ਪੁਣੇ (ਸਮਾਜ ਵੀਕਲੀ): ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਉਹ 14 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਉਤੇ ਬੈਠਣਗੇ ਤੇ ਮਹਾਰਾਸ਼ਟਰ ਸਰਕਾਰ ਦੀ ਉਸ ਨੀਤੀ ਦਾ ਵਿਰੋਧ ਕਰਨਗੇ ਜਿਸ ਵਿਚ ਵਾਈਨ ਨੂੰ ਸੁਪਰਮਾਰਕੀਟ ਤੇ ਹੋਰ ਦੁਕਾਨਾਂ ਵਿਚ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਹਜ਼ਾਰੇ (84) ਨੇ ਇਸ ਮਾਮਲੇ ਵਿਚ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਕ ਹੋਰ ਪੱਤਰ ਵੀ ਲਿਖਿਆ ਹੈ। ਠਾਕਰੇ ਨੂੰ ਲਿਖੇ ਪੱਤਰ ਵਿਚ ਹਜ਼ਾਰੇ ਨੇ ਕਿਹਾ ਕਿ ਸੂਬੇ ਦੇ ਲੋਕ ਮੰਗ ਕਰ ਰਹੇ ਹਨ ਕਿ ਵਾਈਨ ਦੀ ਵਿਕਰੀ ਨੂੰ ਇਨ੍ਹਾਂ ਥਾਵਾਂ ਉਤੇ ਦਿੱਤੀ ਪ੍ਰਵਾਨਗੀ ਤੁਰੰਤ ਵਾਪਸ ਲਈ ਜਾਵੇ।
ਅੰਨਾ ਹਜ਼ਾਰੇ ਨੇ ਕਿਹਾ ਕਿ ਜੇ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਅਹਿਮਦਨਗਰ ਜ਼ਿਲ੍ਹੇ ਦੇ ਆਪਣੇ ਪਿੰਡ ਰਾਲੇਗਾਓਂ ਸਿੱਧੀ ਵਿਚ 14 ਤੋਂ ਭੁੱਖ ਹੜਤਾਲ ਉਤੇ ਬੈਠਣਗੇ। ਹਜ਼ਾਰੇ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਇਸ ਬਾਰੇ ਦੋ ਚਿੱਠੀਆਂ ਲਿਖੀਆਂ ਸਨ ਪਰ ਫ਼ੈਸਲਾ ਵਾਪਸ ਲੈਣ ਸਬੰਧੀ ਕੋਈ ਜਵਾਬ ਅਜੇ ਤੱਕ ਨਹੀਂ ਮਿਲਿਆ ਹੈ। ਪਿਛਲੀ ਚਿੱਠੀ ’ਚ ਅੰਨਾ ਹਜ਼ਾਰੇ ਨੇ ਕਿਹਾ ਸੀ ਕਿ ਸੁਪਰ ਮਾਰਕਿਟਾਂ ਅਤੇ ਰਾਸ਼ਨ ਦੀਆਂ ਦੁਕਾਨਾਂ ’ਤੇ ਸ਼ਰਾਬ ਦੀ ਵਿਕਰੀ ਕਰਨਾ ਮੰਦਭਾਗਾ ਹੈ ਅਤੇ ਇਹ ਫ਼ੈਸਲਾ ਭਵਿੱਖ ਦੀਆਂ ਪੀੜ੍ਹੀਆਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly