(ਸਮਾਜ ਵੀਕਲੀ)
ਘਰ ਵਾਪਸੀ ਬਣਾ ਕੇ ਇਨ੍ਹਾਂ ਪੱਜ ਰੱਖਿਆ
ਸੱਚੀਂ ਚੌਧਰਾਂ ਦਾ ਜਿਨ੍ਹਾਂ ਨੇ ਸਵਾਦ ਚੱਖਿਆ
ਬੋਲ ਬੋਲ ਝੂਠ ਸਾਨੂੰ ਉੱਲੂ ਵੀ ਬਣਾਉਂਦੇ ਨੇ
ਇੱਕ ਵਾਰ ਜਿੱਤਕੇ ਨਾ ਮੂੰਹ ਇਹ ਦਿਖਾਉਂਦੇ ਨੇ
ਨੀਲੇ ਕਾਲੇ ਚਿੱਟੇ ਸਾਰੇ ਅੰਦਰੋਂ ਵੀ ਇੱਕ ਨੇ
ਲੜਦੇ ਨੇ ਬਾਹਰੋਂ ਸਭ ਲਾਹਣਤੀ ਅਧਿੱਕ ਨੇ
ਗਾਲੋ ਗਾਲੀਂ ਹੋ ਕੇ ਲੋਕਾਂ ਨੂੰ ਡਰਾਉਂਦੇ ਨੇ
ਇੱਕ ਵਾਰ ਜਿੱਤਕੇ ਨਾ ਮੂੰਹ ਇਹ ਦਿਖਾਉਂਦੇ ਨੇ
ਆਟਾ ਦਾਲ਼ ਨੌਕਰੀ ਦੀ ਬੁਰਕੀ ਨੇ ਸੁੱਟਦੇ
ਮੰਗੀਏ ਜੇ ਨੌਕਰੀ ਪਾ ਸੜਕਾਂ ਤੇ ਕੁੱਟਦੇ
ਪਾੜੋ ਰਾਜ ਕਰੋ ਨੀਤੀ ਗੋਰੇ ਦੀ ਅਪਣਾਉਂਦੇ ਨੇ
ਇੱਕ ਵਾਰ ਜਿੱਤਕੇ ਨਾ ਮੂੰਹ ਇਹ ਦਿਖਾਉਂਦੇ ਨੇ
ਪੰਜ ਪੰਜ ਪੈਨਸ਼ਨਾਂ ਲੈਣ ਵੱਡੇ ਪਰਿਵਾਰ ਨੇ
ਬਾਹਰਲੇ ਮੁਲਕ ਵਿੱਚ ਵੱਡੇ ਕਾਰੋਬਾਰ ਨੇ
ਵਿਹਲੜਾਂ ਦੀ ਫੌਜ ਫਿਰੇ ਧੰਨ ਇਹ ਕਮਾਉਂਦੇ ਨੇ
ਇੱਕ ਵਾਰ ਜਿੱਤਕੇ ਨਾ ਮੂੰਹ ਇਹ ਦਿਖਾਉਂਦੇ ਨੇ
ਓ ਕਿਰਤੀ ਕਿਸਾਨ ਮਰੇ ਭੁੱਖਾ ਸਾਰੇ ਦੇਸ਼ ਦਾ
ਫਾਹੇ ਸਪਰੇਹਾਂ ਸਾਡੇ ਹਿੱਸੇ ਹੀ ਕਲੇਸ਼ ਦਾ
‘ਜੀਤ’ ਵੱਢੋ ਫਸਤਾ ਇਹ ਸਾਨੂੰ ਹੀ ਲੜਾਉਂਦੇ ਨੇ
ਇੱਕ ਵਾਰ ਜਿੱਤਕੇ ਨਾ ਮੂੰਹ ਇਹ ਦਿਖਾਉਂਦੇ ਨੇ
ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly