(ਸਮਾਜ ਵੀਕਲੀ)
>>> ਲੋਕਤੰਤਰ ਵੀ ਕਮਾਲ ਦੀ ਰਾਜਸੀ ਪ੍ਰਣਾਲੀ ਹੈ ਕਿ ਜੋ ਵੀ ਚਾਹਵੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈ ਸਕਦਾ ਹੈ। ਕੋਈ ਵੀ ਰਾਜ ਸੱਤਾ ਦੀ ਮੌਜ ਮਾਣਦੀ ਰਾਜਸੀ ਪਾਰਟੀ ਦਾ ਆਗਿਆਕਾਰੀ ਬਣਕੇ ਰਾਸ਼ਟਰਪਤੀ ਤੱਕ ਦੀ ਕੁਰਸੀ ਉੱਤੇ ਬਿਰਾਜਮਾਨ ਹੋ ਸਕਦੈ। ਇਹਨਾਂ ਦੋਹਾਂ ਹੀ ਅਤੀ ਮਹੱਤਵਪੂਰਨ ਅਹੁੱਦਿਆਂ ਲਈ ਮੈਟ੍ਰਿਕ ਤੱਕ ਦੀ ਪੜਾਈ ਵੀ ਠੀਕ ਠਾਕ ਹੀ ਹੈ ਬੱਸ ਤੁਸੀਂ ਬਾਕੀ ਸਭ ਸ਼ਰਤਾਂ ਪੂਰੀਆਂ ਕਰਦੇ ਹੋਵੋ । ਇਹ ਸੁਪਨੇ ਲੈਣ ਦੀ ਆਦਤ ਭਾਰਤੀਆਂ ਨੂੰ ਬਚਪਨ ਤੋਂ ਪਰੀਆਂ ਜਾਂ ਮਨੋਕਲਪਿਤ ਪਾਤਰਾਂ ਰਾਹੀਂ ਬਾਹੂਬਲੀ ਦੈਂਤ ਦੀ ਬਹਾਦਰੀ ਸੁਣਾ ਕੇ ਜਾਂ ਟੀ ਵੀ ਉੱਤੇ ਦਿਖਾ ਕੇ ਸਿਖਾ ਦਿੱਤੀ ਜਾਂਦੀ ਹੈ। ਸੁਪਨੇ ਤਾਂ ਰਾਤ ਨੂੰ ਆਉਂਦੇ ਨੇ , ਦਿਨ ਚੜ੍ਹਦੇ ਉਸੇ ਹੀ ਮੰਜੇ ਤੇ ਪਏ ਹੁੰਨੇ ਆਂ।ਹਾਂ ਦਿਨ ਵੇਲੇ ਆਪਣੀ ਹੈਸੀਅਤ ਦੇਖਕੇ ਕਿਸੇ ਸਿਆਣੇ ਨਾਲ ਸਲਾਹ ਮਸ਼ਵਰਾ ਕਰਕੇ ਲਏ ਸੁਪਨੇ ਜਰੂਰ ਸਾਕਾਰ ਹੁੰਦੇ ਹਨ। ਪਰ ਉਹਦੇ ਲਈ ਨਿਰੰਤਰ ਸੰਘਰਸ਼,ਸਿਰੜ ਅਤੇ ਪਸੀਨਾ ਵਹਾਉਣਾ ਪੈਂਦਾ ਹੈ।
>>> ਇਹ ਸਾਰਾ ਬਿਰਤਾਂਤ ਲਿਖਣਾ ਇਸ ਕਰਕੇ ਪੈ ਰਿਹਾ ਕਿ ਪੰਜਾਬ ਵਿੱਚ ਚੋਣਾਂ ਦੌਰਾਨ ਉਮੀਦਵਾਰ ਬੜੀ ਟੈਂਨਸ਼ਨ(ਦਬਾਅ) ਵਿੱਚੋਂ ਦੀ ਗੁਜਰਦੇ ਨੇ।ਪਰ ਉਹਨਾਂ ਦੇ ਆਸੇ ਪਾਸੇ ਗੇੜੇ ਕੱਢਣ ਵਾਲੇ ਚੁਫੇਰਗੜੀਏ ਬੜੀ ਮੌਜ ਲੁੱਟਦੇ ਨੇ।ਨੇਤਾ ਵਿਚਾਰੇ ਨੂੰ ਪਹਿਲਾਂ ਆਪਣਾ ਅਸਰ ਰਸੂਖ, ਪਾਰਟੀ ਫੰਡ,ਜਾਂ ਟਿਕਟ ਖਿੜਕੀ ਇੰਚਾਰਜ ਨਾਲ ਗੰਢ ਤੁੱਪ ਕਰਕੇ ਟਿਕਟ ਝੋਲੀ ਪਾਉਣ ਦਾ ਫਿਕਰ ਰਹਿੰਦੈ । ਫਿਰ ਉਹ ਆਪਣੇ ਬਹੁਤ ਨਜ਼ਦੀਕੀ ਐਮ ਸੀ ਜਾਂ ਸਰਪੰਚਾਂ ਨਾਲ ਬੰਦ ਦਰਵਾਜੇ ਵਿੱਚ ਚੋਣ ਰਣਨੀਤੀ ਘੜ੍ਹਦਾ ਹੈ।ਵੱਖ ਵੱਖ ਜ਼ਾਤੀਆਂ ਦੇ ਚੌਧਰੀਆਂ ਕੋਲ ਕਿੰਨੀਆਂ ਵੋਟਾਂ ਹਨ , ਕਿੰਨੀਆਂ ਕਿਧਰ ਜਾ ਸਕਦੀਆਂ ਹਨ , ਉਹਨਾਂ ਲਈ ਬਜਟ ਰੱਖਦਾ ਹੈ , ਕਈ ਜਗਾ ਦਿਨੇ ਅਤੇ ਕਈ ਜਗ੍ਹਾ ਰਾਤ ਵਾਲੇ ਲੰਗਰ ਦਾ ਬੰਦੋਬਸਤ ਕਰਨਾ ਪੈਂਦਾ ਹੈ। ਚਿਹਰੇ ਉੱਤੇ ਮੁਸਕਾਨ ਰੱਖਕੇ ਪਰ ਜੇਬ੍ਹ ਢਿੱਲੀ ਰੱਖਕੇ ਡਿਊਟੀਆਂ ਲਾਉਂਦਾ ਹੈ।ਸੁਰੱਖਿਆ ਕਾਰਨਾਂ ਕਰਕੇ ਕਦੇ ਲੇਟ ਕਦੇ ਪਹਿਲਾਂ, ਨੇਰ੍ਹੇ ਸਵੇਰੇ ਇਲਾਕੇ ਵਿੱਚ ਦੌਰਾ ਕਰਦਾ ਹੈ। ਪੱਕੇ ਸਪੋਰਟਰਾਂ ( ਵੈਸੇ ਗਿਣਤੀ ਵਿੱਚ ਘੱਟ) ਦੇ ਕਹਿਣ ਮੁਤਾਬਕ ਮਜ਼ਬੂਰੀ ਵਿੱਚ ਕੁੱਝ ਉਹ ਕੰਮ ਵੀ ਕਰਦਾ ਤਾਂ ਕਿ ਕਿਤੇ ਹਾਰ ਦਾ ਮੂੰਹ ਨਾ ਦੇਖਣਾ ਪਵੇ ਅਤੇ ਲੱਗਿਆ ਲਗਾਇਆ ਸਾਰਾ ਪੈਸਾ ਵਾਲਾ ਗੁੜ ਗੋਬਰ ਨਾ ਹੋ ਜਾਵੇ। ਸਿਸਟਮ ਦੇ ਨਾਂ ਥੱਲੇ ਝੁੱਗਾ ਚੌੜ ਕਰਵਾਉਣ ਵਾਲਾ ਹੀ ਕੰਮ ਹੁੰਦਾ ਹੈ ਚੋਣ ਲੜਨੀ। ਬੜੇ ਜੁਗਾੜ ਲੜਾਉਣੇ ਪੈਂਦੇ ਨੇ। ਪਰ ਮੌਜਾਂ ਇਹਨਾਂ ਦਿਨਾਂ ਵਿੱਚ ਅਖੌਤੀ ਬਰਸਾਤੀ ਵੋਟ ਠੇਕੇਦਾਰਾਂ ਦੀਆਂ ਹੁੰਦੀਆਂ ਹਨ।
>>> ਇਸੇ ਹੀ ਨਸਲ ਦੇ ਚੁਫੇਰਗੜੀਆਂ ਦੇ ਚੇਹਰੇ ਵੋਟਰਾਂ ਨੂੰ ਅਖਬਾਰਾਂ ਦੀਆਂ ਫੋਟੋ ਵਿੱਚ ਕਈ ਉਮੀਦਵਾਰਾਂ ਦੀਆਂ ਮੀਟਿੰਗਾਂ ਵਿੱਚ ਮਿਲ ਜਾਣਗੇ ।ਇਹ ਸਵੇਰ ਸਾਰ ਹੀ ਤਿਆਰ ਬਰ ਤਿਆਰ ਹੋਕੇ ਕਿਸੇ ਨਾ ਕਿਸੇ ਉਮੀਦਵਾਰ ਦੀ ਗੱਡੀ ਉਡੀਕਦੇ ਰਹਿੰਦੇ ਹਨ। ਇਹਨਾਂ ਦੀਆਂ ਗੱਲੀਂ ਬੜੀਆਂ ਗੁਬਾਰਾਨੁਮਾ ਹੁੰਦੀਆਂ ਹਨ। ਲੱਗਦੈ ਜਿਵੇਂ ਸਾਰੇ ਹਲਕੇ ਦੀ ਵੋਟਾਂ ਦੀ ਗਿਣਤੀ ਮਿਣਤੀ ਪਟਵਾਰੀ ਵਾਂਗ ਇਹਨਾਂ ਕੋਲ ਹੀ ਹੋਵੇ। ਰਿਪੋਰਟਰ ਅਤੇ ਸਪੋਰਟਰ ਇਹਨੀਂ ਦਿਨੀਂ ਮੁਫ਼ਤ ਵਿੱਚ ਆਪਣਾ ਉੱਲੂ ਸਿੱਧਾ ਕਰਦੇ ਰਹਿੰਦੇ ਹਨ।ਇਹ ਇੱਕ ਖੁਫੀਆ ਏਜੰਸੀ ਵਾਂਗ ਕਈ ਪਰਤਾਂ ਵਿੱਚ ਆਪਣੀ ਫੋਰਸ ਵਿਛਾਕੇ ਕੰਮ ਕਰਦੇ ਹਨ। ਫੋਨਾਂ ਰਾਹੀਂ ਹਰ ਰੋਜ਼ ਦੀ ਰਿਪੋਰਟ ਚੀਫ ਠੇਕੇਦਾਰ ਨੂੰ ਸੌਣ ਤੋਂ ਪਹਿਲਾਂ ਤੱਕ ਦੇਣੀ ਲਾਜਮੀ ਹੁੰਦੀ ਹੈ ਤਾਂ ਕਿ ਉਮੀਦਵਾਰ ਦਾ ਖਾਸਮਖਾਸ ਪੀਏ ਬੌਸ ਨੂੰ ਅਪਡੇਟ ਕਰ ਸਕੇ। ਇਹ ਠੇਕੇਦਾਰ ਹਮੇਸ਼ਾ “ ਕਾਮ ਬੜੀਆ ਹੋ ਰਹਾ ਹੈ” ਦੀ ਚੜ੍ਹਦੀ ਕਲਾ ਵਾਲੀ ਗੱਲ ਕਰਨ ਵਿੱਚ ਮਾਹਿਰ ਹੁੰਦਾ ਹੈ।ਉਹਨਾਂ ਕੋਲ ਪੱਕੇ , ਅੱਧ ਪੱਕੇ ਅਤੇ ਕੱਚੇ ਹਮਾਇਤੀਆਂ ਦੀਆਂ ਲਿਸਟਾਂ ਹੁੰਦੀਆਂ ਹਨ। ਦੂਸਰੇ ਉਮੀਦਵਾਰ ਦੇ ਹਮਾਇਤੀਆਂ ਨੂੰ ਤੋੜਨਾ ਅਤੇ ਉਹਨਾਂ ਨਾਲ ਲਗਾਤਾਰ ਰਾਬਤਾ ਰੱਖਣਾ ਇਹਨਾਂ ਦਾ ਮੁੱਖ ਏਜੰਡਾ ਹੁੰਦਾ ਹੈ। ਅਜਿਹੇ ਬੰਦਿਆਂ ਦੇ ਰਿਸ਼ਤੇਦਾਰਾਂ ਤੱਕ ਪਹੁੰਚ ਕਰਕੇ ਸਪੋਰਟ ਲੱਭਣੀ ਵੀ ਇਹਨਾਂ ਦੀ ਹਿੰਮਤ ਹੁੰਦੀ ਹੈ। ਚੋਣਾਂ ਦੇ ਦਿਨ ਜਿੱਦਾਂ ਜਿੱਦਾਂ ਨਜ਼ਦੀਕ ਆਉਂਦੇ ਨੇ , ਇਹ ਟੋਲੀ ਪਤਾ ਕਰਦੀ ਹੈ ਕਿ ਕਿਹੜੇ ਘਰਾਂ ਵਿਚੋਂ ਵੋਟਾਂ ਖਰੀਦੀਆਂ ਜਾ ਸਕਦੀਆਂ ਹਨ।ਗੈਰ ਕਨੂੰਨੀ ਕੰਮ ਹੋਣ ਕਰਕੇ ਇਹ ਸ਼ਰਾਬ , ਪੈਸਾ ਜਾਂ ਹੋਰ ਵਸਤਾਂ ਦਾ ਲਾਰਾ ਚਪਕਾਈ ਰੱਖਦੇ ਹਨ। ਇਸ ਤਰਾਂ ਦਾ ਵਰਤਾਰਾ ਪਿੰਡਾਂ ਵਿੱਚ ਗਰੀਬ,ਅਮਲੀ ਜਾਂ ਜਿਆਦਾ ਬਜੁਰਗਾਂ ਵਾਸਤੇ ਕੀਤਾ ਜਾਂਦਾ ਹੈ। ਸ਼ਹਿਰਾਂ ਵਿੱਚ ਕੁੱਝ ਖਾਸ ਕਲੋਨੀਆਂ ਇਹਨਾਂ ਕੰਮਾਂ ਲਈ ਮਸ਼ਹੂਰ ਹੁੰਦੀਆਂ ਹਨ। ਅੱਜ ਕਲ੍ਹ ਔਰਤਾਂ ਵੀ ਆਪਣਾ ਗੈਂਗ ਬਣਾਕੇ ਇਸ ਕੰਮ ਵਿੱਚ ਮਰਦਾਂ ਬਰਾਬਰ ਆ ਰਹੀਆਂ ਹਨ।ਔਰਤ ਅਬਾਦੀ ਨਾਲ ਲੈਣ ਦੇਣ ਕਰਨਾ ਉਹਨਾਂ ਲਈ ਸੌਖਾ ਹੋ ਜਾਂਦਾ ਹੈ। ਅੱਜ ਕਲ੍ਹ ਇਹਨਾਂ ਦਾ ਕੰਮ ਮੋਬਾਈਲ ਫੋਨਾਂ ਨੇ ਸੌਖਾ ਕਰ ਦਿੱਤਾ ਹੈ। ਇਹ ਬੰਦੇ ਮੁਫਤ ਦੀ ਕਾਰ ,ਤੇਲ,ਖਾਣ ਪੀਣ ਅਤੇ ਅਲਾਟ ਕੀਤੇ ਬੱਜਟ ਤਹਿਤ ਕੰਮ ਕਰਦੇ ਹਨ । ਉਮੀਦਵਾਰ ਦੇ ਡਰਾਈਵਰ ਨੂੰ ਗੱਡੀ ਵਿੱਚ ਬੈਠੇ ਰਹਿਣ ਨੂੰ ਹੀ ਕਹਿਣਗੇ।ਪਿੰਡ ਮੁਹੱਲੇ ਵਿੱਚ ਇਹ ਗੈਂਗ ਖਾਸ ਕੁ ਬੰਦਿਆਂ ਦੇ ਘਰ ਅੰਦਰ ਬੈਠਕੇ ਗੁਪਤ ਮੀਟਿੰਗ ਕਰਨਗੇ।ਵੋਟਰ ਜਾਗਰੂਕ ਹੋਣ ਕਰਕੇ ਛੇਤੀ ਝਾਂਸੇ ਵਿੱਚ ਫਸਦੇ ਨਹੀਂ। ਇਹਨਾਂ ਦਲਾਲਾਂ ਦੀ ਰਿਪੋਰਟ ਕਦੇ ਕੋਰੀ ਨਾਂਹ ਨਹੀ ਦੱਸਦੀ ਕਿ ਫਲਾਣੇ ਮੁਹੱਲੇ ਵਿੱਚ ਵੋਟਾਂ ਵਿਰੋਧੀ ਨੂੰ ਜਾਣਗੀਆਂ। ਐਸੇ ਲੋਕਾਂ ਨੇ ਵੀ ਇੱਕ ਉਸਾਰੀ ਠੇਕੇਦਾਰ ਵਾਂਗ ਕਈ ਜਗਾ ਬੰਦੇ ਰੱਖੇ ਹੁੰਦੇ ਨੇ। ਕਈ ਵਾਰੀ ਵਿਰੋਧੀ ਉਮੀਦਵਾਰ ਦੀ ਖੁਫੀਆ ਫੋਰਸ ਵਿੱਚ ਅਤੇ ਕਈ ਵਾਰੀ ਉਧਰੋਂ ਜਿਆਦਾ ਪੈਸੇ ਲੈਕੇ ਇਧਰ ਦੀ ਖਬਰ ਉਧਰ। ਇਹਨਾਂ ਦਾ ਕੰਮ ਵੀ ਪੰਜ ਸਾਲੀ ਰੁੱਤ ਵਰਗਾ ਹੁੰਦਾ ਹੈ। ਸੀਜਨ ਕਮਾਕੇ ਇਹ ਵਿਕਾਊ ਘੁਮੱਕੜ ਕਿਸੇ ਹੋਰ ਕੰਮ ਵਿੱਚ ਜੁੱਟ ਜਾਂਦੇ ਹਨ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹਿੰਦੇ ਹਨ।
>>> ਚਲੋ ਹੁਣ ਤਾਂ ਪੰਜਾਬ ਵਿੱਚ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਦੀ ਤਾਰੀਖ ਵੀ ਲ਼ੰਘ ਚੁੱਕੀ ਹੈ। ਵੋਟ ਠੇਕੇਦਾਰ ਅਜ਼ਾਦ ਉਮੀਦਵਾਰ ਖੜੇ ਕਰਵਾਉਣ ਵਿੱਚ ਵੀ ਰੋਲ ਅਦਾ ਕਰਦੇ ਹਨ। ਕਿਸੇ ਨੂੰ ਫੂਕ ਦੇਕੇ ਜਾਂ ਕਿਸੇ ਉਮੀਦਵਾਰ ਵੱਲੋਂ ਪੈਸੇ ਦੇਕੇ। ਮਨਸ਼ਾ ਇਹ ਹੀ ਹੁੰਦੀ ਹੈ ਕਿ ਕੁੱਝ ਵੋਟਾਂ ਜੋ ਵਿਰੋਧੀ ਨੂੰ ਪੈ ਸਕਦੀਆਂ ਨੇ , ਉਹ ਬਾਹਰ ਕਰ ਦਿੱਤੀਆਂ ਜਾਣ ਜਾਂ ਉਹ ਐਨ ਚੋਣਾਂ ਦੇ ਲਾਗੇ ਜਾ ਕੇ ਖਰੀਦਦਾਰ ਦੇ ਹੱਕ ਵਿੱਚ ਬੈਠ ਜਾਣਗੇ। ਇਸੇ ਕਰਕੇ ਚੋਣਾਂ ਵਾਲੇ ਦਿਨ ਤੋਂ ਪਹਿਲੀਆਂ ਦੋ ਰਾਤਾਂ ਬਹੁਤ ਅਹਿਮ ਹੁੰਦੀਆਂ ਹਨ। ਜਾਤੀ, ਧਰਮ ,ਧੜਾ, ਅਤੇ ਬੈਠਕਾਂ ਦੀ ਯਾਰੀ ਇਹਨਾਂ ਦਿਨਾਂ ਵਿੱਚ ਆਪਣਾ ਰੰਗ ਦਿਖਾ ਜਾਂਦੀਆਂ ਹਨ। ਇਹਨਾਂ ਘੜੰਮ ਚੌਧਰੀਆਂ ਦੀ ਪੜ੍ਹੇ ਲਿਖੇ ਅਤੇ ਨੌਜਵਾਨ ਮੁੰਡੇ ਕੁੜੀਆਂ ਜੋ ਨਸ਼ੇ ਰਹਿਤ ਹੋਣ ਅੱਗੇ ਬਿਲਕੁਲ ਨਹੀਂ ਚਲਦੀ।ਕਿਉਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਇਹਨਾਂ ਕੋਲ ਹੁੰਦੇ ਨਹੀਂ। ਇਹ ਲੋਕ ਲੂੰਮੜੀ ਵਾਂਗ ਰਾਤ ਨੂੰ ਜਿਆਦਾ ਕੰਮ ਕਰਦੇ ਹਨ।ਪਿੰਡਾਂ ਸ਼ਹਿਰਾਂ ਵਿੱਚ ਕਈ ਚੌਕਾਂ ਨਜਦੀਕ ਬਣੇ ਗੈਰ ਇਤਿਹਾਸਿਕ ਡੇਰਿਆਂ ਦੇ ਗੱਦੀਨਸ਼ੀਨ ਵੀ ਇਸ ਖੁਫੀਆ ਤੰਤਰ ਦੀ ਕੜੀ ਵਜੋਂ ਕੰਮ ਕਰਦੇ ਹਨ।
>>> ਕਿਹਾ ਜਾਂਦਾ ਹੈ ਕਿ ਸਿਆਸਤ , ਸ਼ਰਧਾ, ਸਮਾਜਿਕ ਜਾਤੀ ਅਤੇ ਸ਼ਰਾਬੀਟੋਲੇ ਨੂੰ ਅੰਧਭਗਤਾਂ ਦੀ ਬਹੁਤ ਲੋੜ ਹੁੰਦੀ ਹੈ, ਇਸੇ ਕਰਕੇ ਇਹਨਾਂ ਤੱਤਾਂ ਦਾ ਆਪਸੀ ਗਹਿਰਾ ਰਿਸ਼ਤਾ ਹੁੰਦਾ ਹੈ।ਇੱਕ ਉਮੀਦਵਾਰ ਦੀ ਇੰਟਰਵਿਊ ਵਿੱਚ ਉਸਨੇ ਮੰਨਿਆ ਕਿ ਅਸੀਂ ਲੱਖਾਂ ਜਾਂ ਕਰੋੜ ਦਾ ਖਰਚਾ ਖੂਹ ਵਿੱਚ ਨਹੀਂ ਸੁੱਟਦੇ। ਕਾਫੀ ਵੋਟਰ ਹੀ ਕੁਰੱਪਟ ਅਤੇ ਬੇਈਮਾਨ ਹਨ।ਉਹਨਾਂ ਦੀ ਵਫਾਦਾਰੀ ਸਿਰਫ 20 ਦਿਨਾਂ ਵਿੱਚ ਪੈਸੇ ਕਮਾਉਣ ਤੱਕ ਹੀ ਸੀਮਤ ਹੁੰਦੀ ਹੈ। ਭਲਾ ਹੋਵੇ ਕਿਸਾਨ ਮੋਰਚੇ ਦਾ ਕਿ ਨੇਤਾ ਤੋਂ ਸੁਆਲ ਪੁੱਛਣ ਦੀ ਚੰਗੀ ਪਿਰਤ ਪੈ ਗਈ ਹੈ ।ਟੁੱਕੜਬੋਚ ਇਸ ਵਾਰੀ ਜੇ ਵਿਹਲੇ ਬਹਿ ਜਾਣ ਤਾਂ ਚੰਗਾ ਹੋਵੇਗਾ। ਬਦਲਾਅ ਦੀ ਲਹਿਰ ਨਜ਼ਰ ਆ ਰਹੀ ਹੈ। ਕੁੱਝ ਮੌਸਮ ਅਤੇ ਓਮੀਕਰੋਨ ਨੇ ਵੀ ਰੈਲੀਆਂ ਨੂੰ ਸੀਮਤ ਕੀਤਾ ਹੈ। ਬਹੁਕੋਣੀ ਮੁਕਾਬਲੇ ਕਾਰਨ ਸਭ ਨੇਤਾਵਾਂ ਦੀ ਧੜਕਣ ਵਧੀ ਹੋਈ ਹੈ। ਜੇਕਰ ਚੇਤੰਨ ਵੋਟਰ ਪੈਸੇ, ਸ਼ਰਾਬ ਵੰਡਣ ਦੀ ਵਿਡੀਉ ਬਣਾ ਕੇ ਇਸ ਗੰਦੀ ਪਿਰਤ ਨੂੰ ਕੁੱਝ ਠੱਲ੍ਹ ਪਾਉਣ ਤਾਂ ਸਾਰਾ ਪੰਜਾਬ ਖੁਸ਼ਹਾਲੀ ਵਾਲੇ ਰਾਹ ਪੈ ਸਕਦਾ ਹੈ। ਇਹ ਜੁੰਮੇਵਾਰੀ ਹਰੇਕ ਵੋਟਰ ਦੀ ਜ਼ਮੀਰ ਨੂੰ ਤਸੱਲੀ ਦੇਵੇਗੀ ।…ਆਮੀਨ ?
– ਕ.ਸ.ਰੱਤੜਾ
8283830599
Kewal Singh Ratra