ਰੂਸ ਵੱਲੋਂ ਯੂਕਰੇਨ ’ਤੇ ਹਮਲੇ ਦਾ ਅਮਰੀਕਾ ਢੁੱਕਵਾਂ ਜਵਾਬ ਦੇਣ ਲਈ ਤਿਆਰ: ਬਾਇਡਨ

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਾਸਕੋ ਨੂੰ ਜੰਗ ਤੋਂ ਪਿਛਾਂਹ ਹਟਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਯੂਕਰੇਨ ’ਤੇ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਦਾ ਮੁਲਕ ਢੁੱਕਵਾਂ ਜਵਾਬ ਦੇਣ ਲਈ ਤਿਆਰ ਹੈ। ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਜਾਰੀ ਰਹਿਣ ਦੇ ਵੇਰਵੇ ਦਿੰਦਿਆਂ ਬਾਇਡਨ ਨੇ ਕਿਹਾ ਕਿ ਭਾਵੇਂ ਜੋ ਕੁਝ ਮਰਜ਼ੀ ਹੋਵੇ ਪਰ ਅਮਰੀਕਾ ਹਰ ਹਾਲਤ ਲਈ ਤਿਆਰ ਹੈ। ਉਨ੍ਹਾਂ ਕਿਹਾ,‘‘ਅਸੀਂ ਯੂਰੋਪ ਅਤੇ ਪੂਰੀ ਦੁਨੀਆ ’ਚ ਸਥਿਰਤਾ ਤੇ ਸੁਰੱਖਿਆ ਲਈ ਰੂਸ ਅਤੇ ਆਪਣੇ ਭਾਈਵਾਲਾਂ ਨਾਲ ਕੂਟਨੀਤੀ ਲਈ ਤਿਆਰ ਹਾਂ। ਜੇਕਰ ਯੂਕਰੇਨ ’ਤੇ ਰੂਸੀ ਹਮਲਾ ਹੁੰਦਾ ਹੈ ਤਾਂ ਅਸੀਂ ਢੁੱਕਵਾਂ ਜਵਾਬ ਦੇਣ ਲਈ ਤਿਆਰ ਹਾਂ।’’ ਬਾਇਡਨ ਨੇ ਕਿਹਾ ਕਿ ਹਮਲੇ ਦੀ ਅਜੇ ਵੀ ਪੂਰੀ ਸੰਭਾਵਨਾ ਹੈ। ਇਸੇ ਕਰਕੇ ਉਹ ਵਾਰ ਵਾਰ ਅਮਰੀਕੀਆਂ ਨੂੰ ਯੂਕਰੇਨ ਛੱਡਣ ਲਈ ਆਖ ਰਹੇ ਹਨ।

ਬਾਇਡਨ ਨੇ ਕਿਹਾ ਕਿ ਹਮਲੇ ਦੇ ਖ਼ਦਸ਼ੇ ਕਾਰਨ ਹੀ ਅਮਰੀਕਾ ਦਾ ਸਫ਼ਾਰਤਖਾਨਾ ਕੀਵ ਤੋਂ ਬਦਲ ਕੇ ਪੋਲੈਂਡ ਦੀ ਸਰਹੱਦ ਨੇੜੇ ਲਵੀਵ ’ਚ ਆਰਜ਼ੀ ਤੌਰ ’ਤੇ ਤਬਦੀਲ ਕਰ ਲਿਆ ਗਿਆ ਹੈ। ਉਧਰ ਰੱਖਿਆ ਮੰਤਰੀ ਲੌਇਡ ਆਸਟਿਨ ਯੂਰੋਪ ’ਚ ਸੰਕਟ ਟਾਲਣ ਲਈ ਖ਼ਿੱਤੇ ਦੇ ਦੌਰੇ ਵਾਸਤੇ ਰਵਾਨਾ ਹੋ ਗਏ ਹਨ। ਯੂਕਰੇਨ ਨਾਲ ਲਗਦੀ ਸਰਹੱਦ ’ਤੇ ਡੇਢ ਲੱਖ ਰੂਸੀ ਫ਼ੌਜ ਦੀ ਤਾਇਨਾਤੀ ਦਾ ਦਾਅਵਾ ਕਰਦਿਆਂ ਬਾਇਡਨ ਨੇ ਕਿਹਾ ਕਿ ਅਮਰੀਕਾ ਅਜੇ ਵੀ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਵਾਸਤੇ ਤਿਆਰ ਹੈ। ਉਨ੍ਹਾਂ ਕਿਹਾ,‘‘ਰੂਸੀ ਰੱਖਿਆ ਮੰਤਰੀ ਨੇ ਅੱਜ ਕਿਹਾ ਹੈ ਕਿ ਕੁਝ ਫ਼ੌਜ ਯੂਕਰੇਨ ਸਰਹੱਦ ਨੇੜਿਉਂ ਪਰਤ ਗਈ ਹੈ। ਜੇਕਰ ਇੰਜ ਹੋਇਆ ਤਾਂ ਇਹ ਬਹੁਤ ਵਧੀਆ ਗੱਲ ਹੈ ਪਰ ਅਸੀਂ ਇਸ ਦੀ ਅਜੇ ਤਸਦੀਕ ਨਹੀਂ ਕਰਦੇ ਹਾਂ। ਸਾਨੂੰ ਸੰਕੇਤ ਮਿਲ ਰਹੇ ਹਨ ਕਿ ਅਜੇ ਵੀ ਯੂਕਰੇਨ ਸਰਹੱਦ ’ਤੇ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਜੇਕਰ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਤਾਂ ਇਸ ਨਾਲ ਭਾਰੀ ਤਬਾਹੀ ਹੋਵੇਗੀ ਜਿਸ ਦੀ ਪੂਰੀ ਦੁਨੀਆ ਵੱਲੋਂ ਨਿਖੇਧੀ ਕੀਤੀ ਜਾਵੇਗੀ ਅਤੇ ਉਸ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਨਆਈਏ ਟੀਮ ਨੇ ਜੰਮੂ ਵਿੱਚ ਦਰਜਨ ਟਿਕਾਣਿਆਂ ’ਤੇ ਛਾਪੇ ਮਾਰੇ
Next articleਰੂਸ ਨੇ ਸਰਹੱਦ ਤੋਂ ਹੋਰ ਫ਼ੌਜ ਹਟਾਉਣ ਦਾ ਕੀਤਾ ਦਾਅਵਾ