ਵਾਸ਼ਿੰਗਟਨ (ਸਮਾਜ ਵੀਕਲੀ): ਵ੍ਹਾਈਟ ਹਾਊਸ ਨੇ ਹਿੰਦ-ਪ੍ਰਸ਼ਾਂਤ ਰਣਨੀਤਕ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਭੂ-ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖ਼ਾਸ ਕਰ ਕੇ ਚੀਨ ਅਤੇ ਅਸਲ ਕੰਟਰੋਲ ਰੇਖਾ ’ਤੇ ਉਸ ਦੇ ਵਿਵਹਾਰ ਕਰ ਕੇ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਣਨੀਤਕ ਰਿਪੋਰਟ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੀ ਪਹਿਲੀ ਖੇਤਰੀ ਵਿਸ਼ੇਸ਼ ਰਿਪੋਰਟ ਹੈ। ਰਿਪੋਰਟ ਵਿਚ ਹਿੰਦ-ਪ੍ਰਸ਼ਾਂਤ ’ਚ ਅਮਰੀਕਾ ਦੀ ਸਥਿਤੀ ਨੂੰ ਦ੍ਰਿੜ੍ਹਤਾ ਨਾਲ ਮਜ਼ਬੂਤ ਕਰਨ, ਖੇਤਰ ਨੂੰ ਮਜ਼ਬੂਤ ਕਰਨ ਅਤੇ ਇਸ ਪ੍ਰਕਿਰਿਆ ਵਿਚ ਭਾਰਤ ਦੇ ਉਦੈ ਤੇ ਖੇਤਰੀ ਲੀਡਰਸ਼ਿਪ ਦਾ ਸਮਰਥਨ ਕਰਨ ਲਈ ਰਾਸ਼ਟਰਪਤੀ ਦੇ ਨਜ਼ਰੀਏ ਨੂੰ ਦਰਸਾਇਆ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ, ‘‘ਅਸੀਂ ਇਕ ਰਣਨੀਤਕ ਸਾਂਝੇਦਾਰੀ ਦਾ ਨਿਰਮਾਣ ਕਰਨਾ ਜਾਰੀ ਰੱਖਾਂਗੇ, ਜਿਸ ਵਿਚ ਅਮਰੀਕਾ ਅਤੇ ਭਾਰਤ ਦੱਖਣੀ ਏਸ਼ੀਆ ਵਿਚ ਸਥਿਰਤਾ ਨੂੰ ਬੜ੍ਹਾਵਾ ਦੇਣ ਲਈ ਇੱਕ-ਦੂਜੇ ਨਾਲ ਅਤੇ ਖੇਤਰੀ ਸਮੂਹਾਂ ਰਾਹੀਂ ਸਿਹਤ, ਪੁਲਾੜ ਅਤੇ ਸਾਈਬਰ ਸਪੇਸ ਵਰਗੇ ਨਵੇਂ ਖੇਤਰਾਂ ਵਿਚ ਸਹਿਯੋਗ ਕਰਦੇ ਹਨ। ਅਸੀਂ ਆਰਥਿਕ ਅਤੇ ਤਕਨਾਲੋਜੀ ਸਹਿਯੋਗ ਨੂੰ ਮਜ਼ਬੂਤ ਕਰਦੇ ਹਾਂ ਅਤੇ ਇਕ ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਵਿਚ ਯੋਗਦਾਨ ਪਾਉਂਦੇ ਹਾਂ।’’
ਵ੍ਹਾਈਟ ਹਾਊਸ ਨੇ ਬਿਆਨ ਵਿਚ ਕਿਹਾ, ‘‘ਅਸੀਂ ਮੰਨਦੇ ਹਾਂ ਕਿ ਭਾਰਤ ਦੱਖਣੀ ਏਸ਼ੀਆ ਅਤੇ ਹਿੰਦ ਮਹਾਸਾਗਰ ਵਿਚ ਸਮਾਨ ਵਿਚਾਰਧਾਰਾ ਵਾਲਾ ਹਿੱਸੇਦਾਰ ਅਤੇ ਆਗੂ ਹੈ ਜੋ ਦੱਖਣ ਪੂਰਬੀ ਏਸ਼ੀਆ ਵਿਚ ਸਰਗਰਮੀ ਨਾਲ ਜੁੜਿਆ ਹੋਇਆ ਹੈ। ਨਾਲ ਹੀ ਭਾਰਤ ਕੁਆਡ ਅਤੇ ਹੋਰ ਖੇਤਰੀ ਮੰਚਾਂ ਦੀ ਪ੍ਰੇਰਕ ਸ਼ਕਤੀ ਅਤੇ ਖੇਤਰੀ ਵਿਕਾਸ ਲਈ ਇਕ ਇੰਜਣ ਹੈ।’’ ਹਾਲਾਂਕਿ, ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਅਹਿਮ ਚੁਣੌਤੀਆਂ ਨਾਲ ਜੂਝ ਰਿਹਾ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ, ‘‘ਭਾਰਤ ਨੂੰ ਬਹੁਤ ਅਹਿਮ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਕੰਟਰੋਲ ਰੇਖਾ ’ਤੇ ਚੀਨ ਦੇ ਵਿਵਹਾਰ ਦਾ ਭਾਰਤ ’ਤੇ ਜ਼ਬਰਦਸਤ ਪ੍ਰਭਾਵ ਪਿਆ ਹੈ। ਸਾਡੇ ਨਜ਼ਰੀਏ ਨਾਲ ਅਸੀਂ ਹੋਰ ਲੋਕਤੰਤਰ ਦੇ ਨਾਲ ਕੰਮ ਕਰਨ ਦੇ ਜ਼ਬਰਦਸਤ ਮੌਕੇ ਦੇਖਦੇ ਹਾਂ-ਇਕ ਅਜਿਹੇ ਦੇਸ਼ ਨਾਲ ਜਿਸ ਦੀ ਸਮੁੰਦਰੀ ਰਵਾਇਤ ਹੈ, ਜੋ ਦੁਨੀਆ ਦੇ ਸਾਂਝੇ ਮੁੱਦਿਆਂ ਅਤੇ ਖੇਤਰ ਵਿਚ ਅਹਿਮ ਮੁੱਦਿਆਂ ਨੂੰ ਅੱਗੇ ਵਧਾਉਣ ਦੀ ਅਹਿਮੀਅਤ ਨੂੰ ਸਮਝਦਾ ਹੈ।’’ ਅਧਿਕਾਰੀ ਨੇ ਕਿਹਾ, ‘‘ਭਾਰਤ ਨਾਲ ਰਾਬਤੇ ਨੂੰ ਮਜ਼ਬੂਤ ਕਰਨ ਦੀ ਅਹਿਮੀਅਤ ਅਤੇ ਚੁਣੌਤੀਆਂ ਦੀ ਜ਼ਬਰਦਸਤ ਸ਼ਲਾਘਾ ਹੋਈ ਹੈ ਅਤੇ ਇਹ ਮਾਨਤਾ ਹੈ ਕਿ ਭਾਰਤ ਇਕ ਅਹਿਮ ਰਣਨੀਤਕ ਸਾਂਝੇਦਾਰ ਹੈ ਅਤੇ ਪਿਛਲੇ ਪ੍ਰਸ਼ਾਸਨ ਦੇ ਬਿਹਤਰ ਕੰਮ ਨੂੰ ਜਾਰੀ ਰੱਖਣ ਦੀ ਇੱਛਾ ਹੈ ਕਿ ਤਾਂ ਜੋ ਉਸ ਰਿਸ਼ਤੇ ਨੂੰ ਵਿਆਪਕ ਅਤੇ ਡੂੰਘਾ ਕੀਤਾ ਜਾ ਸਕੇ। ਇਹ ਰਣਨੀਤਕ ਰਿਪੋਰਟ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਆਸਟਰੇਲੀਆ ਵਿਚ ਕੁਆਡ ਦੀ ਮੰਤਰੀ ਪੱਧਰ ਦੀ ਗੱਲਬਾਤ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly