ਨਾਭਾ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੋਂ ਦੇ ਇੱਕ ਪੈਲੇਸ ਵਿੱਚ ਨਾਭਾ ਦੀ ਰਾਖਵੀਂ ਸੀਟ ਤੋਂ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ ਲਈ ਚੋਣ ਪ੍ਰਚਾਰ ਕੀਤਾ। ਇਸ ਮੌਕੇ ਚੰਨੀ ਨੇ ਗੁਰੂ ਰਵਿਦਾਸ ਦੀਆਂ ਤੁਕਾਂ ਸੁਣਾਉਂਦਿਆਂ ਵਿੱਤੀ ਪਾੜਾ ਖ਼ਤਮ ਕਰਨ ਦੀ ਗੱਲ ਕਹੀ। ਉਨ੍ਹਾਂ ਆਂਗਣਵਾੜੀ ਵਰਕਰ, ਆਸ਼ਾ ਵਰਕਰ, ਮਿੱਡ-ਡੇਅ ਮੀਲ ਕੁੱਕ ਆਦਿ ਦੀਆਂ ਤਨਖਾਹਾਂ ’ਚ ਵਾਧੇ ਸਮੇਤ ਆਪਣੇ 111 ਦਿਨ ਦੇ ਕਾਰਜਕਾਲ ਦੀ ਪ੍ਰਾਪਤੀਆਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਦੁਬਾਰਾ ਮੌਕਾ ਮਿਲਣ ’ਤੇ ਉਹ ਪੰਜਾਬ ਦਾ ਵਧੇਰੇ ਵਿਕਸ ਕਰਨਗੇ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਵੀ ਚੰਨੀ ਨੂੰ ਮੁੱਖ ਮੰਤਰੀ ਵਜੋਂ ਦੇਖਣ ਦੀ ਖਾਹਿਸ਼ ਜ਼ਾਹਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ’ਚ ਪਹਿਲੀ ਵਾਰ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਹੈ ਅਤੇ ਉਨ੍ਹਾਂ ਦੇ ਕੰਮ ਨੂੰ ਹਰ ਵਰਗ ਨੇ ਪਸੰਦ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਦੋਹਾਂ ਨੂੰ ਗੈਰ-ਸੰਜੀਦਾ ਆਗੂ ਕਰਾਰ ਦਿੰਦਿਆਂ ਚੰਨੀ ਨੇ ਕਿਹਾ ਕਿ ਦੋਵੇਂ ਸੰਜੀਦਾ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਵਿਰੋਧੀ ਉਨ੍ਹਾਂ ਨੂੰ ਬਾਦਲਾਂ ਨਾਲ ਮਿਲਿਆ ਦੱਸਦੇ ਸਨ ਅਤੇ ਕਹਿੰਦੇ ਸਨ ਕਿ ਮਜੀਠੀਆ ਖ਼ਿਲਾਫ਼ ਕੇਸ ਹਲਕਾ ਬਣਾਇਆ ਗਿਆ ਹੈ ਪਰ ਅੱਜ ਉਸ ਦੀ ਜ਼ਮਾਨਤ ਹਾਈ ਕੋਰਟ ’ਚੋਂ ਰੱਦ ਹੋਣ ’ਤੇ ਕਾਂਗਰਸ ਦੀ ਕਾਰਵਾਈ ’ਤੇ ਮੋਹਰ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਬਾਦਲ, ਕੈਪਟਨ ਅਤੇ ਕੇਜਰੀਵਾਲ ਸਾਰੇ ਰਲ ਕੇ ਉਨ੍ਹਾਂ ਨੂੰ ਦੱਬਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਲੋਕਾਂ ਦਾ ਸਾਥ ਹਾਸਲ ਹੈ ਤੇ ਹੌਸਲੇ ਬੁਲੰਦ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly