ਮਹਾਭਾਰਤ ਵਿੱਚ ਭੀਮ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ ਦੇਹਾਂਤ

ਨਵੀਂ ਦਿੱਲੀ (ਸਮਾਜ ਵੀਕਲੀ):  ਅਦਾਕਾਰ ਅਤੇ ਅਥਲੀਟ ਪ੍ਰਵੀਨ ਕੁਮਾਰ ਸੋਬਤੀ ਦਾ ਸੋਮਵਾਰ ਰਾਤ ਨੂੰ ਦੇਹਾਂਤ ਹੋ ਗਿਆ। ਇੱਥੇ ਅਸ਼ੋਕ ਵਿਹਾਰ ਸਥਿਤ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ। ਉਹ 74 ਵਰ੍ਹਿਆਂ ਦੇ ਸਨ।

ਪ੍ਰਵੀਨ ਕੁਮਾਰ ਟੀਵੀ ਸੀਰੀਅਲ ‘ਮਹਾਭਾਰਤ’ ਵਿੱਚ ਨਿਭਾਏ ‘ਭੀਮ’ ਦੇ ਕਿਰਦਾਰ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਜੇਤੂ ਵਜੋਂ ਜਾਣੇ ਜਾਂਦੇ ਸਨ। ਪ੍ਰਵੀਨ ਕੁਮਾਰ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ, ‘‘ਉਨ੍ਹਾਂ ਨੂੰ ਲੰਮੇ ਸਮੇਂ ਤੋਂ ਛਾਤੀ ਦੀ ਇਨਫੈਕਸ਼ਨ ਦੀ ਸੀ। ਰਾਤ ਨੂੰ ਜਦੋਂ ਉਨ੍ਹਾਂ ਨੂੰ ਸਾਹ ਲੈਣ ’ਚ ਮੁਸ਼ਕਲ ਹੋਈ, ਅਸੀਂ ਡਾਕਟਰ ਨੂੰ ਘਰ ਬੁਲਾਇਆ। ਦਿਲ ਦਾ ਦੌਰਾ ਪੈਣ ਕਾਰਨ ਉਹ ਰਾਤ 10 ਤੋਂ 10.30 ਦੌਰਾਨ ਚਲਾਣਾ ਕਰ ਗਏ।’’ ਜ਼ਿਕਰਯੋਗ ਹੈ ਕਿ ਪ੍ਰਵੀਨ ਕੁਮਾਰ ਸੋਬਤੀ 20 ਸਾਲਾਂ ਦੀ ਉਮਰ ’ਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵਿੱਚ ਭਰਤੀ ਹੋਏ ਸਨ, ਜਿੱਥੇ ਪਹਿਲੀ ਵਾਰ ਉਨ੍ਹਾਂ ਦੇ ਅਥਲੈਟਿਕ ਹੁਨਰ ਦਾ ਪਤਾ ਲੱਗਿਆ। ਉਨ੍ਹਾਂ ਨੇ ਹੈਮਰ ਅਤੇ ਡਿਸਕਸ ਥਰੋਅ ਦੇ ਵੱਖ-ਵੱਖ ਮੁਕਾਬਲਿਆਂ ’ਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਅਤੇ ਏਸ਼ਿਆਈ ਖੇਡਾਂ ਵਿੱਚ ਚਾਰ ਤਗ਼ਮੇ ਜਿੱਤੇ, ਜਿਨ੍ਹਾਂ ਵਿੱਚ 1966 ਅਤੇ 1970 ਵਿੱਚ ਜਿੱਤੇ ਦੋ ਸੋਨ ਤਗ਼ਮੇ ਵੀ ਸ਼ਾਮਲ ਹਨ। ਉਨ੍ਹਾਂ ਨੇ 1966 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਵੀ ਜਿੱਤਿਆ ਸੀ। ਇਸ ਤੋਂ ਬਾਅਦ ਪ੍ਰਵੀਨ ਕੁਮਾਰ ਨੇ ਅਦਾਕਾਰੀ ਦੇ ਖੇਤਰ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ 1988 ’ਚ ਬੀ.ਆਰ. ਚੋਪੜਾ ਦੇ ਟੀਵੀ ਸੀਰੀਅਲ ’ਚ ‘ਮਹਾਭਾਰਤ’ ਭੀਮ ਦੀ ਭੂਮਿਕਾ ਨਿਭਾਅ ਕੇ ਪ੍ਰਸਿੱਧੀ ਹਾਸਲ ਕੀਤੀ। ਅਦਾਕਾਰ ਵਜੋਂ ਸੋਬਤੀ ਨੇ ਲਗਪਗ 50 ਫ਼ਿਲਮਾਂ ਵਿੱਚ ਸਹਾਇਕ ਭੂਮਿਕਾ ਨਿਭਾਈ, ਜਿਨ੍ਹਾਂ ਵਿੱਚ ‘ਅਧਿਕਾਰ’, ‘ਯੁੱਧ’, ‘ਘਾਇਲ’, ‘ਸ਼ਹਿਨਸ਼ਾਹ’ ਅਤੇ ‘ਆਜ ਕਾ ਅਰਜੁਨ’ ਆਦਿ ਸ਼ਾਮਲ ਹਨ।

ਸੋਬਤੀ ਨੇ 2013 ਵਿੱਚ ਸਿਆਸਤ ’ਚ ਪੈਰ ਰੱਖਿਆ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਹਾਲਾਂਕਿ ਉਹ ਭਾਜਪਾ ਦੇ ਮਹੇਂਦਰ ਨਾਗਪਾਲ ਤੋਂ ਚੋਣ ਹਾਰ ਗਏ ਸਨ। ਬਾਅਦ ’ਚ 2014 ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। ਪਰਵੀਨ ਕੁਮਾਰ ਦੇ ਪਰਿਵਾਰ ਵਿੱਚ ਪਿੱਛੇ ਪਤਨੀ, ਬੇਟੀ, ਦੋ ਛੋਟੇ ਭਰਾ ਅਤੇ ਇੱਕ ਭੈਣ ਹੈ। ਇਸ ਦੌਰਾਨ ਟੀਵੀ ਤੇ ਫਿ਼ਲਮ ਜਗਤ ਨਾਲ ਜੁੜੀਆਂ ਹਸਤੀਆਂ ਨੇ ਪ੍ਰਵੀਨ ਕੁਮਾਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਰਾਦਾ ਕਤਲ ਮਾਮਲੇ ’ਚ ਵਿਧਾਇਕ ਬੈਂਸ ਗ੍ਰਿਫ਼ਤਾਰ
Next articleਤਾਮਿਲ ਨਾਡੂ ਵਿਧਾਨ ਸਭਾ ਵੱਲੋਂ ਨੀਟ ਵਿਰੋਧੀ ਬਿੱਲ ਮੁੜ ਪਾਸ