ਪਾਕਿ ਚੌਕੀਆਂ ’ਤੇ ਹਮਲਿਆਂ ਵਿੱਚ 15 ਦਹਿਸ਼ਤਗਰਦ ਹਲਾਕ, 4 ਫ਼ੌਜੀ ਮਰੇ

ਕਰਾਚੀ (ਸਮਾਜ ਵੀਕਲੀ):   ਹਥਿਆਰਬੰਦ ਦਹਿਸ਼ਤਗਰਦਾਂ ਨੇ ਪਾਕਿਸਤਾਨ ਦੇ ਅਸਥਿਰ ਦੱਖਣ-ਪੱਛਮੀ ਬਲੋਚਿਸਤਾਨ ਪ੍ਰਾਂਤ ਵਿੱਚ ਸੁਰੱਖਿਆ ਬਲਾਂ ਦੇ ਦੋ ਕੈਂਪਾਂ ’ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਦੋਵਾਂ ਪਾਸਿਓਂ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 15 ਦਹਿਸ਼ਤਗਰਦ ਜਦਕਿ ਚਾਰ ਫ਼ੌਜੀ ਮਾਰੇ ਗਏ। ਇੱਕ ਸੀਨੀਅਰ ਮੰਤਰੀ ਨੇ ਇਸ ਨੂੰ ਦਹਿਸ਼ਤਵਾਦ ਖ਼ਿਲਾਫ਼ ਵੱਡੀ ਸਫ਼ਲਤਾ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ‘ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਲਈ ਹੈ।

ਇਹ ਹਮਲੇ ਪੰਜਗੁਰ ਤੇ ਨੋਸ਼ਕੀ ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਹੋਏ। ਪੰਜਗੂਰ ਵਿੱਚ ਦਹਿਸ਼ਤਗਰਦਾਂ ਨੇ ਦੋ ਥਾਵਾਂ ਤੋਂ ਸੁਰੱਖਿਆ ਬਲਾਂ ਦੇ ਇੱਕ ਕੈਂਪ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਦਕਿ ਨੋਸ਼ਕੀ ਵਿੱਚ ਉਨ੍ਹਾਂ ਫਰੰਟੀਅਰ ਕੋਰ ਦੀ ਪੋਸਟ ’ਚ ਦਾਖ਼ਲ ਹੋਣ ਦਾ ਯਤਨ ਕੀਤਾ, ਜਿਸ ਸਬੰਧੀ ਮੌਕੇ ’ਤੇ ਤੁਰੰਤ ਕਾਰਵਾਈ ਕੀਤੀ ਗਈ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਨੋਸ਼ਕੀ ਵਿੱਚ 9 ਦਹਿਸ਼ਤਗਰਦ ਤੇ ਚਾਰ ਫ਼ੌਜੀ ਮਾਰੇ ਗਏ ਹਨ ਜਦਕਿ ਪੰਜਗੁਰ ਵਿੱਚ ਛੇ ਦਹਿਸ਼ਤਗਰਦ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਦੋਵਾਂ ਥਾਵਾਂ ਤੋਂ ਦਹਿਸ਼ਤਗਰਦ ਖਦੇੜ ਦਿੱਤੇ ਹਨ। ਪੰਜਗੁਰ ਵਿੱਚ ਚਾਰ ਤੋਂ ਪੰਜ ਲੋਕਾਂ ਨੂੰ ਫ਼ੌਜ ਨੇ ਘੇਰਾ ਪਾਇਆ ਹੋਇਆ ਹੈ, ਜਿਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵਿੱਟਰ ’ਤੇ ਟਵੀਟ ਕਰਦਿਆਂ ਸੁਰੱਖਿਆ ਬਲਾਂ ਨੂੰ ਉਨ੍ਹਾਂ ਵੱਲੋਂ ਬਲੋਚਿਸਤਾਨ ਵਿੱਚ ਉਨ੍ਹਾਂ ਦੇ ਕੈਂਪਾਂ ’ਤੇ ਦਹਿਸ਼ਤੀ ਹਮਲਿਆਂ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰਨ ’ਤੇ ਮੁਬਾਰਕਬਾਦ ਦਿੱਤੀ।

ਇਸ ਤੋਂ ਪਹਿਲਾਂ ਫ਼ੌਜ ਦੇ ਮੀਡੀਆ ਵਿੰਗ- ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਕਿਹਾ ਕਿ ਦੋਵਾਂ ਹਮਲਿਆਂ ਦਾ ਸਫ਼ਲਤਾਪੂਰਵਕ ਜੁਆਬ ਦਿੱਤਾ ਗਿਆ ਹੈ, ਜਿਸ ਦੌਰਾਨ ਵੱਡੀ ਗਿਣਤੀ ’ਚ ਦਹਿਸ਼ਤਗਰਦ ਮਾਰੇ ਗਏ ਹਨ। ਇਸ ਦੌਰਾਨ ਫਰੰਟੀਅਰ ਕੋਰ ਦੇ ਬੁਲਾਰੇ ਨੇ ਵੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਗੁਰ ਤੇ ਨੋਸ਼ਕੀ ਵਿੱਚ ਕੈਂਪਾਂ ਨੇੜੇ ਦੋ ਧਮਾਕੇ ਹੋਏ ਸਨ, ਜਿਸ ਮਗਰੋਂ ਜਬਰਦਸਤ ਗੋਲੀਬਾਰੀ ਹੋਈ। ਬੀਐੱਲਏ ਨੇ ਇੱਕ ਬਿਆਨ ਜਾਰੀ ਕਰ ਕੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਇਸ ਵੱਖਵਾਦੀ ਗੁੱਟ ਨੇ ਕੁਝ ਸਮੇਂ ਤੋਂ ਸੁਰੱਖਿਆ ਬਲਾਂ ਤੇ ਉਨ੍ਹਾਂ ਦੇ ਟਿਕਾਣਿਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਬੁੱਧਵਾਰ ਨੂੰ ਹੋਏ ਇਹ ਹਮਲੇ ਬਲੋਚਿਸਤਾਨ ਵਿੱਚ ਹੋਏ ਇਨ੍ਹਾਂ ਹਮਲਿਆਂ ਦੀ ਕੜੀ ’ਚ ਸਭ ਤੋਂ ਤਾਜ਼ਾ ਹਨ ਜੋ ਪ੍ਰਾਂਤ ਦੇ ਕੇਹ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੀ ਚੈੱਕਪੋਸਟ ’ਤੇ ਹੋਏ ਦਹਿਸ਼ਤੀ ਹਮਲੇ ਤੋਂ ਇੱਕ ਹਫ਼ਤੇ ਮਗਰੋਂ ਹੋਏ ਸਨ, ਜਿਸ ਦੌਰਾਨ ਦਸ ਫ਼ੌਜੀ ਮਾਰੇ ਗਏ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ’ਚ ਖ਼ਾਲਿਸਤਾਨ ਪੱਖੀ ਤੱਤ ਭਾਰਤ ਵਿਰੋਧੀ ਭਾਵਨਾਵਾਂ ਭੜਕਾ ਰਹੇ ਨੇ: ਸਰਕਾਰ
Next articleਐੱਮਐੱਸਪੀ ਬਾਰੇ ਕੇਂਦਰ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹੈ: ਰਾਜਨਾਥ ਸਿੰਘ