ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਵਿਚ ਪੁਲਵਾਮਾ ’ਚ ਸੀਆਰਪੀਐਫ ਦੇ ਕਾਫ਼ਲੇ ਉਤੇ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਸ਼ਰਧਾਂਜਲੀ ਦਿੱਤੀ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਤੇ ਸਰਵੋਤਮ ਬਲਿਦਾਨ ਨੇ ਹਰ ਭਾਰਤੀ ਨੂੰ ਦੇਸ਼ ਨੂੰ ਮਜ਼ਬੂਤ ਤੇ ਖੁਸ਼ਹਾਲ ਬਣਾਉਣ ਵੱਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ 14 ਫਰਵਰੀ, 2019 ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅਤਿਵਾਦੀ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।
ਇਸ ਦੇ ਜਵਾਬ ਵਿਚ ਭਾਰਤੀ ਹਵਾਈ ਸੈਨਾ ਨੇ 26 ਫਰਵਰੀ, 2019 ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਅਤਿਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲਾ ਕੀਤਾ ਸੀ। ਪੂਰੇ ਦੇਸ਼ ਵਿਚ ਅੱਜ ਵੱਖ-ਵੱਖ ਥਾਈਂ ਸਮਾਗਮ ਕਰ ਕੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, ‘ਮੁਲਕ ਪੁਲਵਾਮਾ ਵਿਚ ਜਵਾਨਾਂ ਵੱਲੋਂ ਕੀਤੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕੇਗਾ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ।’ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਸੀਆਰਪੀਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਸ਼ਹੀਦੀ ਹਮੇਸ਼ਾ ਭਾਰਤ ਨੂੰ ਸਰਹੱਦ ਪਾਰ ਦੇ ਅਤਿਵਾਦ ਨਾਲ ਜੂਝਣ ਲਈ ਪ੍ਰੇਰਿਤ ਕਰਦੀ ਰਹੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly