ਨਵੀਂ ਦਿੱਲੀ (ਸਮਾਜ ਵੀਕਲੀ): ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵਿਅੰਗ ਕਸਦਿਆਂ ਕਿਹਾ ਕਿ ਓਮੀਕਰੋਨ ਨਾਲੋਂ ਵੀ ਕਿਤੇ ਵੱਧ ਖ਼ਤਰਨਾਕ ‘ਓ ਮਿਤਰੋਂ’ ਹੈ। ਥਰੂਰ ਨੇ ਕਿਹਾ ਕਿ ਦੇਸ਼ ਵਿਚ ‘ਧਰੁਵੀਕਰਨ ਵੱਧ ਰਿਹਾ ਹੈ’ ਅਤੇ ‘ਲੋਕਤੰਤਰ ਕਮਜ਼ੋਰ ਹੋ ਰਿਹਾ ਹੈ।’ ਥਰੂਰ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆ ਦੋਸ਼ ਲਾਇਆ ਕਿ ਇਹ ਵੰਡਪਾਊ ਬਿਆਨਬਾਜ਼ੀ ਕਰ ਕੇ ਨਫ਼ਰਤ ਫੈਲਾ ਰਹੀ ਹੈ। ਕਾਂਗਰਸ ਆਗੂ ਨੇ ਕਿਹਾ, ‘ਓਮੀਕਰੋਨ ਨਾਲੋਂ ਕਿਤੇ ਵੱਧ ਖ਼ਤਰਨਾਕ ਹੈ ਓ ਮਿਤਰੋਂ! ਇਸ ਦੇ ਸਿੱਟੇ ਅਸੀਂ ਵਧ ਰਹੇ ਫ਼ਿਰਕੂਪੁਣੇ, ਨਫ਼ਰਤ ਤੇ ਕੱਟੜਵਾਦ, ਸੰਵਿਧਾਨ ਤੇ ਲੋਕਤੰਤਰ ਦੇ ਕਮਜ਼ੋਰ ਹੋਣ ਦੇ ਰੂਪ ਵਿਚ ਨਿੱਤ ਭੁਗਤ ਰਹੇ ਹਾਂ।’
ਥਰੂਰ ਨੇ ਕਿਹਾ ਕਿ ‘ਇਸ ਵਾਇਰਸ ਦਾ ਕੋਈ ਹਲਕਾ ਵੇਰੀਐਂਟ ਵੀ ਨਹੀਂ ਹੈ’। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਆਮ ਤੌਰ ’ਤੇ ਆਪਣੇ ਭਾਸ਼ਣਾਂ ਵਿਚ ‘ਮਿਤਰੋਂ’ ਸ਼ਬਦ ਦਾ ਇਸਤੇਮਾਲ ਕਰਦੇ ਹਨ। ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਥਰੂਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੀ ਕਾਂਗਰਸ ਮਹਾਮਾਰੀ ਨੂੰ ਸਿਆਸਤ ਤੋਂ ਦੂਰ ਨਹੀਂ ਰੱਖ ਸਕਦੀ। ਉਨ੍ਹਾਂ ਟਵੀਟ ਕੀਤਾ ਕਿ ਪਹਿਲਾਂ ਕਾਂਗਰਸ ਨੇ ਵੈਕਸੀਨ ਬਾਰੇ ਕਈ ਸਵਾਲ ਉਠਾਏ ਤੇ ਹੁਣ ਕਹਿ ਰਹੇ ਹਨ ਕਿ ਓਮੀਕਰੋਨ ਖ਼ਤਰਨਾਕ ਨਹੀਂ ਹੈ। ਸਪਾ ਆਗੂ ਅਖਿਲੇਸ਼ ਯਾਦਵ ਦਾ ਜ਼ਿਕਰ ਕਰਦਿਆਂ ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਕਿਹਾ ਸੀ ਕਿ ਸੀਏਏ, ਕਰੋਨਾ ਤੋਂ ਵੀ ਵੱਧ ਖ਼ਤਰਨਾਕ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly