- ਖੇਤੀਬਾੜੀ ਖੇਤਰ ’ਚ ਵਧੀ ਬਰਾਮਦ ਦਾ ਵਿਸ਼ੇਸ਼ ਜ਼ਿਕਰ
- ਚੋਣਾਂ ਵਾਲੇ ਸੂਬਿਆਂ ’ਚ ਸਰਕਾਰਾਂ ਦੀਆਂ ਤਰਜੀਹਾਂ ਵੀ ਬਿਆਨੀਆਂ
ਨਵੀਂ ਦਿੱਲੀ (ਸਮਾਜ ਵੀਕਲੀ): ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਦੇਸ਼ ਦੇ ਵਿਕਾਸ ਦੇ ਲੰਮੇ ਸਫ਼ਰ ਦੌਰਾਨ ‘ਸਮੂਹਿਕ ਪ੍ਰਾਪਤੀਆਂ’ ਦੇ ਰੂਪ ਵਿਚ ਕਰੋਨਾਵਾਇਰਸ ਖ਼ਿਲਾਫ਼ ਭਾਰਤ ਦੀ ਲੜਾਈ, ਖੇਤੀ ਉਤਪਾਦਾਂ ਦੀ ਰਿਕਾਰਡ ਖ਼ਰੀਦ, ਮਹਿਲਾ ਸ਼ਕਤੀਕਰਨ ਲਈ ਕੀਤੇ ਯਤਨਾਂ, ਅੰਦਰੂਨੀ ਸੁਰੱਖਿਆ ਵਿਚ ਕੀਤੇ ਸੁਧਾਰਾਂ ਜਿਹੇ ਅਨੇਕਾਂ ਕਦਮ ਗਿਣਾਏ। ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਕੇਂਦਰੀ ਹਾਲ ਵਿਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਖੇਤੀਬਾੜੀ ਖੇਤਰ ਵਿਚ ਹੋਏ ਵਿਕਾਸ ਬਾਰੇ ਜ਼ਿਕਰ ਕਰਦਿਆਂ ਕਿਹਾ, ‘ਖੇਤੀਬਾੜੀ ਖੇਤਰ ਵਿਚ ਦੇਸ਼ ਦੀ ਲਗਾਤਾਰ ਸਫ਼ਲਤਾ ਤੇ ਵਧਦੀ ਸਮਰੱਥਾ ਦਾ ਸਭ ਤੋਂ ਵੱਡਾ ਸਿਹਰਾ ਉਹ ਦੇਸ਼ ਦੇ ਛੋਟੇ ਕਿਸਾਨਾਂ ਸਿਰ ਬੰਨ੍ਹਦੇ ਹਨ। ਦੇਸ਼ ਦੇ 80 ਪ੍ਰਤੀਸ਼ਤ ਕਿਸਾਨ ਛੋਟੇ ਕਿਸਾਨ ਹੀ ਹਨ, ਜਿਨ੍ਹਾਂ ਦੇ ਹਿੱਤਾਂ ਨੂੰ ਸਰਕਾਰ ਨੇ ਹਮੇਸ਼ਾ ਕੇਂਦਰ ਵਿਚ ਰੱਖਿਆ ਹੈ।’ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਰਾਹੀਂ 11 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਇਕ ਲੱਖ ਅੱਸੀ ਹਜ਼ਾਰ ਕਰੋੜ ਰੁਪਏ ਦਿੱਤੇ ਗਏ ਹਨ। ਇਸ ਨਿਵੇਸ਼ ਨਾਲ ਖੇਤੀ ਖੇਤਰ ਵਿਚ ਅੱਜ ਵੱਡੇ ਬਦਲਾਅ ਨਜ਼ਰ ਆ ਰਹੇ ਹਨ।’
ਉਨ੍ਹਾਂ ਕਿਹਾ ਕਿ ਫ਼ਸਲ ਬੀਮਾ ਯੋਜਨਾ ਵਿਚ ਕੀਤੀਆਂ ਤਬਦੀਲੀਆਂ ਦਾ ਲਾਭ ਵੀ ਦੇਸ਼ ਦੇ ਛੋਟੇ ਕਿਸਾਨਾਂ ਨੂੰ ਹੋਇਆ ਹੈ। ਉਨ੍ਹਾਂ ਕਿਹਾ ਕਿ ਬਦਲਾਅ ਆਉਣ ਤੋਂ ਬਾਅਦ ਹੁਣ ਤੱਕ 8 ਕਰੋੜ ਤੋਂ ਵੱਧ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ ’ਤੇ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਸਾਲ 2020-21 ਵਿਚ ਸਾਡੇ ਕਿਸਾਨਾਂ ਨੇ 30 ਕਰੋੜ ਟਨ ਤੋਂ ਵੱਧ ਖੁਰਾਕੀ ਪਦਾਰਥਾਂ ਤੇ 33 ਕਰੋੜ ਟਨ ਤੋਂ ਵੱਧ ਬਾਗ਼ਬਾਨੀ ਉਤਪਾਦਾਂ ਦੀ ਪੈਦਾਵਾਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਿਕਾਰਡ ਉਤਪਾਦਨ ਨੂੰ ਧਿਆਨ ਵਿਚ ਰੱਖਦਿਆਂ ਰਿਕਾਰਡ ਸਰਕਾਰੀ ਖ਼ਰੀਦ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹਾੜ੍ਹੀ ਦੀ ਫ਼ਸਲ ਦੌਰਾਨ 433 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ, ਜਿਸ ਨਾਲ ਲਗਭਗ 50 ਲੱਖ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਿਆ ਹੈ। ਸਾਉਣੀ ਦੀ ਫ਼ਸਲ ਦੌਰਾਨ ਰਿਕਾਰਡ ਲਗਭਗ 900 ਲੱਖ ਮੀਟ੍ਰਿਕ ਟਨ ਚੌਲਾਂ ਦੀ ਖ਼ਰੀਦ ਕੀਤੀ ਗਈ ਜਿਸ ਨਾਲ ਇਕ ਕਰੋੜ 30 ਲੱਖ ਕਿਸਾਨਾਂ ਨੂੰ ਲਾਭ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਨਾਲ ਦੇਸ਼ ਦੀ ਖੇਤੀ ਬਰਾਮਦ ਵੀ ਰਿਕਾਰਡ ਪੱਧਰ ਉਤੇ ਪਹੁੰਚ ਗਈ ਹੈ।
ਸਾਲ 2020-21 ਵਿਚ ਖੇਤੀ ਬਰਾਮਦ ਵਿਚ 25 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਲਗਭਗ 3 ਲੱਖ ਕਰੋੜ ਰੁਪਏ ਨੂੰ ਪਹੁੰਚ ਗਿਆ ਹੈ। ਕੋਵਿੰਦ ਨੇ ਕਿਹਾ ਕਿ ਸਰਕਾਰ ਖਾਣ ਵਾਲੇ ਤੇਲਾਂ ਦੇ ਉਤਪਾਦਨ ਵਿਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਕੁਦਰਤੀ ਖੇਤੀ ਤੇ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਸ਼ਹਿਦ ਦਾ ਉਤਪਾਦਨ ਵੀ ਘਰੇਲੂ ਪੱਧਰ ਉਤੇ 55 ਪ੍ਰਤੀਸ਼ਤ ਵਧਿਆ ਹੈ। ਰਾਸ਼ਟਰਪਤੀ ਨੇ ‘ਕਿਸਾਨ ਰੇਲ ਸੇਵਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਢੁੱਕਵੀਂ ਮੰਡੀ ਤੇ ਚੰਗੀਆਂ ਕੀਮਤਾਂ ਤੱਕ ਪਹੁੰਚ ਯਕੀਨੀ ਬਣਾਈ ਜਾ ਰਹੀ ਹੈ। ਕਰੋਨਾ ਦੌਰਾਨ ਭਾਰਤੀ ਰੇਲਵੇ ਨੇ 1900 ਕਿਸਾਨ ਰੇਲਾਂ ਚਲਾਈਆਂ ਹਨ ਜਿਨ੍ਹਾਂ ਰਾਹੀਂ 150 ਰੂਟਾਂ ਉਤੇ ਸਬਜ਼ੀਆਂ, ਦੁੱਧ ਤੇ ਫ਼ਲ ਪਹੁੰਚਾਏ ਗਏ ਹਨ।
ਕਰੀਬ ਛੇ ਲੱਖ ਟਨ ਖੇਤੀ ਉਤਪਾਦਾਂ ਦੀ ਢੋਆ-ਢੁਆਈ ਹੋਈ ਹੈ। ਇਸ ਤੋਂ ਇਲਾਵਾ ਖੇਤੀਬਾੜੀ ਲਈ ਬੁਨਿਆਦੀ ਢਾਂਚਾ ਵੀ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਈ ਸਿੰਜਾਈ ਯੋਜਨਾਵਾਂ ਤੇ ਮੀਂਹ ਦੇ ਪਾਣੀ ਨੂੰ ਸਾਂਭਣ ਲਈ ਚਲਾਈਆਂ ਸਕੀਮਾਂ ਦਾ ਜ਼ਿਕਰ ਵੀ ਕੀਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਵਿਚ ਗਰੀਬਾਂ ਤੇ ਹੋਰਨਾਂ ਪੱਛੜੇ ਵਰਗਾਂ ਦੀ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਕੋਵਿੰਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਜ਼ਾਦੀ, ਬਰਾਬਰਤਾ ਤੇ ਭਾਈਚਾਰੇ ਉਤੇ ਅਧਾਰਿਤ ਸਮਾਜਿਕ ਆਦਰਸ਼ਾਂ ਨੂੰ ਮੰਨਦੀ ਹੈ ਜੋ ਕਿ ਬਾਬਾਸਾਹੇਬ ਅੰਬੇਡਕਰ ਵੱਲੋਂ ਦਿੱਤੇ ਗਏ ਹਨ। ਇਸ ਲਈ ਸਰਕਾਰੀ ਨੀਤੀਆਂ ਵਿਚ ਗਰੀਬਾਂ, ਅਨੁਸੂਚਿਤ ਵਰਗਾਂ ਤੇ ਕਬੀਲਿਆਂ, ਪੱਛੜੇ ਭਾਈਚਾਰਿਆਂ ਨੂੰ ਪਹਿਲ ਮਿਲੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਮੰਨਦੀ ਹੈ ਕਿ ਅਤੀਤ ਨੂੰ ਯਾਦ ਰੱਖਣਾ ਤੇ ਇਸ ਤੋਂ ਸਿੱਖਣਾ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਜਿੰਨਾ ਹੀ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ 26 ਦਸੰਬਰ ਨੂੰ ਸਾਹਿਬਜ਼ਾਦਿਆਂ ਦੇ ਬਲਿਦਾਨ ਦੀ ਯਾਦ ਵਿਚ ‘ਵੀਰ ਬਾਲ ਦਿਵਸ’ ਮਨਾਉਣਾ ਵੀ ਇਸੇ ਦਾ ਪ੍ਰਤੀਕ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਗੁਰੂ ਤੇਗ਼ ਬਹਾਦਰ ਦਾ 400ਵਾਂ ਪ੍ਰਕਾਸ਼ ਪੁਰਬ, ਨੇਤਾਜੀ ਸੁਭਾਸ਼ ਚੰਦਰ ਬੋਸ ਦਾ 125ਵਾਂ ਜਨਮ ਦਿਨ ਵੀ ਇਸੇ ਵਿਚਾਰ ਨੂੰ ਮੁੱਖ ਰੱਖ ਕੇ ਮਨਾ ਰਹੀ ਹੈ। ਇਸ ਮੌਕੇ ਰਾਸ਼ਟਰਪਤੀ ਨੇ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਵਿਚ ਸਰਕਾਰ ਦੀਆਂ ਤਰਜੀਹਾਂ ਦਾ ਜ਼ਿਕਰ ਕਰਦਿਆਂ ਗੋਆ ਵਿਚ ਮੁਕਤੀ ਸੰਗਰਾਮ ਦੇ ਯੋਧਿਆਂ ਦੇ ਸਮਾਰਕ ਦੇ ਉਦਘਾਟਨ, ਉੱਤਰਾਖੰਡ ਦੇ ਜੋਲਿੰਗ ਕੋਂਗ ਜਿਹੇ ਦੂਰ-ਦੁਰੇਡੇ ਦੇ ਪਿੰਡ ਨੂੰ ਆਧੁਨਿਕ ਮਾਰਗ ਨਾਲ ਜੋੜਨ, ਯੂਪੀ ਦੇ ਗੌਤਮ ਬੁੱਧ ਨਗਰ ਵਿਚ ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ ਦੇ ਨਿਰਮਾਣ, ਸੰਘਰਸ਼ ਕਰ ਰਹੇ ਅਫ਼ਗਾਨਿਸਤਾਨ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਜਿਹੇ ਕਦਮਾਂ ਨੂੰ ਉਭਾਰਿਆ। ਮਹਾਮਾਰੀ ਦੇ ਸੰਦਰਭ ਵਿਚ ਸਿਹਤ ਕਰਮੀਆਂ, ਵਿਗਿਆਨੀਆਂ ਤੇ ਉੱਦਮੀਆਂ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਸਾਰਿਆਂ ਨੇ ਇਕ ਟੀਮ ਦੇ ਰੂਪ ਵਿਚ ਕੰਮ ਕੀਤਾ ਹੈ। ਕੋਵਿੰਦ ਨੇ ਕਿਹਾ, ‘ਅਸੀਂ ਇਕ ਸਾਲ ਤੋਂ ਘੱਟ ਸਮੇਂ ਵਿਚ 150 ਕਰੋੜ ਤੋਂ ਵੱਧ ਵੈਕਸੀਨ ਡੋਜ਼ ਲਾਉਣ ਦਾ ਰਿਕਾਰਡ ਬਣਾਇਆ ਹੈ।’
ਕੋਵਿੰਦ ਨੇ ਕਿਹਾ ਕਿ ਅੱਜ ਦੇਸ਼ ਵਿਚ 90 ਪ੍ਰਤੀਸ਼ਤ ਤੋਂ ਵੱਧ ਬਾਲਗ ਨਾਗਰਿਕਾਂ ਨੂੰ ਟੀਕੇ ਦੀ ਇਕ ਡੋਜ਼ ਮਿਲ ਚੁੱਕੀ ਹੈ ਜਦਕਿ 70 ਪ੍ਰਤੀਸ਼ਤ ਤੋਂ ਵੱਧ ਲੋਕ ਦੋਵੇਂ ਖ਼ੁਰਾਕਾਂ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ 15-18 ਸਾਲ ਤੱਕ ਦੇ ਵਰਗ ਵਿਚ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ ਫਰੰਟਲਾਈਨ ਵਰਕਰਾਂ ਅਤੇ ਸੀਨੀਅਰ ਨਾਗਰਿਕਾਂ ਨੂੰ ‘ਪ੍ਰੀਕੌਸ਼ਨਰੀ ਡੋਜ਼’ ਦਿੱਤੀ ਜਾ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿਚ 8 ਟੀਕਿਆਂ ਨੂੰ ਹੰਗਾਮੀ ਵਰਤੋਂ ਲਈ ਮਨਜ਼ੂਰੀ ਮਿਲ ਚੁੱਕੀ ਹੈ ਤੇ ਭਾਰਤ ਵਿਚ ਬਣ ਰਹੇ ਤਿੰਨ ਟੀਕਿਆਂ ਨੂੰ ਡਬਲਿਊਐਚਓ ਵੱਲੋਂ ਵਰਤੋਂ ਲਈ ਮਨਜ਼ੂਰੀ ਮਿਲ ਚੁੱਕੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly