ਕਸ਼ਮੀਰ ਮਸਲਾ ਸੰਵਾਦ ਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਵੇ: ਇਮਰਾਨ

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਆਪਣੇ ਚੀਨ ਦੌਰੇ ਤੋਂ ਪਹਿਲਾਂ ਕਿਹਾ ਕਿ ਦੱਖਣੀ ਏਸ਼ੀਆ ਵਿਚ ‘ਸਥਾਈ ਸ਼ਾਂਤੀ’ ਲਈ ਇਹ ਜ਼ਰੂਰੀ ਹੈ ਕਿ ਖੇਤਰ ਵਿਚ ‘ਰਣਨੀਤਕ ਤਵਾਜ਼ਨ’ ਕਾਇਮ ਕੀਤਾ ਜਾਵੇ ਤੇ ਕਸ਼ਮੀਰ ਸਣੇ ਸਾਰੇ ‘ਬਕਾਇਆ ਮੁੱਦੇ’ ਸੰਵਾਦ, ਕੂਟਨੀਤੀ ਤੇ ਕੌਮਾਂਤਰੀ ਕਾਨੂੰਨਾਂ ਰਾਹੀਂ ਸੁਲਝਾਏ ਜਾਣ। ਉਨ੍ਹਾਂ ਸਰਹੱਦਾਂ ਸਬੰਧੀ ਹੋਰ ਲਟਕੇ ਮਸਲਿਆਂ ਦੀ ਗੱਲ ਵੀ ਕੀਤੀ। ਚੀਨ ਦੀ ਅਖਬਾਰ ‘ਗਲੋਬਲ ਟਾਈਮਜ਼’ ਵਿਚ ਪ੍ਰਕਾਸ਼ਿਤ ਲੇਖ ਵਿਚ ਖਾਨ ਨੇ ਕਸ਼ਮੀਰ ਮਸਲੇ ਦੇ ਹੱਲ ਬਾਰੇ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਸਰਹੱਦੀ ਮਸਲਿਆਂ ਦੇ ਹੱਲ ਨੂੰ ਦੱਖਣੀ ਏਸ਼ੀਆ ਵਿਚ ਸ਼ਾਂਤੀ ਲਈ ਜ਼ਰੂਰੀ ਦੱਸਿਆ ਹੈ। ਪ੍ਰਧਾਨ ਮੰਤਰੀ ਖਾਨ ਨੇ ਉਈਗਰ ਮੁਸਲਿਮਾਂ ਦੇ ਹੱਕਾਂ ਦੇ ਘਾਣ ਦੇ ਮਾਮਲੇ ਵਿਚ ਚੀਨ ਨੂੰ ਕਲੀਨ ਚਿੱਟ ਦਿੱਤੀ।

ਇਮਰਾਨ ਚਾਰ ਫਰਵਰੀ ਨੂੰ ਪੇਈਚਿੰਗ ਵਿਚ ਸਰਦ ਰੁੱਤ ਉਲੰਪਿਕ ਦੇ ਉਦਘਾਟਨੀ ਸਮਾਗਮ ਵਿਚ ਹਿੱਸਾ ਲੈਣਗੇ। ਅਮਰੀਕਾ ਤੇ ਉਸ ਦੇ ਸਾਥੀ ਮੁਲਕ ਸ਼ਿਨਜਿਆਂਗ ਵਿਚ ਰਹਿੰਦੇ ਉਈਗਰਾਂ ਦੇ ਮਾਮਲੇ ’ਤੇ ਇਸ ਸਮਾਗਮ ਦਾ ਕੂਟਨੀਤਕ ਤੌਰ ਉਤੇ ਬਾਈਕਾਟ ਕਰ ਰਹੇ ਹਨ। ਇਮਰਾਨ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਦੇ ਦੂਤ ਨੇ ਚੀਨੀ ਰਾਜ ਦਾ ਦੌਰਾ ਕੀਤਾ ਹੈ ਤੇ ਦੋਸ਼ ਸਹੀ ਨਹੀਂ ਹਨ। ਉਦਘਾਟਨੀ ਸਮਾਗਮ ਵਿਚ ਹਿੱਸਾ ਲੈਣ ਤੋਂ ਇਲਾਵਾ ਖਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੀਟਿੰਗ ਵੀ ਕਰਨਗੇ। ਇਸ ਤੋਂ ਇਲਾਵਾ ਚੀਨ ਪਾਕਿਸਤਾਨ ਆਰਥਿਕ ਲਾਂਘੇ, ਚੀਨੀ ਕਰਜ਼ਿਆਂ ਦੇ ਨਿਵੇਸ਼ ਬਾਰੇ ਵੀ ਬੈਠਕਾਂ ਹੋਣਗੀਆਂ। ਚੀਨ ਵੱਲੋਂ ਜਾਰੀ ਸੂਚੀ ਮੁਤਾਬਕ ਉਦਘਾਟਨੀ ਸਮਾਗਮ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਵੀ ਹਿੱਸਾ ਲੈਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਂ ਫਰਾਂਸਿਸਕੋ ’ਚ ਏਸ਼ਿਆਈ ਮੂਲ ਦੇ ਲੋਕਾਂ ਖ਼ਿਲਾਫ਼ ਨਫ਼ਰਤੀ ਅਪਰਾਧ ਵਧੇ
Next articleਭਾਰਤ-ਇਜ਼ਰਾਈਲ ਸਬੰਧਾਂ ਨੂੰ ਅਗਲੇ ਪੜਾਅ ਵੱਲ ਲਿਜਾਣ ਦਾ ਸਭ ਤੋਂ ਵਧੀਆ ਸਮਾਂ: ਮੋਦੀ