ਔਰਈਆ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਲਖੀਮਪੁਰ ਕੇਸ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਮਨਜ਼ੂਰ ਹੋਣ ਲਈ ਸੂਬਾ ਸਰਕਾਰ ਦੀ ਨਿਖੇਧੀ ਕੀਤੀ ਹੈ। ਅਖਿਲੇਸ਼ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ’ਚ ਆਈ ਤਾਂ ਉਹ ਲਖੀਮਪੁਰ ਕਾਂਡ ਦੇ ਦੋਸ਼ੀਆਂ ਅਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਨੂੰ ਜੇਲ੍ਹ ਭੇਜਣਾ ਯਕੀਨੀ ਬਣਾਉਣਗੇ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਕਿਸਾਨਾਂ ਨੂੰ ਵਾਹਨ ਹੇਠ ਦਰੜਨ ਵਾਲੇ ਮੰਤਰੀ ਦੇ ਪੁੱਤਰ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਸਰਕਾਰ ਨੇ ਇਸ ਕੇਸ ਦੀ ਪੂਰੀ ਗੰਭੀਰਤਾ ਨਾਲ ਪੈਰਵੀ ਨਹੀਂ ਕੀਤੀ। ਸਮਾਜਵਾਦੀ ਪਾਰਟੀ ਤੁਹਾਨੂੰ ਭਰੋਸਾ ਦਿੰਦੀ ਹੈ ਕਿ ਸਾਡੀ ਸਰਕਾਰ ਆਉਣ ’ਤੇ ਕੇਸ ਦੀ ਇਸ ਢੰਗ ਨਾਲ ਪੈਰਵੀ ਕੀਤੀ ਜਾਵੇਗੀ ਕਿ ਕਿਸਾਨਾਂ ਦੀ ਜਾਨ ਲੈਣ ਵਾਲਿਆਂ ਦੇ ਨਾਲ ਨਾਲ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਨੂੰ ਵੀ ਜੇਲ੍ਹ ਭੇਜਾਂਗੇ।’’
ਆਪਣੀ ਸਰਕਾਰ ਦੌਰਾਨ ਅਮਨ ਕਾਨੂੰਨ ਦੀ ਹਾਲਤ ਨੂੰ ਲੈ ਕੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ’ਤੇ ਅਖਿਲੇਸ਼ ਨੇ ਕਿਹਾ ਕਿ ਜਿਹੜੇ ਕਾਨੂੰਨ ਆਪਣੇ ਹੱਥਾਂ ’ਚ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਮਾਜਵਾਦੀ ਪਾਰਟੀ ਦੇ ਹੱਕ ’ਚ ਵੋਟ ਪਾਉਣ ਦੀ ਲੋੜ ਨਹੀਂ ਹੈ। ਯੋਗੀ ਆਦਿੱਤਿਆਨਾਥ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ,‘‘ਬਾਬਾਜੀ ਸਭ ਤੋਂ ਜ਼ਿਆਦਾ ਦੋਸ਼ ਲਗਾ ਰਹੇ ਹਨ ਪਰ ਉਨ੍ਹਾਂ ਦੀ ਸਰਕਾਰ ਦਾ ਕੰਮ ਵੀ ਦੇਖੋ। ਕੀ ਆਈਪੀਐੱਸ ਭਗੌੜਾ ਨਹੀਂ ਹੈ? ਕੀ ਵਸੂਲੀ ਦੇ ਨਾਮ ’ਤੇ ਪੁਲੀਸ ਨੇ ਵਪਾਰੀ ਨੂੰ ਕੁੱਟ-ਕੁੱਟ ਕੇ ਨਹੀਂ ਮਾਰਿਆ? ਦੁਨੀਆ ’ਚ ਲਖੀਮਪੁਰ ਵਰਗੀ ਘਟਨਾ ਨਹੀਂ ਹੋਣੀ ਸੀ ਜਿਥੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ’ਤੇ ਜੀਪ ਚੜ੍ਹਾ ਕੇ ਉਨ੍ਹਾਂ ਦੀ ਜਾਨ ਲਈ ਗਈ।’’
ਲੋਕਾਂ ਤੋਂ ਵੋਟਾਂ ਮੰਗਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਸੱਤਾ ’ਚ ਆਉਣ ’ਤੇ ਖਾਲੀ ਪਏ ਅਹੁਦੇ ਭਰੇ ਜਾਣਗੇ ਅਤੇ ਪੁਲੀਸ ’ਚ ਵੀ ਭਰਤੀਆਂ ਦਾ ਐਲਾਨ ਕੀਤਾ ਜਾਵੇਗਾ। ਸਮਾਜਵਾਦੀ ਪਾਰਟੀ ਸੁਪਰੀਮੋ ਨੇ ਨੌਕਰੀਆਂ ’ਚ ਉਮਰ ਹੱਦ ’ਚ ਛੋਟ ਦੇਣ ਦਾ ਵਾਅਦਾ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਆਪਣੇ ਪਾਲੇ ’ਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਖਿਲੇਸ਼ ਨੇ ਦਾਅਵਾ ਕੀਤਾ ਕਿ ਪਹਿਲੇ ਦੋ ਗੇੜਾਂ ਦੇ ਵੋਟਿੰਗ ਪੈਟਰਨ ਨੇ ਭਾਜਪਾ ਵਰਕਰਾਂ ਨੂੰ ਸੁੰਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਨੂੰ ਵਾਅਦੇ ਪੂਰੇ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਉਹ ਦੋਗਲੀ ਨੀਤੀ ’ਚ ਵਿਸ਼ਵਾਸ ਨਹੀਂ ਰਖਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly