ਪੰਛੀ – ਪਰਿੰਦਿਆਂ ਦੀ ਅਹਿਮੀਅਤ..

(ਸਮਾਜ ਵੀਕਲੀ)– ਮਾਨਵਜਾਤੀ ਦੇ ਨਾਲ – ਨਾਲ ਪੰਛੀ – ਪਰਿੰਦੇ ਵੀ ਆਪਣੀ ਹੋਂਦ /ਵਜੂਦ ਕਾਇਮ ਰੱਖਦੇ ਆ ਰਹੇ ਹਨ। ਪੰਛੀ – ਪਰਿੰਦੇ ਸਾਡੇ ਮਾਨਵਜਾਤੀ ਲਈ ਕਿੰਨੇ ਜ਼ਰੂਰੀ ਤੇ ਅਹਿਮੀਅਤ ਰੱਖਣ ਵਾਲੇ ਹਨ , ਇਸ ਗੱਲ ਦਾ ਅਨੁਮਾਨ ਉਨ੍ਹਾਂ ਦੀ ਗਿਣਤੀ ਘੱਟ ਜਾਣ ਅਤੇ ਉਨ੍ਹਾਂ ਦੇ ਲੁਪਤ ਹੋ ਜਾਣ ਤੋਂ ਬਾਅਦ ਹੀ ਲਗਾਇਆ ਜਾਂਦਾ ਹੈ। ਪ੍ਰਮਾਤਮਾ ਨੇ ਜੋ ਵੀ ਪੰਛੀ – ਪਰਿੰਦੇ ਸਿਰਜੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ ਦੇ ਹਿਤੈਸ਼ੀ , ਸ਼ੁਭ – ਚਿੰਤਕ ਤੇ ਸਹਿਯੋਗੀ ਬਣਦੇ ਆਏ ਹਨ। ਇਸ ਦਾ ਸਹਿਜ ਅਨੁਮਾਨ ਗਿਰਝਾਂ ਦੇ ਘੱਟ ਜਾਣ ਤੋਂ ਬਾਅਦ ਮ੍ਰਿਤਕ ਜਾਨਵਰਾਂ ਦੀਆਂ ਥਾਂ – ਥਾਂ ਪਈਆਂ ਬਦਬੂ ਮਾਰਦੀਆਂ ਗਲੀਆਂ – ਸੜੀਆਂ ਲਾਸ਼ਾਂ ਤੋਂ ਪ੍ਰੇਸ਼ਾਨ ਹੋ ਕੇ ਲਗਾਇਆ ਜਾ ਸਕਦਾ ਹੈ।

ਪੰਛੀ – ਪਰਿੰਦੇ ਆਪਣੀਆਂ ਮਨਮੋਹਕ ਤੇ ਸੁਰੀਲੀਆਂ ਆਵਾਜ਼ਾਂ ਤੇ ਆਪਣੀਆਂ ਰੰਗ – ਬਰੰਗੀਆਂ ਅਤੇ ਹੈਰਤਅੰਗੇਜ਼ ਬਣਤਰਾਂ ਨਾਲ ਵੀ ਮਨੁੱਖ ਨੂੰ ਸੁਖ – ਸਕੂਨ ਅਤੇ ਦਿਲਕਸ਼ ਦ੍ਰਿਸ਼ – ਨਜ਼ਾਰੇ ਸੁਲਭ ਕਰਾਉਂਦੇ ਹਨ। ਚਿੜੀਆਂ ਦੀ ਚੀਂ – ਚੀਂ , ਕੋਇਲ ਦੀ ਕੂ – ਕੂ , ਗੁਟਾਰਾਂ ਦਾ ਚਹਿਚਹਾਉਣਾ ਤੇ ਮੋਰ ਦੀ ਕੂਕ ਤੇ ਪੈਲ ਪਾਉਣਾ ਹਰ ਕਿਸੇ ਨੂੰ ਅਨੰਦ ਪ੍ਰਦਾਨ ਕਰਨ ਅਤੇ ਸਕੂਨ ਦੇਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ ਅਤੇ ਜੀਵਨ ਜਿਉਣ ਦੀ ਨਵੀਂ ਤਾਜ਼ਗੀ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ।

ਇਹਨਾਂ ਪੰਛੀਆਂ ਸਦਕਾ ਹੀ ਨਾਨੀ ਤੇ ਦਾਦੀ ਸਾਨੂੰ ਕਲਪਨਾਸ਼ੀਲ , ਮਿੱਠੀਆਂ ਤੇ ਸਿੱਖਿਆਦਾਇਕ ਕਹਾਣੀਆਂ ਸੁਣਾਉਂਦੇ ਆਏ। ਇਹ ਪੰਛੀ – ਪਰਿੰਦੇ ਸਾਡੀਆਂ ਫ਼ਸਲਾਂ ਤੇ ਬਾਗ – ਬਗੀਚਿਆਂ ਲਈ ਵੀ ਸਹਾਇਕ ਦੀ ਭੂਮਿਕਾ ਅਦਾ ਕਰਦੇ ਹਨ। ਪੰਛੀਆਂ ਦੇ ਅਨੁਭਵ ਤੇ ਸੁਣਨ ਸ਼ਕਤੀ ਵਾਲੀ ਨਾਯਾਬ ਹਸਰਤ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਪ੍ਰਾਕ੍ਰਿਤਿਕ ਕਰੋਪੀਆਂ ਜਿਵੇਂ : ਭੂਚਾਲ , ਹੜ੍ਹ , ਮੀਂਹ , ਹਨ੍ਹੇਰੀ , ਸੁਨਾਮੀ ਆਦਿ ਤੋਂ ਸੁਚੇਤ ਕਰਨ ਲਈ ਵੀ ਸਹਾਇਕ ਸਿੱਧ ਹੁੰਦੀ ਆਈ ਹੈ ; ਜੋ ਕਿ ਵਿਗਿਆਨ ਦੀਆਂ ਅਜੋਕੀਆਂ ਉੱਚਤਮ ਖੋਜਾਂ ਨੂੰ ਵੀ ਮਾਤ ਪਾ ਦਿੰਦੀ ਹੈ। ਪੰਛੀਆਂ ਤੋਂ ਇਨਸਾਨ ਨੂੰ ਕਾਫ਼ੀ ਕੁਝ ਸਿੱਖਣ – ਸਮਝਣ ਨੂੰ ਵੀ ਮਿਲਦਾ ਹੈ। ਇਹ ਪੰਛੀ ਮਨੁੱਖ ਦੀ ਘਰ , ਬਾਹਰ , ਜੰਗਲਾਂ , ਖੇਤਾਂ ਆਦਿ ਵਿੱਚ ਕਈ ਤਰ੍ਹਾਂ ਦੀਆਂ ਚਿਤਾਵਨੀ ਆਵਾਜ਼ਾਂ ਸਦਕਾ ਯੋਗ ਅਗਵਾਈ ਕਰਦੇ ਆਏ ਹਨ। ਪੰਛੀਆਂ – ਪਰਿੰਦਿਆਂ ਦੀ ਹੋਂਦ ਨਾਲ ਹੀ ਕਈ ਤਰ੍ਹਾਂ ਦੀਆਂ ਭੋਜਨ ਲੜੀਆਂ ਕਾਇਮ ਰਹਿ ਸਕਦੀਆਂ ਹਨ। ਜਿਸ ਨਾਲ ਕੁਦਰਤ ਵਿੱਚ ਵਾਤਾਵਰਨਕ ਸੰਤੁਲਨ ਬਣਿਆ ਰਹਿ ਸਕਣ ਦੇ ਹਾਲਾਤ ਬਣਦੇ ਹਨ। ਅੱਜ ਮਨੁੱਖ ਵੱਲੋਂ ਜੰਗਲਾਂ ਦੀ ਧੜਾਧੜ ਕਟਾਈ ਕਰਕੇ ਪੰਛੀਆਂ ਦੇ ਰਹਿਣ ਸਥਾਨਾਂ ਨੂੰ ਜਾਣੇ – ਅਣਜਾਣੇ ਵਿੱਚ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਨਵੇਂ ਰੁੱਖ ਲਗਾਉਣ ਤੇ ਉਹਨਾਂ ਦੀ ਸੰਭਾਲ ਕਰਨ ਤੋਂ ਘੇਸਲ ਵੱਟੀ ਜਾ ਰਹੀ ਹੈ।

ਅੱਜ ਵਧ ਰਹੇ ਮੋਬਾਇਲ ਫੋਨ ਟਾਵਰਾਂ ਤੇ ਇੰਟਰਨੈੱਟ ਵਸੀਲਿਆਂ ਆਦਿ ਨੇ ਵੀ ਪੰਛੀਆਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਹਰ ਖ਼ੁਸ਼ੀ ਸਮੇਂ ਡੀ. ਜੇ. ਦੀ ਵਰਤੋਂ ਕਰਨਾ , ਬੰਬ – ਪਟਾਖਿਆਂ ਦੀ ਵਰਤੋਂ ਕਰਨਾ , ਹਾਨੀਕਾਰਕ ਪਤੰਗ ਡੋਰਾਂ ਦੀ ਵਰਤੋਂ ਅਤੇ ਲੋੜ ਤੋਂ ਵੱਧ ਕੀਤੀ ਜਾ ਰਹੀ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਤੇ ਨਦੀਨਨਾਸ਼ਕਾਂ ਦੀ ਵਰਤੋਂ ਅੱਜ ਪੰਛੀਆਂ – ਪਰਿੰਦਿਆਂ ਲਈ ਬਹੁਤ ਮਾਰੂ ਸਾਬਤ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਨਵੀਆਂ ਨਸਲਾਂ ਪੈਦਾ ਕਰਨ ਦੀ ਕੁਦਰਤੀ ਪ੍ਰਕਿਰਿਆ ਵਿੱਚ ਵੀ ਰੋੜਾ ਪੈਦਾ ਕਰ ਰਹੀ ਹੈ। ਅੱਜ ਸਾਡੀ ਲਾਪ੍ਰਵਾਹੀ ਕਰਕੇ ਚਿਡ਼ੀਆਂ , ਕਾਂ , ਚੱਕੀਰਾਹਾ , ਕਠਫੋੜ੍ਹਾ , ਬੁਲਬੁਲ , ਗਿਰਝਾਂ , ਕੋਇਲ , ਬਾਜ਼ , ਤੋਤੇ , ਤਿੱਤਰ , ਬਟੇਰ , ਕੋਇਲਾਂ , ਕੂੰਜਾਂ , ਇੱਲ੍ਹਾਂ , ਗੁਟਾਰਾਂ ਆਦਿ ਪੰਛੀ ਆਮ ਦੇਖਣ ਨੂੰ ਘੱਟ ਹੀ ਮਿਲਦੇ ਹਨ। ਮਨੁੱਖ ਨੇ ਕੱਚੇ ਘਰਾਂ , ਝੁੱਗੀਆਂ , ਬਾਲੇ , ਸ਼ਤੀਰਾਂ , ਟੀਨਾ ਆਦਿ ਦੇ ਘਰ ਬਣਾਉਣ ਦੀ ਥਾਂ ਸੀਮਿੰਟ ਦੇ ਬੰਦ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ ।

ਜਿਸ ਕਰਕੇ ਪੰਛੀਆਂ ਨੂੰ ਆਪਣੀ ਹੋਂਦ ਬਚਾਉਣ ਲਈ ਦੋ – ਚਾਰ ਹੋਣਾ ਪੈ ਰਿਹਾ ਹੈ। ਪਹਿਲੇ ਸਮੇਂ ਮਨੁੱਖ ਕਈ ਤਰ੍ਹਾਂ ਦੇ ਵਿਚਾਰਾਂ ਨੂੰ ਧਾਰਮਿਕ ਤੇ ਮਾਨਸਿਕ ਦ੍ਰਿਸ਼ਟੀ ਨਾਲ ਜੋੜ ਕੇ ਪੰਛੀ – ਪਰਿੰਦਿਆਂ ਲਈ ਦਾਣਾ – ਪਾਣੀ ਤੇ ਆਵਾਸ ਦਾ ਪ੍ਰਬੰਧ ਕਰਿਆ ਕਰਦਾ ਸੀ ਅਤੇ ਇਨ੍ਹਾਂ ਦੇ ਉੱਥਾਨ ਤੇ ਭਲਾਈ ਲਈ ਯੋਗ ਢੰਗ – ਤਰੀਕੇ ਅਪਣਾਉਂਦਾ ਹੁੰਦਾ ਸੀ ; ਕਈ ਲੋਕ ਜਾਂ ਰਾਜੇ ਵੀ ਪੰਛੀ – ਪਰਿੰਦਿਆਂ ਨੂੰ ਸਮਰਪਿਤ ਕੰਮਕਾਜ ਮਨ ਲਗਾ ਕੇ ਮਾਨਵਤਾ ਦੀ ਭਲਾਈ ਦੀ ਦੁਹਾਈ ਦੇ ਕੇ ਕਰਦੇ ਰਹਿੰਦੇ ਸਨ , ਪਰ ਅਜੋਕੇ ਮਨੁੱਖੀ ਸੁਭਾਅ ਵਿੱਚੋਂ ਇਨ੍ਹਾਂ ਜੀਵਾਂ ਪੰਛੀਆਂ ਪ੍ਰਤੀ ਦਇਆ ਭਾਵਨਾ ਵੱਲ ਧਿਆਨ ਸ਼ਾਇਦ ਘੱਟ ਗਿਆ ਹੈ। ਇਸ ਲਈ ਸਾਨੂੰ ਪੰਛੀਆਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਨੂੰ ਬਚਾਉਣ ਲਈ ਆਪਣੀ ਆਮਦਨ ਵਿੱਚੋਂ ਕੁਝ ਹਿੱਸਾ ਪੰਛੀ – ਪਰਿੰਦਿਆਂ ਲਈ ਰੁੱਖ ਲਗਾ ਕੇ , ਦਾਣਾ – ਪਾਣੀ ਦਾ ਪ੍ਰਬੰਧ ਕਰਕੇ ਤੇ ਘਰਾਂ ਦੇ ਨੇਡ਼ੇ ਬਨਾਉਟੀ ਆਲ੍ਹਣੇ ਸਥਾਪਤ ਕਰਕੇ ਮਾਨਵਤਾ ਲਈ ਪੰਛੀਆਂ ਨੂੰ ਸਮਰਪਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਜੇਕਰ ਮਨੁੱਖ ਨੇ ਪੰਛੀਆਂ – ਪਰਿੰਦਿਆਂ ਪ੍ਰਤੀ ਚੁੱਪ ਵੱਟੀ ਰੱਖੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਕੁਦਰਤ ਦੀਆਂ ਇਨ੍ਹਾਂ ਅਦਭੁੱਤ ਤੇ ਅਦਿੱਵਿਤਿਯਾ ਦਾਤਾਂ ਅਤੇ ਦ੍ਰਿਸ਼ਾਂ , ਆਵਾਜ਼ਾਂ , ਨਜ਼ਾਰਿਆਂ ਅਤੇ ਮਨਮੋਹਕ ਕਾਰਨਾਮਿਆਂ ਤੋਂ ਅਣਜਾਣ ਤੇ ਅਭਿੱਜ ਰਹਿ ਸਕਦੀ ਹੈ। ਫਿਰ ਇਹ ਮਨਮੋਹਕ ਤੇ ਰੰਗ – ਬਿਰੰਗੇ ਪਿਆਰੇ ਪੰਛੀ – ਪਰਿੰਦੇ ਕੇਵਲ ਕਿਤਾਬਾਂ ਜਾਂ ਕੰਪਿਊਟਰਾਂ ਦੀਆਂ ਫੋਟੋਆਂ ਅਤੇ ਮੋਬਾਇਲ ਫੋਨਾਂ ‘ਤੇ ਰਿੰਗ – ਟੋਨਾਂ ਤੱਕ ਹੀ ਸੀਮਿਤ ਹੋ ਜਾਣਗੇ ਅਤੇ ਕੁਦਰਤ ਦਾ ਇਹ ਵਡਮੁੱਲਾ ਤੋਹਫ਼ਾ ਸਾਡੇ ਪਾਸੋਂ ਸਦਾ – ਸਦਾ ਲਈ ਖੁੱਸ ਜਾਵੇਗਾ।


ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਲਾਸਟਿਕ ਡੋਰ ’ਤੇ ਸਰਕਾਰ ਲਗਾਏ ਪੂਰਨ ਤੌਰ ’ਤੇ ਪਾਬੰਦੀ-ਵਿਨੋਦ ਭਾਰਦਵਾਜ, ਜੱਗੀ ਸੰਧੂ ਤੇ ਮਨਵੀਰ ਢਿੱਲੋਂ
Next articleਭਾਜਪਾ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਹਲਕਾ ਕਪੂਰਥਲਾ ਤੋਂ ਨਾਮਜ਼ਦਗੀ ਪਰਚਾ ਕੀਤਾ ਦਾਖ਼ਲ