ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਸ਼ੀਨਾ ਬੋਰਾ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਇੰਦਰਾਨੀ ਮੁਖਰਜੀ ਦੀ ਜ਼ਮਾਨਤ ਅਰਜ਼ੀ ’ਤੇ ਸੀਬੀਆਈ ਤੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕਾਬਿਲੇਗੌਰ ਹੈ ਕਿ ਬੰਬੇ ਹਾਈ ਕੋਰਟ ਨੇ ਪਿਛਲੇ ਸਾਲ 16 ਨਵੰਬਰ ਨੂੰ ਜਾਰੀ ਹੁਕਮਾਂ ਵਿੱਚ ਮੁਖਰਜੀ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਸੀ ਤੇ ਇਸ ਫੈਸਲੇ ਨੂੰ ਹੁਣ ਸਿਖਰਲੀ ਅਦਾਲਤ ’ਚ ਚੁਣੌਤੀ ਦਿੱਤੀ ਗਈ ਹੈ।
ਜਸਟਿਸ ਐੱਲ.ਨਾਗੇਸ਼ਵਰ ਰਾਓ ਤੇ ਜਸਟਿਸ ਪੀ.ਐੱਸ.ਨਰਸਿਮ੍ਹਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ, ‘‘ਨੋਟਿਸ ਜਾਰੀ ਕੀਤਾ ਜਾਵੇ, ਜਿਸ ਦਾ ਦੋ ਹਫ਼ਤਿਆਂ ’ਚ ਜਵਾਬ ਦੇਣਾ ਹੋਵੇਗਾ।’’ ਮੌਜੂਦਾ ਸਮੇਂ ਮੁੰਬਈ ਦੀ ਬਾਇਕੁਲਾ ਮਹਿਲਾ ਜੇਲ੍ਹ ਵਿੱਚ ਬੰਦ ਮੁਖਰਜੀ ਵੱਲੋਂ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਪੇਸ਼ ਹੋਏ। ਮੁਖਰਜੀ ਅਗਸਤ 2015 ਤੋਂ ਜੇਲ੍ਹ ਵਿੱਚ ਬੰਦ ਹੈ ਤੇ ਉਸ ’ਤੇ ਆਪਣੀ ਧੀ ਸ਼ੀਨਾ ਬੋਰਾ ਨੂੰ ਕਥਿਤ ਕਤਲ ਕਰਨ ਦਾ ਦੋਸ਼ ਹੈ। ਕੇਸ ਦਾ ਟਰਾਇਲ ਵਿਸ਼ੇਸ਼ ਸੀਬੀਆਈ ਕੋਰਟ ਵਿੱਚ ਚੱਲ ਰਿਹਾ ਹੈ, ਜੋ ਇੰਦਰਾਨੀ ਮੁਖਰਜੀ ਨੂੰ ਕਈ ਮੌਕਿਆਂ ’ਤੇ ਜ਼ਮਾਨਤ ਦੇਣ ਤੋਂ ਨਾਂਹ ਕਰ ਚੁੱਕੀ ਹੈ। ਇੰਦਰਾਨੀ ਮੁਖਰਜੀ, ਉਸ ਦੇ ਡਰਾਈਵਰ ਸ਼ਿਆਮਵਰ ਰਾਏ ਤੇ ਸਾਬਕਾ ਪਤੀ ਸੰਜੀਵ ਖੰਨਾ ਨੇ ਅਪਰੈਲ 2012 ਵਿੱਚ ਬੋਰਾ(24) ਦਾ ਕਾਰ ਵਿੱਚ ਕਥਿਤ ਗ਼ਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਮਗਰੋਂ ਉਸ ਦੀ ਲਾਸ਼ ਨੂੰ ਗੁਆਂਢੀ ਰਾਏਗੜ੍ਹ ਜ਼ਿਲ੍ਹੇ ਦੇ ਜੰਗਲਾਂ ਵਿੱਚ ਸਾੜ ਦਿੱਤਾ।
ਸਾਬਕਾ ਮੀਡੀਆ ਕਾਰੋਬਾਰੀ ਪੀਟਰ ਮੁਖਰਜੀ ਨੂੰ ਵੀ ਕਤਲ ਦੀ ਸਾਜ਼ਿਸ਼ ਵਿੱਚ ਕਥਿਤ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਹਾਈ ਕੋਰਟ ਨੇ ਫਰਵਰੀ 2020 ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ। ਪੀਟਰ ਨੇ ਮਗਰੋਂ ਇੰਦਰਾਨੀ ਨੂੰ ਤਲਾਕ ਦੇ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly