ਵਾਤਾਵਰਣ ਦੇ ਮੁੱਦੇ ਨੂੰ ਆਪਣੇ ਚੋਣ ਮਨੋਰਥ ਪੱਤਰ ‘ਚ ਸ਼ਾਮਿਲ ਨਾ ਕਰਨ ਵਾਲੀ ਪਾਰਟੀ ਨੂੰ ਲੋਕ ਚਲਦਾ ਕਰਨ- ਸੰਤ ਸੀਚੇਵਾਲ
ਕਪੂਰਥਲਾ / ਸੁਲਤਾਨਪੁਰ ਲੋਧੀ, (ਕੌੜਾ)-ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਏਜੰਡੇ ’ਤੇ ਵਾਤਾਵਰਣ ਦਾ ਮੁੱਦੇ ਪ੍ਰਮੁੱਖਤਾ ਨਾਲ ਲਿਆਉਣ ਦੇ ਇਰਾਦੇ ਨਾਲ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਇੱਕ ਉਚ ਪੱਧਰੀ ਵਫ਼ਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਮਿਿਲਆ। ਉਹਨਾਂ ਅਪੀਲ ਕੀਤੀ ਕਿ ਉਹ ਇਸ ਸਬੰਧੀ ਗੁਰੂਘਰਾਂ ਵਿਚ ਇਸ ਮੁੱਦੇ ਨੂੰ ਪ੍ਰਮੁੱਖਤਾ ਦੇਣ ਅਤੇ ਸੰਗਤਾਂ ਨੂੰ ਇਸ ਮੱੁਦੇ ਤੇ ਜਾਗਰੂਕ ਕਰਨ। ਇਸ ਮੁਲਾਕਤ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਰਾਜਸੀ ਪਾਰਟੀਆਂ ਨੂੰ ਇਸ ਬਾਰੇ ਅਪੀਲ ਕਰਨਗੇ ਕਿ ਉਹ ਜੀਵਨ ਨਾਲ ਜੁੜੇ ਇਸ ਗੰਭੀਰ ਮੁੱਦੇ ਨੂੰ ਵੱਖ-ਵੱਖ ਪਲੇਟ ਫਾਰਮਾਂ ’ਤੇ ਉਭਾਰਣ। ਉਹਨਾਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਗੁਰਬਾਣੀ ਵਿਚ ਬੜੀ ਸਰਲ ਭਾਸ਼ਾ ਵਿਚ ਕਾਦਰ ਦੀ ਕੁਦਰਤ ਨਾਲ ਇਕਮਿਕ ਹੋਣ ਦਾ ਸੰਦੇਸ਼ ਦਿੱਤਾ ਸੀ ਅੱਜ ਅਸੀ ਉਸਨੂੰ ਹੀ ਵਿਸਾਰ ਕੇ ਕੁਦਰਤ ਨਾਲ ਖਿਲਵਾੜ ਕਰੀ ਜਾ ਰਹੀ ਹੈ। ਵਾਤਾਵਰਣ ਪ੍ਰੇਮੀਆਂ ਤੇ ਸਿੰਘ ਸਾਹਿਬ ਵਿਚਕਾਰ ਹੋਈ ਇਸ ਪਹਿਲੀ ਮੀਟਿੰਗ ਦੌਰਾਨ ਹੀ ਇਹ ਸਥਿਤੀ ਸਾਫ ’ਤੇ ਸਪੱਸ਼ਟ ਕਰ ਦਿੱਤੀ ਗਈ ਹੈ ਕਿ ਜੇਕਰ ਵਾਤਾਵਰਣ ਸਾਫ਼ ਸੁਥਰਾ ਨਾ ਹੋਇਆ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਸੰਤ ਸੀਚੇਵਾਲ ਜੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਇਹ ਮੁਲਾਕਾਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਈ ਸੀ। ਸਿੰਘ ਸਾਹਿਬ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਉਣਗੇ।
ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੌਮੀ ਤੇ ਪੰਜਾਬ ਦੀਆਂ ਖੇਤਰੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ 2022 ਨੂੰ ਕੇਵਲ ਸੱਤਾ ਹਾਸਲ ਕਰਨ ਲਈ ਨਾ ਵਰਤਣ ਸਗੋਂ ਪੰਜਾਬ ਦੇ ਲੋਕਾਂ ਦੇ ਜਿਊਣ ਦੇ ਅਧਿਕਾਰ ਤੇ ਉਨ੍ਹਾਂ ਦੀ ਤੰਦਰੁਸਤੀ ਬਾਰੇ ਬਣਾਈ ਜਾਣ ਵਾਲੀ ਨੀਤੀ ਬਾਰੇ ਖੁੱਲ੍ਹਕੇ ਲੋਕਾਂ ਨਾਲ ਸੰਵਾਦ ਰਚਾਉਣ। ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਨ ਨੂੰ ਮੁੱਖ ਮੁੱਦਾ ਬਣਾਉਣ॥ ਉਹਨਾਂ ਕਿਹਾ ਕਿ ਜਦੋਂ ਤੱਕ ਵਾਤਾਵਰਣ ਦਾ ਮੁੱਦਾ ਲੋਕ ਮੁੱਦਾ ਤੇ ਵੋਟ ਮੁੱਦਾ ਨਹੀ ਬਣੇਗਾ, ਉਦੋਂ ਤੱਕ ਕਿਸੇ ਰਾਜਸੀ ਪਾਰਟੀ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਦੀ ਬਾਤ ਨਹੀਂ ਪਾਉਣੀ। ‘ਪੰਜਾਬ ਵਾਤਾਵਰਣ ਚੇਤਨਾ ਲਹਿਰ’ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਦਾ ਗਠਨ ਕਰਨ ਦਾ ਮਕਸਦ ਇਹੀ ਹੈ ਕਿ ਏਸ ਵਾਰ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਨੂੰ ਵਾਤਾਵਰਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਣ ਲਈ ਲੋਕਾਂ ਵੱਲੋਂ ਦਬਾਅ ਬਣਾਇਆ ਜਾਵੇਗਾ ਤੇ ਲੀਡਰਾਂ ਨੂੰ ਸਵਾਲ ਪੁੱਛੇ ਜਾਣਗੇ ਤਾਂ ਜੋ ਉਜੱੜ ਰਹੇ ਪੰਜਾਬ ਨੂੰ ਮੁੜ ਤੋਂ ਨਵਾਂ ਨਿਰੋਇਆ ਬਣਾਇਆ ਜਾ ਸਕੇ। ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੀ ਪਾਰਟੀ ਵਾਤਾਵਰਣ ਦੇ ਮੁੱਦੇ ਨੂੰ ਆਪਣੇ ਮੈਨੀਫੈਸਟੋ ’ਚ ਨਹੀਂ ਪਾਉਂਦੀ, ਲੋਕ ਵੋਟ ਰਾਹੀਂ ਉਸ ਪਾਰਟੀ ਨੂੰ ਚਲਦਾ ਕਰਨ ਕਿਉਂਕਿ ਲੋਕਾਂ ਨੂੰ ਜਿਉਣ ਦਾ ਹੱਕ ਦੇਣਾ ਸਰਕਾਰ ਦੀ ਡਿਊਟੀ ਹੈ। ਜਿਹੜੀ ਸਰਕਾਰ ਲੋਕਾਂ ਲਈ ਚੰਗੇ ਵਾਤਾਵਰਣ ਨਹੀਂ ਦੇ ਸਕਦੀ, ਉਸ ਤੋਂ ਕੋਈ ਉਮੀਦ ਵੀ ਨਹੀਂ ਰੱਖਣੀ ਚਾਹੀਦੀ।
ਉਹਨਾਂ ਦੇਸ਼ ‘ਚ ਮੀਡੀਏ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਣ ਵਰਗੇ ਗੰਭੀਰ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰੇ ਕਿਉਕਿ ਇਹ ਲੋਕਾਂ ਦੇ ਜੀਵਨ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਪਹਿਲਾ ਵੀ ਮੀਡੀਆ ਨੇ ਬਹੁਤ ਸਾਰੇ ਮੁੱਦਿਆਂ ਨੂੰ ਉਭਾਰ ਕੇ ਉਨ੍ਹਾਂ ਨੂੰ ਕੇਂਦਰੀ ਬਿੰਦੂ ‘ਚ ਲਿਆਉਣ ‘ਚ ਸਰਗਰਮ ਭੂਮਿਕਾ ਨਿਭਾਈ ਹੈ। ਇਸ ਵਾਰ ਵਾਤਾਵਰਣ ਦੇ ਮੁੱਦੇ ਨੂੰ ਵੀ ਕੇਂਦਰੀ ਬਿੰਦੂ ‘ਚ ਲਿਆਉਣ ਲਈ ਅੱਗੇ ਆਵੇ। ਉਮੀਦ ਕਰਦੇ ਹਾਂ ਕਿ ਮੀਡੀਆ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰੇਗਾ ਕਿਉਕਿ ਇਹ ਸਰਬਤ ਦੇ ਭਲੇ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਇੱਕਲੇ ਮਨੁੱਖ ਨਾਲ ਜੁੜਿਆ ਹੋਇਆ ਮੁੱਦਾ ਨਹੀਂ ਸਗੋਂ ਜਲਚਰ ਜੀਵਾਂ ਤੇ ਬਨਾਸਪਤੀ ਨਾਲ ਵੀ ਜੁੜਿਆ ਹੋਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly