ਬਠਿੰਡਾ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੇ ਅੱਜ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ’ਤੇ ਰੱਖ ਕੇ ਰਾਹੁਲ ਗਾਂਧੀ ਨੂੰ ਤਿੱਖੇ ਸਵਾਲ ਕੀਤੇ। ਡੇਰਾ ਮੁਖੀ ਦੀ ਪੈਰੋਲ ਨੂੰ ਭਗਵੰਤ ਮਾਨ ਨੇ ਕਾਨੂੰਨੀ ਮਾਮਲਾ ਦੱਸਦਿਆਂ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ।
ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਲੋਕ ਰਾਇ ਦਾ ਹਵਾਲਾ ਦੇ ਕੇ ‘ਗਰੀਬ ਆਦਮੀ’ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਦੋ ਹਲਕਿਆਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜ ਰਹੇ ਚੰਨੀ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ੀਆ ਬਿਆਨ ’ਚ ਆਪਣੀ 170 ਕਰੋੜ ਰੁਪਏ ਦੀ ਜਾਇਦਾਦ ਦੇ ਵੇਰਵੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀਆਂ ਨਜ਼ਰਾਂ ’ਚ ਸ਼ਾਇਦ ਚੰਨੀ ਇਸ ਲਈ ਗ਼ਰੀਬ ਹੈ ਕਿਉਂਕਿ ਰਾਹੁਲ ਖੁਦ ਅਰਬਾਂ ਰੁਪਏ ਦਾ ਮਾਲਕ ਹੈ। ਉਨ੍ਹਾਂ ਆਖਿਆ ਕਿ ਜਿਸ ਦਾ ਭਾਣਜਾ ਈਡੀ ਵੱਲੋਂ 10 ਕਰੋੜ ਰੁਪਏ ਬਰਾਮਦ ਕੀਤੇ ਜਾਣ ਬਾਰੇ ਖੁਦ ਮੰਨ ਰਿਹਾ ਹੈ, ਉਸ ਬਾਰੇ ਚੰਨੀ ਕਹਿੰਦੇ ਹਨ ਕਿ ਉਨ੍ਹਾਂ ਕੋਲੋਂ ਰਿਸ਼ਤੇਦਾਰਾਂ ’ਤੇ ਨਜ਼ਰ ਨਹੀਂ ਰੱਖੀ ਗਈ। ਉਨ੍ਹਾਂ ਕਿਹਾ ਕਿ ਜਿਹੜਾ ਆਪਣੇ ਰਿਸ਼ਤੇਦਾਰ ’ਤੇ ਨਜ਼ਰ ਨਹੀਂ ਰੱਖ ਸਕਿਆ, ਉਹ ਪੰਜਾਬ ’ਤੇ ਨਜ਼ਰ ਕਿਵੇਂ ਰੱਖੇਗਾ।
ਮਾਨ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਪੰਜ ਸਾਲਾਂ ’ਚ ਦੋ ਭ੍ਰਿਸ਼ਟ ਮੁੱਖ ਮੰਤਰੀ ਦਿੱਤੇ। ਪਹਿਲੇ ਨੇ ਪੌਣੇ ਪੰਜ ਸਾਲਾਂ ਦੌਰਾਨ ਲੋਕਾਂ ਲਈ ਤਾਂ ਦੂਰ ਦੀ ਗੱਲ, ਆਪਣਿਆਂ ਲਈ ਵੀ ਦਰ ਬੰਦ ਰੱਖੇ। ਦੂਜੇ ਦੇ ਭਾਣਜੇ ਨੇ ਮੰਨ ਲਿਆ ਕਿ ਉਸ ਕੋਲੋਂ ਬਰਾਮਦ ਹੋਏ 10 ਕਰੋੜ ਰੁਪਏ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਦੇ ਸਨ। ਚੋਣਾਂ ਲੜ ਰਹੇ ਕਰੀਬ ਪੌਣੇ ਦੋ ਸੌ ਉਮੀਦਵਾਰਾਂ ’ਤੇ ਅਪਰਾਧਕ ਮਾਮਲੇ ਦਰਜ ਹੋਣ ਬਾਰੇ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕੇਸ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਹਨ। ਇਸ ਮੌਕੇ ਬਠਿੰਡਾ (ਸ਼ਹਿਰੀ) ਹਲਕੇ ਤੋਂ ‘ਆਪ’ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਸੀਨੀਅਰ ਆਗੂ ਅੰਮ੍ਰਿਤ ਅਗਰਵਾਲ ਤੇ ਰਾਕੇਸ਼ ਪੁਰੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly