ਨਵੀਂ ਦਿੱਲੀ (ਸਮਾਜ ਵੀਕਲੀ): ਚੋਣ ਕਮਿਸ਼ਨ ਨੇ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੀ ਨਿਗਰਾਨੀ ਲਈ 15 ਵਿਸੇਸ਼ ਅਬਜ਼ਰਵਰਾਂ ਦੀ ਨਿਯੁਕਤੀ ਕੀਤੀ ਹੈ। ਕਮਿਸ਼ਨ ਨੇ ਅੱਜ ਇਨ੍ਹਾਂ ਅਬਜ਼ਰਵਰਾਂ ਨਾਲ ਇਕ ਮੀਟਿੰਗ ਕੀਤੀ। ਇਹ ਅਬਜ਼ਰਵਰ ਗੋਆ, ਮਣੀਪੁਰ, ਪੰਜਾਬ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਭੇਜੇ ਜਾਣਗੇ। ਇਹ ਵਿਸ਼ੇਸ਼ ਅਬਜ਼ਰਵਰ ਚੋਣ ਅਮਲੇ ਵੱਲੋਂ ਕੀਤੇ ਕੰਮਾਂ ਦੀ ਨਿਗਰਾਨੀ ਕਰਨਗੇ। ਇਹ ਸੀਵਿਜਲ ਤੇ ਵੋਟਰ ਹੈਲਪਲਾਈਨ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਖੁਫੀਆ ਰਿਪੋਰਟਾਂ ’ਤੇ ਸਖ਼ਤ ਤੇ ਅਸਰਦਾਰ ਕਾਰਵਾਈ ਯਕੀਨੀ ਬਣਾਉਣਗੇ। ਉਹ ਭੈਅ ਮੁਕਤ ਅਤੇ ਵੋਟਰ ਪੱਖੀ ਚੋਣਾਂ ਯਕੀਨੀ ਬਣਾਉਣ ਲਈ ਸਾਰੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਵਿਸ਼ੇਸ਼ ਅਬਜ਼ਰਵਰਾਂ ਦਾ ਸਵਾਗਤ ਕਰਦਿਆਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਨਿਰਪੱਖ, ਭੈਅ ਮੁਕਤ, ਸ਼ਾਂਤੀਪੂਰਨ ਅਤੇ ਕਰੋਨਾ ਸੁਰੱਖਿਅਤ ਚੋਣਾਂ ਯਕੀਨੀ ਬਣਾਉਣ ਲਈ ਇਨ੍ਹਾਂ ਅਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਵਿਸ਼ੇਸ਼ ਅਬਜ਼ਰਵਰਾਂ ਵਿੱਚ ਮਨਜੀਤ ਸਿੰਘ ਆਈਏਐਸ ਸੇਵਾਮੁਕਤ, ਸੋਮੇਸ਼ ਗੋਇਲ ਆਈਪੀਐਸ ਸੇਵਾਮੁਕਤ, ਪ੍ਰਵੀਰ ਕਿਸ਼ਨ ਆਈਏਐਸ ਸੇਵਾਮੁਕਤ, ਅਰੁਨ ਕੁਮਾਰ ਆਈਪੀਐਸ ਸੇਵਾਮੁਕਤ, ਰਾਜੇਸ਼ ਟੂਟੇਜਾ ਸਾਬਕਾ ਆਈਆਰਐਸ, ਵਿਨੋਦ ਜ਼ੁਤਸ਼ੀ ਆਈਏਐਸ ਸੇਵਾਮੁਕਤ, ਰਜਨੀ ਕਾਂਤ ਮਿਸ਼ਰਾ ਆਈਪੀਐਸ ਸੇਵਾਮੁਕਤ, ਹਿਮਾਲਨੀ ਕਸ਼ਿਅਪ ਸਾਬਕਾ ਆਈਆਰਐਸ, ਰਾਮ ਮੋਹਨ ਮਿਸ਼ਰਾ ਆਈਏਐਸ ਸੇਵਾਮੁਕਤ, ਅਨਿਲ ਕੁਮਾਰ ਸ਼ਰਮਾ ਆਈਪੀਐਸ, ਮਧੂ ਮਹਾਜਨ ਸਾਬਕਾ ਆਈਆਰਐਸ, ਅਜੈ ਨਾਇਕ ਆਈਏਐਸ ਸੇਵਾਮੁਕਤ, ਦੀਪਕ ਮਿਸ਼ਰਾ ਆਈਪੀਐਸ ਅਤੇ ਬੀ ਮੁਰਲੀ ਕੁਮਾਰ ਤੇ ਬੀਆਰ ਬਾਲਾਕ੍ਰਿਸ਼ਨਨ ਦੋਵੇਂ ਸਾਬਕਾ ਆਈਆਰਐਸ ਦਾ ਨਾਂ ਸ਼ਾਮਲ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly