ਬਠਿੰਡਾ (ਸਮਾਜ ਵੀਕਲੀ): ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕੰਧਾਂ ’ਤੇ ਪੋਸਟਰ ਲਾ ਰਹੇ ਦਿਹਾੜੀਦਾਰ ਦਾ ਕਥਿਤ ਕੁਟਾਪਾ ਚਾੜ੍ਹਨ ਦੇ ਦੋਸ਼ ਤਹਿਤ ਥਾਣਾ ਕੈਂਟ ਨੇ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਪੁੱਤਰ ਦੀਨਵ ਸਿੰਗਲਾ ਅਤੇ ਉਸ ਦੇ 6 ਸਾਥੀਆਂ ’ਤੇ ਧਾਰਾਵਾਂ 341, 323, 506 ਅਤੇ 149 ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੀੜਤ ਦਵਿੰਦਰ ਕੁਮਾਰ ਅਨੁਸਾਰ ਉਹ ਦਿਨ ਵਕਤ ਫ਼ਲਾਂ ਦੀ ਰੇਹੜੀ ਅਤੇ ਰਾਤ ਸਮੇਂ ਚੋਣ ਲੜ ਰਹੀਆਂ ਵੱਖ-ਵੱਖ ਪਾਰਟੀਆਂ ਦੇ ਪੋਸਟਰ ਲਾ ਕੇ ਰੋਟੀ-ਰੋਜ਼ੀ ਕਮਾਉਂਦਾ ਹੈ। ਰਾਤ ਨੂੰ ਕਰੀਬ 10:30 ਵਜੇ ਜਦੋਂ ਉਹ ਪਰਿੰਦਾ ਰੋਡ ’ਤੇ ਪੋਸਟਰ ਲਾ ਕੇ ਜਾਣ ਲੱਗਾ ਤਾਂ ਉਸ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਰੋਕ ਲਿਆ ਅਤੇ ਫ਼ੋਨ ਕਰਕੇ ਆਪਣੇ ਸਹਿਯੋਗੀਆਂ ਨੂੰ ਬੁਲਾ ਲਿਆ।
ਉਨ੍ਹਾਂ ਨੇ ਦੱਸਿਆ ਕਿ ਕੁਝ ਦੇਰ ’ਚ ਪੰਜ ਆਦਮੀ ਇਨੋਵਾ ਗੱਡੀ ’ਤੇ ਆਏ ਅਤੇ ਸਾਰੇ ਰਲ ਕੇ ਉਸ ਨੂੰ ਕੁੱਟਣ ਲੱਗੇ। ਪੀੜਤ ਨੇ ਕਿਹਾ ਕਿ ਦੀਨਵ ਸਿੰਗਲਾ ਨੇ ਉਸ ਦੇ ਮੱਥੇ ’ਚ ਮੁੱਕਾ ਮਾਰਿਆ ਅਤੇ ਉਸ ਦੇ ਨਾਲ ਦੇ ਵਿਅਕਤੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗੇ। ਉਸ ਨੇ ਕਿਹਾ ਕਿ ਦੀਨਵ ਸਿੰਗਲਾ ਨੇ ਉਸ ਨੂੰ ਹੇਠਾ ਸੁੱਟ ਕੇ ਠੁੱਡੇ ਮਾਰੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਦੱਸਿਆ ਕਿ ਬਚਾਅ ਲਈ ਰੌਲਾ ਪਾਉਣ ਜਾਣ ’ਤੇ ਉਹ ਆਪਣੀ ਗੱਡੀ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਉੱਥੋਂ ਚਲੇ ਗਏ। ਇਸ ਤੋਂ ਬਾਅਦ ਪੋਸਟਰ ਲਾਉਣ ਦਾ ਕੰਮ ਦੇਣ ਵਾਲੇ ਸੋਨਕ ਜੋਸ਼ੀ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly