(ਸਮਾਜ ਵੀਕਲੀ)-ਡਰ ਅਸਲ ਵਿੱਚ ਮਨ ਦੀ ਇੱਕ ਅਵਸਥਾ ਹੈ।ਡਰ ਕਿਸੇ ਵਸਤੂ ਵਿੱਚ ਨਹੀਂ ਹੁੰਦਾ ਆਪਣੇ ਮਨ ਵਿੱਚ ਹੁੰਦਾ ਹੈ।ਅਸੀਂ ਆਪਣੀ ਮਾਨਸਿਕ ਅਵਸਥਾ ਦੇ ਅਨੁਸਾਰ ਹੀ ਚੀਜ਼ਾਂ ਨੂੰ ਦੇਖਦੇ ਹਾਂ।ਜੇਕਰ ਅਸੀਂ ਦਲੇਰ ਹਾਂ ਜਦੋਂ ਸਾਨੂੰ ਕਿਸੇ ਵੀ ਚੀਜ਼ ਤੋਂ ਡਰ ਨਹੀਂ ਲੱਗਦਾ।ਜੇਕਰ ਡਰਪੋਕ ਹਾਂ ਤਾਂ ਹਰ ਚੀਜ਼ ਤੋਂ ਡਰ ਲੱਗਦਾ ਹੈ ਇੱਥੋਂ ਤਕ ਕਿ ਖ਼ਰਗੋਸ਼ ਤੋਂ ਵੀ।
ਖ਼ਰਗੋਸ਼ ਇੱਥੇ ਇਕ ਪ੍ਰਤੀਕ ਦੀ ਤਰ੍ਹਾਂ ਲਿਆ ਗਿਆ ਹੈ।ਅਸੀਂ ਸਭ ਜਾਣਦੇ ਹਾਂ ਕਿ ਖ਼ਰਗੋਸ਼ ਸਾਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ।ਉਸ ਤੋਂ ਡਰਨ ਤੋਂ ਭਾਵ ਇਹ ਹੈ ਇਹ ਅਜਿਹੀਆਂ ਗੱਲਾਂ ਦਾ ਡਰ ਮਨ ਵਿੱਚ ਹੋਣਾ ਜੋ ਅਸਲ ਵਿੱਚ ਨੁਕਸਾਨਦੇਹ ਹੁੰਦੀਆਂ ਹੀ ਨਹੀਂ।ਡਰ ਬਾਹਰ ਕਿਤੇ ਨਹੀਂ ਹੁੰਦਾ ਆਪਣੇ ਮਨ ਵਿੱਚ ਹੁੰਦਾ ਹੈ।
ਪੇਮੀ ਦੇ ਨਿਆਣੇ ਕਹਾਣੀ ਵਿਚ ਡਰ ਬੱਚੇ ਦੇ ਮਨ ਵਿੱਚ ਹੈ।ਪਰ ਜਦੋਂ ਉਹ ਆਪਣੇ ਮਨ ਵਿੱਚ ਇਹ ਫ਼ੈਸਲਾ ਕਰ ਦਿੰਦਾ ਹੈ ਕਿ ਉਹ ਹਿੰਮਤ ਨਾਲ ਕਹੇਂਗਾ ਅਸੀਂ ਪੇਮੀ ਦੇ ਨਿਆਣੇ ਹਾਂ ਤਾਂ ਉਸ ਨੂੰ ਰਾਸ਼ੇ ਤੋਂ ਡਰ ਨਹੀਂ ਲੱਗਦਾ।ਇੱਥੇ ਉਸ ਦੀ ਮਾਨਸਿਕ ਅਵਸਥਾ ਬਦਲੀ ਹੈ।ਉਸ ਨੇ ਆਪਣੇ ਮਨ ਨੂੰ ਕਾਇਮ ਕੀਤਾ ਹੈ ਹਾਲਾਤ ਦਾ ਸਾਹਮਣਾ ਕਰਨ ਲਈ।
ਅਸੀਂ ਹਰ ਹਾਲਾਤ ਨੂੰ ਆਪਣੀ ਮਨ ਦੀ ਅਵਸਥਾ ਦੇ ਮੁਤਾਬਕ ਸਮਝਦੇ ਹਾਂ।ਜੇਕਰ ਮਨ ਵਿੱਚ ਡਰ ਹੈ ਤਾਂ ਪਰਛਾਵੇਂ ਤੋਂ ਵੀ ਡਰ ਲੱਗਦਾ ਹੈ।ਰੱਸੀ ਵੀ ਸੱਪ ਲੱਗਦੀ ਹੈ।ਪਰ ਜੇਕਰ ਮਨ ਦੀ ਅਵਸਥਾ ਦਲੇਰੀ ਵਾਲੀ ਹੈ ਤੂੰ ਸੱਪ ਨੂੰ ਵੀ ਰੱਸੀ ਸਮਝਦੇ ਹਾਂ।ਬਾਹਰੀ ਚੀਜ਼ਾਂ ਵਿਚ ਕੋਈ ਡਰ ਨਹੀਂ ਹੈ ਡਰ ਮਨ ਵਿੱਚ ਮੌਜੂਦ ਹੈ।
ਸਾਡੇ ਸਮਾਜ ਵਿੱਚ ਸਭ ਤੋਂ ਵੱਡਾ ਡਰ ਲੋਕ ਕੀ ਕਹਿਣਗੇ ਹੈ।ਅਸੀਂ ਆਪਣੀ ਜ਼ਿੰਦਗੀ ਦੇ ਸਾਰੇ ਕਾਰ ਵਿਹਾਰ ਇਹੀ ਸੋਚਦੇ ਹੋਏ ਕਰਦੇ ਹਾਂ ਕਿ ਲੋਕ ਕੀ ਕਹਿਣਗੇ।ਇਕ ਦਲੇਰ ਵਿਅਕਤੀ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਕਿ ਲੋਕ ਕੀ ਕਹਿਣਗੇ।ਉਹ ਆਪਣੀ ਮੰਜ਼ਿਲ ਮਿੱਥ ਨਿਰੰਤਰ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।ਲੋਕਾਂ ਦੀ ਪ੍ਰਵਾਹ ਨਾ ਕਰਦਿਆਂ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ।ਇੱਕ ਡਰਾਓ ਪ੍ਰਵਿਰਤੀ ਦਾ ਬੰਦਾ ਸਾਰੀ ਜ਼ਿੰਦਗੀ ਇਹੀ ਸੋਚਦਾ ਰਹਿੰਦਾ ਹੈ ਕਿ ਲੋਕ ਕੀ ਕਹਿਣਗੇ।
ਡਰ ਨਾਲ ਸਹੀ ਕੰਮ ਵੀ ਗ਼ਲਤ ਹੋ ਜਾਂਦਾ ਹੈ।ਅਸੀਂ ਸਹੀ ਕੰਮ ਨੂੰ ਵੀ ਡਰ ਡਰ ਕੇ ਲੁਕਾ ਛੁਪਾ ਕੇ ਕਰਦੇ ਹਾਂ।ਆਪਣੀ ਮਾਨਸਿਕ ਅਵਸਥਾ ਨੂੰ ਮਜ਼ਬੂਤ ਬਣਾਓ।ਇਸ ਗੱਲ ਨੂੰ ਸਮਝ ਲਓ ਕਿ ਡਰ ਤੁਹਾਡੇ ਮਨ ਵਿਚ ਮੌਜੂਦ ਹੈ।ਬਾਹਰੀ ਕਿਸੇ ਵਿਅਕਤੀ ਜਾਂ ਵਸਤੂ ਵਿੱਚ ਕੋਈ ਡਰ ਨਹੀਂ ਹੁੰਦਾ
ਇਕ ਹੋਰ ਬਹੁਤ ਜ਼ਰੂਰੀ ਗੱਲ ਹਮੇਸ਼ਾਂ ਯਾਦ ਰੱਖੋ। ਦੁਨੀਆਂ ਡਰਦਿਆਂ ਨੂੰ ਡਰਾਉਂਦੀ ਹੈ ਤੇ ਡਰਾਉਣ ਵਾਲਿਆਂ ਤੋਂ ਡਰਦੀ ਹੈ।
ਡਰ ਨੂੰ ਆਪਣੇ ਨੇੜੇ ਵੀ ਨਾ ਆਉਣ ਦਿਓ ਜੇ ਵਧੀਆ ਜ਼ਿੰਦਗੀ ਬਿਤਾਉਣਾ ਚਾਹੁੰਦੇ ਹੋ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly