ਟਰੱਕ ਡਰਾਈਵਰਾਂ ਦੀ ਹਮਾਇਤ ਨਾਲ ਰਿਪਬਲਿਕਨਾਂ ’ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲੱਗੇ

ਵਾਸ਼ਿੰਗਟਨ (ਸਮਾਜ ਵੀਕਲੀ):  ਕੈਨੇਡਾ ਵਿੱਚ ਟਰੱਕ ਡਰਾਈਵਰਾਂ ਵੱਲੋਂ ਕੱਢੇ ਜਾ ਰਹੇ ‘ਫਰੀਡਮ ਕੋਨਵਾਏ’ ਦੀ ਹਮਾਇਤ ਵਿੱਚ ਨਿੱਤਰਨ ਨਾਲ ਰਿਪਬਲਿਕਨਾਂ ’ਤੇ ਦੋਹਰੇ ਨਸਲੀ ਮਾਪਦੰਡ ਅਪਣਾਉਣ ਦੇ ਦੋਸ਼ ਲੱਗਣ ਲੱਗੇ ਹਨ। ‘ਬਲੈਕ ਲਾਈਵਜ਼ ਮੈਟਰ’ ਮੁਹਿੰਮ ਦੇ ਪ੍ਰਦਰਸ਼ਨਕਾਰੀਆਂ ਨੂੰ ‘ਠੱਗ’ ਤੇ ‘ਵਿਦਰੋਹੀ’ ਦੱਸਣ ਵਾਲੇ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਕੋਵਿਡ-19 ਪਾਬੰਦੀਆਂ ਦਾ ਵਿਰੋਧ ਕਰਦਿਆਂ ਅਮਰੀਕਾ ਨਾਲ ਲੱਗਦੀਆਂ ਸਰਹੱਦਾਂ ’ਤੇ ਰੋਕਾਂ ਲਾਉਣ ਅਤੇ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਸੜਕਾਂ ਜਾਮ ਕਰਨ ਵਾਲੇ ਸਫ਼ੇਦ ਟਰੱਕ ਡਰਾਈਵਰਾਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਬਹੁਤ ਸਤਿਕਾਰ ਹੈ।

ਰਿਪਬਲਿਕਨ ਸੈਨ ਟੈੱਡ ਕਰੂਜ਼ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਟਰੱਕ ਡਰਾਈਵਰ ‘ਨਾਇਕ’ ਹਨ, ਜੋ ਹੱਕਾਂ ਦੀ ਲੜਾਈ ਲੜ ਰਹੇ ਹਨ। ਫੌਕਸ ਨਿਊਜ਼ ਚੈਨਲ ਦੇ ਸੀਨ ਹੈਨਿਟੀ ਨੇ ਓਟਵਾ ਦੀਆਂ ਸੜਕਾਂ ਖਾਲੀ ਕਰਨ ਸਬੰਧੀ ਪੁਲੀਸ ਦੇ ਹੁਕਮਾਂ ਦੀ ਅਵੱਗਿਆ ਕਰਨ ਵਾਲੇ ਡਰਾਈਵਰਾਂ ਨਾਲ ‘ਇਕਮੁੱਠਤਾ, ਪਿਆਰ ਤੇ ਹਮਾਇਤ’ ਦਾ ਇਜ਼ਹਾਰ ਕੀਤਾ ਹੈ। ਅਮਰੀਕਾ ਦੀ ਰਿਪਬਲਿਕਨ ਪਾਰਟੀ, ਜਿਸ ਨੂੰ ਗਰੈਂਡ ਓਲਡ ਪਾਰਟੀ (ਜੀਓਪੀ) ਵੀ ਕਿਹਾ ਜਾਂਦਾ ਹੈ, ਦੇ ਆਗੂਆਂ ਵੱਲੋਂ ਟਰੱਕ ਡਰਾਈਵਰਾਂ ਦੀ ਹਮਾਇਤ ਕੀਤੇ ਜਾਣ ਨਾਲ ਪਾਰਟੀ ਆਗੂਆਂ ’ਤੇ ਪਖੰਡ ਕਰਨ ਤੇ ਵੱਡੇ ਮੁਜ਼ਾਹਰਿਆਂ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲੱਗਣ ਲੱਗੇ ਹਨ। ਕੰਜ਼ਰਵੇਟਿਵਜ਼ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਅਮਰੀਕਾ ਵਿੱਚ ਇਕ ਗੋਰੇ ਪੁਲੀਸ ਅਧਿਕਾਰੀ ਵੱਲੋਂ ਸਿਆਹਫਾਮ ਜੌਰਜ ਫਲੌਇਡ ਦੀ ਕੀਤੀ ਹੱਤਿਆ ਖਿਲਾਫ਼ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਸਪਸ਼ਟ ਤੌਰ ’ਤੇ ਫ਼ਰਕ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ: ਪ੍ਰਦਰਸ਼ਨਕਾਰੀ ਟਰੱਕ ਡਰਾਈਵਰਾਂ ਦੇ ਦੋ ਆਗੂ ਗ੍ਰਿਫ਼ਤਾਰ
Next articleਪੂਰਬੀ ਯੂਕਰੇਨ ਵਿਚ ਗੋਲਾਬਾਰੀ, ਸੇਵਾਵਾਂ ਠੱਪ ਤੇ ਡਰ ਦਾ ਮਾਹੌਲ