ਬੰਗਲੂਰੂ (ਸਮਾਜ ਵੀਕਲੀ): ਕਰਨਾਟਕ ਕਾਂਗਰਸ ਦੇ ਮੁਸਲਿਮ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਬਸਵਰਾਜ ਬੋਮਈ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿਚਲੇ ਸਕੂਲਾਂ ਤੇ ਕਾਲਜਾਂ ਵੱਲੋਂ ਹਿਜਾਬ ਵਿਵਾਦ ਦੇ ਮੁੱਦੇ ’ਤੇ ਵਿਦਿਆਰਥਣਾਂ ਪ੍ਰਤੀ ਅਪਣਾਏ ਜਾ ਰਹੇ ਵਤੀਰੇ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ। ਮੁੱਖ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ ਵਫ਼ਦ ਨੇ ਨਾਲ ਘੱਟ ਗਿਣਤੀ ਭਾਈਚਾਰੇ ਦੇ ਵਿਕਾਸ ਤੇ ਭਲਾਈ ਲਈ ਵਧੇਰੇ ਫੰਡਾਂ ਦੀ ਵੀ ਮੰਗ ਕੀਤੀ।
ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਲੀਮ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਕੋਲ ਸਕੂਲਾਂ ਤੇ ਕਾਲਜਾਂ ’ਚ ਵਿਦਿਆਰਥਣਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਦਾ ਮੁੱਦਾ ਰੱਖਿਆ। ਉਨ੍ਹਾਂ ਕਿਹਾ, ‘ਅਸੀਂ ਮੁੱਖ ਮੰਤਰੀ ਬੋਮਈ ਨੂੰ ਹਿਜਾਬ ਵਿਵਾਦ ਦੇ ਮਸਲੇ ’ਤੇ ਰਚੀ ਜਾ ਰਹੀ ਸਾਜ਼ਿਸ਼ ਨੂੰ ਠੱਲ੍ਹ ਪਾਉਣ ਲਈ ਕਿਹਾ ਹੈ।’ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਹਿਜਾਬ ਵਿਵਾਦ ਪਿੱਛੇ ਕੁਝ ਅਦਿੱਖ ਤਾਕਤਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਮੁੱਦੇ ’ਤੇ ਅਦਾਲਤੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ, ‘ਅਸੀਂ ਅਦਾਲਤ ਵੱਲੋਂ ਸੰਵਿਧਾਨ ਦੇ ਆਧਾਰ ’ਤੇ ਦਿੱਤੇ ਫ਼ੈਸਲੇ ਦਾ ਸਤਿਕਾਰ ਕਰਦੇ ਹਾਂ ਅਤੇ ਸਾਨੂੰ ਭਰੋਸਾ ਹੈ ਕਿ ਸਾਨੂੰ ਸੰਵਿਧਾਨ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦਾ ਹੋਇਆ ਫ਼ੈਸਲਾ ਮਿਲੇਗਾ।’ ਵਫ਼ਦ ਨੇ ਨਾਲ ਹੀ ਸਕੂਲਾਂ ਤੇ ਕਾਲਜਾਂ ’ਚ ਹਿਜਾਬ ਬਨਾਮ ਭਗਵਾਂ ਸ਼ਾਲ ਦੇ ਵਿਵਾਦ ਨਾਲ ਨਜਿੱਠਣ ’ਚ ਸਰਕਾਰ ਦੇ ਨਾਕਾਮ ਰਹਿਣ ਦਾ ਮੁੱਦਾ ਵੀ ਉਭਾਰਿਆ।
ਇਸੇ ਦੌਰਾਨ ਹਿਜਾਬ ਵਿਵਾਦ ਦਰਮਿਆਨ ਕਰਨਾਟਕ ਦੇ ਪ੍ਰੀ-ਯੂਨੀਵਰਸਿਟੀ ਕਾਲਜ ਖੁੱਲ੍ਹਣ ਤੋਂ ਇੱਕ ਦਿਨ ਪਹਿਲਾਂ ਰਾਜ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਅਥਾਰਿਟੀਆਂ ਨੂੰ ਉਨ੍ਹਾਂ ਧਾਰਮਿਕ ਜਥੇਬੰਦੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਜੋ ਸਮਾਜ ਨੂੰ ਤੋੜਨ ਅਤੇ ਵਿਦਿਆਰਥੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly