ਬਜਟ ਗ਼ਰੀਬ ਤੇ ਮੱਧਵਰਗ ਨੂੰ ਬੁਨਿਆਦੀ ਸਹੂਲਤਾਂ ਦੇਣ ’ਤੇ ਕੇਂਦਰਿਤ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰੀ ਬਜਟ ਗਰੀਬਾਂ, ਮੱਧ ਵਰਗ ਤੇ ਨੌਜਵਾਨਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਮਗਰੋਂ ਕੁੱਲ ਆਲਮ ਵੱਡੇ ਬਦਲਾਅ ਦੇ ਕੰਢੇ ਖੜ੍ਹਾ ਹੈ ਤੇ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਭਾਰਤ ਤੇਜ਼ ਰਫ਼ਤਾਰ ਨਾਲ ਤਬਦੀਲੀਆਂ ਲਿਆਵੇ ਤਾਂ ਕਿ ਆਤਮਨਿਰਭਰ ਰਾਸ਼ਟਰ ਵਜੋਂ ਉਭਰ ਸਕੇ। ਭਾਜਪਾ ਵੱਲੋਂ ‘ਆਤਮਨਿਰਭਰ ਅਰਥਵਿਵਸਥਾ’ ਵਿਸ਼ੇ ’ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕੇਂਦਰੀ ਬਜਟ ਵਿੱਚ ਕੀਤੇ ਐਲਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਰਥਚਾਰੇ ਦੇ ਮੂਲ ਸਿਧਾਂਤ ਬਹੁਤ ਮਜ਼ਬੂਤ ਹਨ ਤੇ ਰਾਸ਼ਟਰ ਸਹੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਲ ਆਲਮ ਦੇ ਭਾਰਤ ਨੂੰ ਵੇਖਣ ਦੇ ਨਜ਼ਰੀਏ ਵਿੱਚ ਵੱਡਾ ਬਦਲਾਅ ਆਇਆ ਹੈ।

ਸ੍ਰੀ ਮੋਦੀ ਨੇ ਕਿਹਾ, ‘‘ਲੋਕ ਆਲਮੀ ਪੱਧਰ ’ਤੇ ਭਾਰਤ ਨੂੰ ਮਜ਼ਬੂਤ ਵੇਖਣਾ ਚਾਹੁੰਦੇ ਹਨ। ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਤੇਜ਼ ਰਫ਼ਤਾਰ ਨਾਲ ਆਪਣੇ ਮੁਲਕ ਨੂੰ ਅੱਗੇ ਲੈ ਕੇ ਜਾਈਏ ਤੇ ਵੱਖ ਵੱਖ ਸੈਕਟਰਾਂ ਵਿੱਚ ਮਜ਼ਬੂਤੀ ਪ੍ਰਦਾਨ ਕਰੀਏ।’’ ਉਨ੍ਹਾਂ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਨਾ ਸਿਰਫ਼ ਆਤਮ-ਨਿਰਭਰ ਬਣੇ ਬਲਕਿ ‘ਆਤਮਨਿਰਭਰ ਭਾਰਤ’ ਦੀਆਂ ਨੀਹਾਂ ’ਤੇ ਆਧੁਨਿਕ ਭਾਰਤ ਦਾ ਨਿਰਮਾਣ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਆਸੀ ਨਜ਼ਰੀਏ ਨੂੰ ਜੇਕਰ ਲਾਂਭੇ ਕਰ ਦਈਏ ਤਾਂ ਬਜਟ ਦਾ ਸਾਰੀਆਂ ਧਿਰਾਂ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬਜਟ ਗਰੀਬਾਂ, ਮੱਧ ਵਰਗ ਤੇ ਨੌਜਵਾਨਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏ ਜਾਣ ’ਤੇ ਕੇਂਦਰਿਤ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੁਨਿਆਦੀ ਸਹੂਲਤਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਤੋਂ ਹੋ ਰਿਹਾ ਪਰਵਾਸ ਕੌਮੀ ਸੁਰੱਖਿਆ ਲਈ ਚੰਗਾ ਨਹੀਂ ਹੈ ਤੇ ਬਜਟ ਵਿੱਚ ਸਰਹੱਦ ’ਤੇ ‘ਸੰਵੇਦਨਸ਼ੀਲ ਪਿੰਡ’ ਵਿਕਸਤ ਕੀਤੇ ਜਾਣ ਦੀ ਵਿਵਸਥਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਦੇ ਸਰਹੱਦੀ ਪਿੰਡਾਂ ਨੂੰ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਖੇਡਾਂ ਨੂੰ ਅਹਿਮੀਅਤ ਦਿੰਦਿਆਂ ਪਿਛਲੇ ਸਾਲਾਂ ਦੇ ਮੁਕਾਬਲੇ ਤਿੰਨ ਗੁਣਾਂ ਵੱਧ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹਰੇਕ ਪਿੰਡ ਨੂੰ ਆਪਟੀਕਲ ਫਾਈਬਰ ਕੁਨੈਕਟੀਵਿਟੀ ਤੇ 5ਜੀ ਤਕਨਾਲੋਜੀ ਨਾਲ ਜੋੜਿਆ ਜਾਵੇਗਾ। ਇਸੇ ਤਰ੍ਹਾਂ ਡਿਜੀਟਲ ਰੁਪਏ ਨਾਲ ਫਿਨਟੈੱਕ ਸੈਕਟਰ ਵਿੱਚ ਨਵੇਂ ਮੌਕੇ ਮਿਲਣਗੇ। ਖੇਤੀ ਸੈਕਟਰ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਐੱਮਐੱਸਪੀ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਕਿਸਾਨਾਂ ਨੂੰ ਝੋਨੇ ਦੇ ਇਸ ਸੀਜ਼ਨ ਵਿੱਚ ਐੱਮਐੱਸਪੀ ਦੇ ਰੂਪ ਵਿੱਚ 1.5 ਲੱਖ ਕਰੋੜ ਰੁਪਏ ਤੋਂ ਵੱਧ ਰਾਸ਼ੀ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸੱਤ-ਅੱਠ ਸਾਲ ਪਹਿਲਾਂ ਭਾਰਤ ਦੀ ਜੀਡੀਪੀ 1.10 ਲੱਖ ਕਰੋੜ ਰੁਪੲੇ ਸੀ, ਜੋ ਕਿ ਅੱਜ 2.3 ਲੱਖ ਕਰੋੜ ਰੁਪਏ ਦੇ ਕਰੀਬ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTurkish airstrikes hit Kurdish militant targets in Iraq, Syria
Next articleBoris Johnson under pressure as more MPs call for resignation