ਅਬੋਹਰ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਕੋਈ ਐਲਾਨ ਕਰਦੇ ਹਨ ਤਾਂ ਉਹ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਣਗੇ ਪਰ ਜੇ ਉਹ ਜੁਮਲੇਬਾਜ਼ੀ ਕਰਕੇ ਮੁੜਦੇ ਹਨ ਤਾਂ ਇਹ ਮਨਜ਼ੂਰ ਨਹੀਂ ਹੋਵੇਗਾ। ਜਾਖੜ ਇੱਥੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਜਾਖੜ ਨੇ ਕਿਹਾ ਕਿ ਜੇਕਰ ਕੋਈ ਚੋਣ ਜ਼ਾਬਤੇ ਦੌਰਾਨ ਐਲਾਨ ਕਰਦਾ ਹੈ ਤਾਂ ਵਿਰੋਧੀਆਂ ਨੂੰ ਇਤਰਾਜ਼ ਹੁੰਦਾ ਹੈ, ਪਰ ਜੇ ਪ੍ਰਧਾਨ ਮੰਤਰੀ ਦੋ-ਚਾਰ ਹਜ਼ਾਰ ਕਰੋੜ ਦੀ ਯੋਜਨਾ ਦੇ ਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਸਗੋਂ ਅਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਵਾਂਗੇ। ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਉਹ ਸੂਬਾ ਕਾਂਗਰਸ ਦੇ ਪ੍ਰਧਾਨ ਬਣੇ ਸਨ ਤਾਂ ਉਨ੍ਹਾਂ ਹਮੇਸ਼ਾ ਪੰਜਾਬ ਸਰਕਾਰ ਤੋਂ ਅਬੋਹਰ ਲਈ ਮੰਗ ਕੀਤੀ, ਨਤੀਜੇ ਵਜੋਂ ਅਸੀਂ ਅਬੋਹਰ ਵਿੱਚ ਵਿਕਾਸ ਕਾਰਜਾਂ ’ਤੇ ਸਾਢੇ ਸੱਤ ਸੌ ਕਰੋੜ ਰੁਪਏ ਲਿਆਉਣ ’ਚ ਸਫ਼ਲ ਹੋਏ। ਜਾਖੜ ਨੇ ਕਿਹਾ ਕਿ 2002 ਵਿੱਚ ਉਨ੍ਹਾਂ ਪਾਰਟੀ ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ। ਆਮ ਆਦਮੀ ਪਾਰਟੀ ’ਤੇ ਵਿਅੰਗ ਕਸਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਮੌਕਾਪ੍ਰਸਤ ਪਾਰਟੀ ਹੈ। ਪੰਜਾਬ ਵਿੱਚ ਇਸ ਦਾ ਹਰ ਤੀਜਾ ਉਮੀਦਵਾਰ ਕਿਸੇ ਨਾ ਕਿਸੇ ਅਪਰਾਧਕ ਮਾਮਲੇ ਵਿੱਚ ਸ਼ਾਮਲ ਹੈ। ਲੋਕਾਂ ਨੂੰ ਅਜਿਹੇ ਮੌਕਾਪ੍ਰਸਤਾਂ ਤੋਂ ਬਚਣਾ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly