ਮੋਦੀ ਦੀ ਸੁਰੱਖਿਆ ਬਹਾਨੇ ਪੰਜਾਬ ਨੂੰ ਬਦਨਾਮ ਕੀਤਾ ਗਿਆ: ਮਨਮੋਹਨ ਸਿੰਘ

 

 

  • ਮੋਦੀ ਸਰਕਾਰ ਨੂੰ ਅਰਥਚਾਰੇ ਤੇ ਵਿਦੇਸ਼ ਨੀਤੀ ਬਾਰੇ ਕੋਈ ਸਮਝ ਨਾ ਹੋਣ ਦਾ ਦਾਅਵਾ
  • ਮਹਿੰਗਾਈ, ਕਿਸਾਨ ਅੰਦੋਲਨ ਤੇ ਬੇਰੁਜ਼ਗਾਰੀ ਲਈ ਸਰਕਾਰ ਨੂੰ ਘੇਰਿਆ

ਚੰਡੀਗੜ੍ਹ (ਸਮਾਜ ਵੀਕਲੀ):  ਸਾਬਕਾ ਪ੍ਰਧਾਨ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਪਿਛਲੇ ਸੱਤ ਸਾਲਾਂ ਤੋਂ ਕੇਂਦਰ ਦੀ ਸੱਤਾ ’ਤੇ ਕਾਬਜ਼ ਹੈ, ਪਰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਲਈ ਅਜੇ ਵੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਸਿਰ ਦੋਸ਼ ਮੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਸਿਰ ਠੀਕਰਾ ਭੰਨਣ ਨਾਲ ਕਿਸੇ ਦੇ ਪਾਪ ਘੱਟ ਨਹੀਂ ਹੁੰਦੇ। ਪਿਛਲੇ ਮਹੀਨੇ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਕਥਿਤ ਚੂਕ ਦੇ ਹਵਾਲੇ ਨਾਲ ਸਿੰਘ ਨੇ ਕਿਹਾ, ‘‘ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਂ ’ਤੇ (ਪੰਜਾਬ ਦੇ) ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬੇ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸਾਨ ਅੰਦੋਲਨ, ਵਿਦੇਸ਼ ਨੀਤੀ, ਮਹਿੰਗਾਈ ਤੇ ਬੇਰੁਜ਼ਗਾਰੀ ਸਣੇ ਹੋਰ ਮੁੱਦਿਆਂ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਭਾਜਪਾ ਦਾ ਰਾਸ਼ਟਰਵਾਦ ‘ਫ਼ਰਜ਼ੀ’ ਤੇ ਬਰਤਾਨਵੀ ਸ਼ਾਸਕਾਂ ਦੀ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ’ਤੇ ਆਧਾਰਿਤ ਹੈ।

ਕਾਂਗਰਸ ਪਾਰਟੀ ਵੱਲੋਂ ਅੱਜ ਚੰਡੀਗੜ੍ਹ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪੰਜਾਬੀ ’ਚ ਦਿੱਤਾ ਵੀਡੀਓ ਸੁਨੇਹਾ ਚਲਾਇਆ ਗਿਆ, ਜਿਸ ਵਿੱਚ ਉਨ੍ਹਾਂ ਉਪਰੋਕਤ ਗੱਲਾਂ ਕਹੀਆਂ। ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਵੀ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ।’’ ਉਨ੍ਹਾਂ ਕਿਹਾ ਕਿ ਕੁੱਲ ਆਲਮ ਪੰਜਾਬੀਆਂ ਦੀ ਬਹਾਦਰੀ, ਦੇਸ਼ਭਗਤੀ ਤੇ ਬਲਿਦਾਨ ਨੂੰ ਸਲਾਮ ਕਰਦਾ ਹੈ, ਪਰ ਐੱਨਡੀਏ ਸਰਕਾਰ ਇਨ੍ਹਾਂ ਵਿਚੋਂ ਕਿਸੇ ਦੀ ਗੱਲ ਨਹੀਂ ਕਰਦੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੂੰ ਵੋਟ ਪਾਉਣ ਕਿਉਂਕਿ ਪੰਜਾਬ ਦਾ ਵਿਕਾਸ, ਇਸ ਦੀ ਖੇਤੀ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ ਨੂੰ ਕਾਂਗਰਸ ਹੀ ਮੁਖਾਤਿਬ ਹੋ ਸਕਦੀ ਹੈ।’ ਪ੍ਰੈੱਸ ਕਾਨਫਰੰਸ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਤਰਜਮਾਨ ਪਵਨ ਖੇੜਾ ਨੇ ਸੰਬੋਧਨ ਕੀਤਾ। ਸਾਬਕਾ ਪ੍ਰਧਾਨ ਮੰਤਰੀ ਮੁਤਾਬਕ ਸਰਕਾਰ ਵਿਦੇਸ਼ ਨੀਤੀ ਦੇ ਫਰੰਟ ’ਤੇ ‘ਪੂਰੀ ਤਰ੍ਹਾਂ ਨਾਕਾਮ’ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨੀ ਫੌਜ ਪਿਛਲੇ ਇਕ ਸਾਲ ਤੋਂ ਭਾਰਤੀ ਸਰਜ਼ਮੀਨ ’ਤੇ ਕਥਿਤ ਕਬਜ਼ਾ ਕਰੀ ਬੈਠੀ ਹੈ, ਪਰ ਮੋਦੀ ਸਰਕਾਰ ਵੱਲੋਂ ਇਸ ਮੁੱਦੇ ’ਤੇ ਪਰਦਾ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ, ‘‘ਗੁਆਂਢੀ ਮੁਲਕਾਂ ਨਾਲ ਸਾਡੇ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਹਨ।’’ ਉਨ੍ਹਾਂ ਕਿਹਾ, ‘‘ਮੈਂ ਆਸ ਕਰਦਾ ਹਾਂ ਕਿ ਹਾਕਮਾਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਆ ਗਈ ਹੋਵੇਗੀ ਕਿ ਆਗੂਆਂ ਨੂੰ ਧੱਕੇ ਨਾਲ ਗਲਵੱਕੜੀ ਵਿੱਚ ਲੈਣ, ਉਨ੍ਹਾਂ ਨਾਲ ਪੀਂਘਾਂ ਝੂਟਣ ਜਾਂ ਬਿਨਾਂ ਸੱਦੇ ਦੇ ਬਿਰਯਾਨੀ ਦੀ ਦਾਅਵਤ ਲਈ ਜਾਣ ਨਾਲ ਹੋਰਨਾਂ ਮੁਲਕਾਂ ਨਾਲ ਰਿਸ਼ਤੇ ਨਹੀਂ ਸੁਧਰਨੇ।’’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਦੇਸ਼ ਦੇ ਸੰਵਿਧਾਨ ’ਤੇ ਯਕੀਨ ਨਹੀਂ ਹੈ ਤੇ ‘‘ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹੈ।’’ ਕਰੋਨਾ ਮਹਾਮਾਰੀ ਦਰਮਿਆਨ ਕੇਂਦਰ ਸਰਕਾਰ ਦੀਆਂ ਤੰਗ ਨਜ਼ਰ ਵਾਲੀਆਂ ਨੀਤੀਆਂ ਕਰ ਕੇ ਲੋਕਾਂ ਨੂੰ ਡਿੱਗਦੇ ਅਰਥਚਾਰੇ, ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੀਆਂ ਮੁਸ਼ਕਲਾਂ ਨਾਲ ਜੂਝਣਾ ਪੈ ਰਿਹੈ। ਉਨ੍ਹਾਂ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ, ‘‘ਮੈਂ ਇਹ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਆਪਣੀ ਇਕ ਗਰਿਮਾ/ਮਰਿਯਾਦਾ ਹੁੰਦੀ ਹੈ ਤੇ ਇਤਿਹਾਸ ਸਿਰ ਠੀਕਰਾ ਭੰਨਣ ਨਾਲ ਕਿਸੇ ਦੇ ਪਾਪ ਘੱਟ ਨਹੀਂ ਹੁੰਦੇ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਅਰਥਚਾਰੇ ਦੀ ਕੋਈ ਸਮਝ ਨਹੀਂ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੰਡੀਆਂ ਪਾਉਣ ਵਾਲਿਆਂ ਨੂੰ ਸੱਤਾ ਵਿੱਚ ਬੈਠਣ ਦਾ ਹੱਕ ਨਹੀਂ: ਮੋਦੀ
Next articleAssembly Elections: Scenario and Consequences