ ਤੋਂ ਵਿਛੜੇ ਪਰਿਵਾਰਾਂ ਦਾ ਮੇਲ