ਔਰਈਆ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਤੇ ਬਸਪਾ ਨੇ ਉੱਤਰ ਪ੍ਰਦੇਸ਼ ਦੀ ਆਰਥਿਕਤਾ ਨੂੰ ਬੇਹੱਦ ਕਮਜ਼ੋਰ ਕਰ ਦਿੱਤਾ ਸੀ ਪਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਿਛਲੇ ਪੰਜ ਸਾਲਾਂ ਵਿਚ ਇਸ ਨੂੰ ਪਟੜੀ ’ਤੇ ਲਿਆਂਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ 2022 ਦੀਆਂ ਚੋਣਾਂ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਤੇ ਯੋਗੀ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਹਨ।’
ਸ਼ਾਹ ਨੇ ਕਿਹਾ, ‘ਸਪਾ ਤੇ ਬਸਪਾ ਦੇ ਬਬੂਆ ਤੇ ਬੂਆ ਨੇ ਯੂਪੀ ਜਿਹੇ ਵੱਡੇ ਸੂਬੇ ਦੀ ਅਰਥਵਿਵਸਥਾ ਵਿਗਾੜ ਦਿੱਤੀ ਸੀ। ਮੁਲਕ ਵਿਚ ਯੂਪੀ ਦਾ ਇਸ ਮਾਮਲੇ ’ਚ ਸੱਤਵਾਂ ਸਥਾਨ ਸੀ ਜਿਸ ਨੂੰ ਯੋਗੀਜੀ ਪਿਛਲੇ ਪੰਜ ਸਾਲਾਂ ਵਿਚ ਦੂਜੇ ਨੰਬਰ ਉਤੇ ਲੈ ਆਏ ਹਨ। ਪੰਜ ਸਾਲ ਹੋਰ ਮੌਕਾ ਦਿਓ ਤੇ ਯੂਪੀ ਨੂੰ ਉਹ ਪਹਿਲੇ ਨੰਬਰ ਉਤੇ ਲੈ ਆਉਣਗੇ।’
ਸ਼ਾਹ ਨੇ ਦਾਅਵਾ ਕੀਤਾ ਕਿ ਯੋਗੀ ਸਰਕਾਰ ਅਧੀਨ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਸੁਧਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਨੇ ਮਾਫੀਆ ਨੂੰ ਉੱਤਰ ਪ੍ਰਦੇਸ਼ ਵਿਚੋਂ ਫਰਾਰ ਹੋਣ ਲਈ ਮਜਬੂਰ ਕਰ ਦਿੱਤਾ ਹੈ। ਸ਼ਬਦੀ ਹਮਲਾ ਤਿੱਖਾ ਕਰਦਿਆਂ ਸ਼ਾਹ ਨੇ ਕਿਹਾ ਕਿ, ‘ਅਖਿਲੇਸ਼ ਦੇ ਰਾਜ ਵਿਚ ਯੂਪੀ ਵਿਚ ਸਿਰਫ਼ ਕੱਟਾ ਤੇ ਗੋਲੀਆਂ ਬਣਦੀਆਂ ਸਨ ਪਰ ਹੁਣ ਭਾਜਪਾ ਦੇ ਰਾਜ ਵਿਚ ਗੋਲੇ (ਅਸਲਾ) ਵੀ ਬਣ ਰਹੇ ਹਨ ਜੋ ਕਿ ਪਾਕਿਸਤਾਨ ਵੱਲ ਚਲਾਏ ਜਾਂਦੇ ਹਨ।’ ਮੋਦੀ ਦੀ ਸਿਫ਼ਤ ਕਰਦਿਆਂ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੇਸ਼ ਦੀ ਸੁਰੱਖਿਆ ਯਕੀਨੀ ਬਣਾਈ ਹੈ।
ਮੋਦੀ ਨੇ ਪਾਕਿਸਤਾਨ ਵੱਲੋਂ ਬੋਲੇ ਹੱਲਿਆਂ, ਕੀਤੀ ਗਈ ਘੁਸਪੈਠ ਦਾ ਬਦਲਾ ਲੈ ਕੇ ਦੁਨੀਆ ਨੂੰ ਸਖ਼ਤ ਸੁਨੇਹਾ ਦਿੱਤਾ ਹੈ। ਗ੍ਰਹਿ ਮੰਤਰੀ ਨੇ ਇਸ ਮੌਕੇ ਧਾਰਾ 370 ਹਟਾਉਣ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਸਪਾ-ਬਸਪਾ ਅਤੇ ਕਾਂਗਰਸ ਨੇ ਸੰਸਦ ਵਿਚ ਇਸ ਦਾ ਵਿਰੋਧ ਕੀਤਾ ਸੀ। ਸ਼ਾਹ ਨੇ ਔਰਈਆ ਵਿਚ ਰੈਲੀ ਨੂੰ ਸੰਬੋਧਨ ਕੀਤਾ ਜਿੱਥੇ ਵੋਟਾਂ ਤੀਜੇ ਗੇੜ ’ਚ 20 ਫਰਵਰੀ ਨੂੰ ਪੈਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly