ਐਸ.ਏ.ਐਸ. ਨਗਰ (ਮੁਹਾਲੀ) (ਸਮਾਜ ਵੀਕਲੀ): ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਸਥਾਨਕ ਫੋਰਟਿਸ ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ। ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰ ਹਰਚਰਨ ਬੈਂਸ ਨੇ ਦੱਸਿਆ ਕਿ ਸ੍ਰੀ ਬਾਦਲ ਅੱਜ ਆਪਣੇ ਰੁਟੀਨ ਚੈੱਕਅਪ ਲਈ ਫੋਰਟਿਸ ਹਸਪਤਾਲ ਆਏ ਸਨ। ਸ਼ਾਮ 5 ਵਜੇ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਸ੍ਰੀ ਬਾਦਲ ਨੂੰ ਅੱਜ ਸਵੇਰੇ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਸੀ, ਜਿੱਥੋਂ ਦੁਪਹਿਰ ਵੇਲੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਮੁਹਾਲੀ ਲਿਆਂਦਾ ਗਿਆ।
ਹਰਚਰਨ ਬੈਂਸ ਨੇ ਇਕ ਲਿਖਤੀ ਬਿਆਨ ਵਿੱਚ ਕਿਹਾ ਕਿ ਸ੍ਰੀ ਬਾਦਲ ਨੂੰ ਡਾਕਟਰਾਂ ਨੇ ਦੋ-ਦੋ ਅਤੇ ਤਿੰਨ-ਤਿੰਨ ਹਫ਼ਤਿਆਂ ਬਾਅਦ ਆਪਣਾ ਰੁਟੀਨ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਕੋਵਿਡ ਤੋਂ ਪ੍ਰਭਾਵਿਤ ਹੋਣ ਮਗਰੋਂ ਇਸ ਦਾ ਉਚੇਚੇ ਤੌਰ ’ਤੇ ਧਿਆਨ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਦੇ ਨਾਲ ਆਪਣਾ ਰੁਟੀਨ ਕੰਮ ਵੀ ਕਰ ਰਹੇ ਹਨ। ਉਹ ਰੋਜ਼ਾਨਾ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਮਿਲ ਕੇ ਸੂਬੇ ਵਿੱਚ ਚੋਣ ਮੁਹਿੰਮ ਵੀ ਚਲਾ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly