ਚੰਡੀਗੜ੍ਹ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਚਮਕੌਰ ਸਾਹਿਬ ਸੀਟ ਵਿਧਾਨ ਸਭਾ ਚੋਣਾਂ ਵਿਚ ਹਾਰਨਗੇ। ਕੇਜਰੀਵਾਲ ਨੇ ਕਿਹਾ ਕਿ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਣ ’ਤੇ ਲੋਕ ਹੈਰਾਨ ਹਨ। ਆਪਣੇ ਦਾਅਵੇ ਲਈ ‘ਆਪ’ ਆਗੂ ਨੇ ਪਾਰਟੀ ਦੇ ਸਰਵੇਖਣ ਦਾ ਹਵਾਲਾ ਵੀ ਦਿੱਤਾ। ਕੇਜਰੀਵਾਲ ਨੇ ਟਵੀਟ ਵਿਚ ਕਿਹਾ, ‘ਸਾਡਾ ਸਰਵੇਖਣ ਦਿਖਾ ਰਿਹਾ ਹੈ ਕਿ ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ। ਟੀਵੀ ਉਤੇ ਈਡੀ ਅਧਿਕਾਰੀਆਂ ਨੂੰ ਨੋਟ ਗਿਣਦੇ ਦੇਖ ਲੋਕ ਹੈਰਾਨ ਹਨ।’
ਜ਼ਿਕਰਯੋਗ ਹੈ ਕਿ ਚੰਨੀ ਵਿਧਾਨ ਸਭਾ ਚੋਣ ਚਮਕੌਰ ਸਾਹਿਬ ਸੀਟ ਤੋਂ ਲੜਨਗੇ। ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਚੰਨੀ ਦੇ ਭਤੀਜੇ ਅਤੇ ਕਈ ਹੋਰਾਂ ਦੇ ਟਿਕਾਣਿਆਂ ਉਤੇ ਮਾਰੇ ਗਏ ਛਾਪਿਆਂ ਤੋਂ ਬਾਅਦ ਲਗਾਤਾਰ ‘ਆਪ’ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਬੁੱਧਵਾਰ ਕਿਹਾ ਸੀ ਕਿ ਚੰਨੀ ਆਮ ਆਦਮੀ ਨਹੀਂ ਹਨ ਪਰ ਇਕ ‘ਬੇਈਮਾਨ ਆਦਮੀ ਹਨ।’ ਕੇਜਰੀਵਾਲ ਨੇ ਹਿੰਦੀ ਵਿਚ ਟਵੀਟ ਕਰਦਿਆਂ ਈਡੀ ਦੇ ਛਾਪਿਆਂ ਤੋਂ ਬਾਅਦ ਚੰਨੀ ਉਤੇ ਨਿਸ਼ਾਨਾ ਸੇਧਿਆ ਸੀ।
‘ਆਪ’ ਆਗੂ ਰਾਘਵ ਚੱਢਾ ਨੇ ਵੀ ਵੀਰਵਾਰ ਮੁੱਖ ਮੰਤਰੀ ਚੰਨੀ ਨੂੰ ਸਵਾਲ ਕੀਤਾ ਸੀ ਕਿ ਉਹ ਆਪਣੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਦੀ ਰਿਕਵਰੀ ਬਾਰੇ ਜਵਾਬ ਦੇਣ। ਜ਼ਿਕਰਯੋਗ ਹੈ ਕਿ ਈਡੀ ਨੇ ਬੁੱਧਵਾਰ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਅੱਠ ਕਰੋੜ ਰੁਪਏ ਨਗ਼ਦ ਬਰਾਮਦ ਕੀਤੇ ਸਨ। ਇਹ ਛਾਪੇ ਗ਼ੈਰਕਾਨੂੰਨੀ ਖ਼ਣਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਨਾਲ ਸਬੰਧਤ ਸਨ। ਛਾਪਿਆਂ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਵੀ ਦੋਸ਼ ਲਾਇਆ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਨੂੰ ਕੇਸਾਂ ਵਿਚ ਫਸਾਉਣ ਲਈ ਸਾਜ਼ਿਸ਼ ਘੜ ਰਹੀ ਹੈ। ਕਾਂਗਰਸ ਪਾਰਟੀ ਨੇ ਵੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ‘ਨਾਜਾਇਜ਼ ਛਾਪੇ’ ਬਦਨਾਮ ਕਰਨ ਲਈ ਮਾਰੇ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly