ਔਰਤ ਨੂੰ ਪ੍ਰੇਤ ਦੇ ਸਾਏ ਤੋਂ ਭੈਅ ਮੁਕਤ ਕੀਤਾ– ਮਾਸਟਰ ਪਰਮਵੇਦ

ਮਾਸਟਰ ਪਰਮ ਵੇਦ

(ਸਮਾਜ ਵੀਕਲੀ)– ਕੁਝ ਸਮਾਂ ਪਹਿਲਾਂ ਸ਼ਾਮੂੰ ਆਪਣੀ ਘਰਵਾਲੀ ਨੂੰ ਲੈ ਕੇ ਮੇਰੇ ਘਰੇ ਆਇਆ, ਕਹਿੰਦਾ ਇਸ ਨੂੰ ‘ ਪ੍ਰੇਤ ‘ਦੀ ਕਸਰ ਹੈ ,ਨਾ ਸੌਂਦੀ ਨਾ ਖਾਂਦੀ ਹੈ, ਘਬਰਾਈ ਰਹਿੰਦੀ ਹੈ।ਮੈਂ ਸਾਥੀ ਕਰਿਸ਼ਨ ਸਿੰਘ ਨੂੰ ਬੁਲਾਇਆ ਤੇ ਗਲਬਾਤ ਸ਼ੁਰੂ ਕੀਤੀ।ਮੈਂ ਕਿਹਾ, ਤੈਨੂੰ ਕਿਵੇਂ ਪਤਾ ਲੱਗਿਆ ਕਿ ਇਸਨੂੰ ਪ੍ਰੇਤ ਦੀ ਕਸਰ ਹੈ।ਕਹਿੰਦਾ ਪੁੱਛ ਪੁਆਈ ਸੀ।ਸਿਆਣਾ ਕਹਿੰਦਾ ਇਸਨੂੰ ਪ੍ਰੇਤ ਦੀ ਕਸਰ ਹੈ।ਮੈਂ ਕਿਹਾ ਫਿਰ ਉਸ ਤੋਂ ਇਲਾਜ ਕਰਵਾਉਣਾ ਸੀ।ਉਸ ਜਵਾਬ ਦਿੱਤਾ, ” ਸਿਆਣਾ ਕਹਿੰਦਾ ਪ੍ਰੇਤ ਖਤਰਨਾਕ ਹੈ ,ਇਸਨੂੰ ਕਾਬੂ ਕਰਨ ਵਿੱਚ ਕਾਫੀ ਪੈਸੇ ਲੱਗਣਗੇ। ” ਕਲ ਜਦ ਮੈਂ ਮੰਡੀ ਤੋਂ ਆਉਂਦੇ ਇਹ ਗਲ ਕੀਰਤੀ ਨੂੰ ਦੱਸੀ ਤਾਂ ਉਸਨੇ ਤੁਹਾਡੀ ਦਸ ਪਾਈ ਹੈ।” ਮਨੋਵਿਗਿਆਨਕ ਤੇ ਵਿਗਿਆਨਕ ਨਜ਼ਰੀਏ ਤੋਂ ਪੜਤਾਲ ਕਰਨ ਤੋਂ ਪਤਾ ਲਗਿਆ ਕਿ ਅਖੌਤੀ ਸਿਆਣਿਆਂ ਨੇ ਉਸ ਦੇ ਮਨ ਵਿੱਚ ਡਰ ਤੇ ਭਰਮ ਪੈਦਾ ਕੀਤਾ ਹੋਇਆ ਹੈ।ਉਹ ਅਖੌਤੀ ਸਿਆਣੇ ਵਿੱਚ ਕਾਫੀ ਸ਼ਰਧਾ ਤੇ ਵਿਸ਼ਵਾਸ ਰੱਖਦੇ ਸਨ।ਉਹ ਇਲਾਜ ਦੇ ਨਾਮ ਤੇ 20 ਹਜਾਰ ਤੋਂ ਵੱਧ ਰੁਪਏ ਉਨ੍ਹਾਂ ਤੋਂ ਠੱਗ ਚੁੱਕਿਆ ਸੀ। ਉਸ ਦੀ ਘਰ ਵਾਲੀ ਨੂੰ ਬੁਲਾ ਕੇ ਸਾਰੀ ਗਲ ਜਾਨਣੀ ਚਾਹੀ।ਉਹ ਠੀਕ ਸੀ, ਠੀਕ ਗਲ ਕਰ ਰਹੀ ਸੀ, ਥੋੜਾ ਡਰੀ ਹੋਈ ਸੀ,ਗਲ ਕਰਦਿਆਂ ਰੁਕ ਜਾਦੀ ਸੀ।

ਸਿਆਣਿਆਂ ਨੇ ਉਸ ਨੂੰ ਰੋਗੀ ਬਣਾਇਆ ਹੋਇਆ ਸੀ।ਉਸਨੂੰ ਗਲਬਾਤ ਵਿਧੀ ਰਾਹੀਂ ਡਰ ਤੇ ਭਰਮ ਮੁਕਤ ਕੀਤਾ।ਉਸਨੂੰ ਵਿਸਥਾਰ ਨਾਲ ਸਮਝਾਇਆ ਗਿਆ ਕਿ ਭੂਤ- ਪਰੇਤ ਨਾਮ ਦੀ ਕੋਈ ਚੀਜ ਇਸ ਦੁਨੀਆਂ ਵਿਚ ਕਿਤੇ, ਨਹੀਂ।ਅਖੌਤੀ ਸਿਆਣਿਆਂ, ਤਾਂਤਰਿਕਾਂ ਦਾ ਫੈਲਾਇਆ, ਪਰਚਾਰਿਆ ਤੇ ਅਗਿਆਨਤਾ ਤੇ ਡਰ ਵਿਚੋਂ ਉਪਜਿਆ ਸਿਰਫ ਭੈਅ ਹੈ।ਉਸਨੂੰ ਉਸਾਰੂ ਤੇ ਹੌਂਸਲਾ ਵਧਾਊ ਸੁਝਾਅ ਦਿਤੇ ਗਏ।ਅਗਲੇ ਹਫਤੇ ਫਿਰ ਬੁਲਾਇਆ ਗਿਆ।ਉਹ ਕਾਫੀ ਠੀਕ ਮਹਿਸੂਸ ਕਰ ਰਹੀ ਸੀ।ਵਧੀਆ ਗੱਲਾਂ ਕੀਤੀਆਂ।ਮਹੀਨੇ ਬਾਅਦ ਫਿਰ ਆਉਣ ਲਈ ਕਿਹਾ।ਪੰਦਰਾਂ ਕੁ ਦਿਨਾਂ ਬਾਅਦ ਉਸਦੇ ਘਰ ਵਾਲੇ ਦਾ ਫੋਨ ਆਇਆ ਕਿ ਉਸ ਦੀ ਘਰ ਵਾਲੀ ਨੂੰ ਡਰ ਲਗਦਾ ਹੈ, ਚੀਜਾਂ ਤੰਗ ਕਰਦੀਆਂ ਹਨ। ਉਸਨੂੰ ਬੁਲਾਇਆ ਗਿਆ।ਪੁੱਛਿਆ ਗਿਆ ਕਿ ਉਸ ਨੂੰ ਚੀਜ਼ਾਂ ਦਿਖਦੀਆਂ ਹਨ।ਕਹਿੰਦੀ,” ਮੈਨੂੰ ਚੀਜਾਂ ਦਿਖਦੀਆਂ ਨਹੀਂ, ਸਿਰਫ ਡਰ ਲਗਦਾ ਹੈ।” ਫਿਰ ਉਸਨੂੰ ਇਨ੍ਹਾਂ ਦੀ ਅਣਹੋਂਦ ਬਾਰੇ ਸਮਝਾਇਆ ਗਿਆ, ਉਸਨੂੰ ਵਿਸ਼ੇਸ਼ ਢੰਗ ਰਾਹੀਂ ਕਲਪਨਿਕ ਭੂਤਾਂ- ਪ੍ਰੇਤਾਂ ਦੇ ਡਰ ‘ਚੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਗਈ।ਅਗਲੇ ਹਫਤੇ ਬੁਲਾ ਕੇ ਫਿਰ ਡਰ ਮੁਕਤ ਕੀਤਾ ਗਿਆ।ਉਸਦੇ ਚਿਹਰੇ ਦਾ ਖਿੜਾਓ ਉਸਦੇ ਡਰ ਮੁਕਤ ਹੋਣ ਦੀ ਗਵਾਹੀ ਸੀ।ਮਹੀਨੇ ਬਾਅਦ ਫਿਰ ਆਉਣ ਲਈ ਕਿਹਾ।ਕੁਝ ਦਿਨਾਂ ਬਾਅਦ ਉਸਦੇ ਘਰ ਵਾਲੇ ਦਾ ਫਿਰ ਫੋਨ ਆਇਆ ਕਿ ਇਸਨੂੰ ਤਾਂ ਕੁਝ ਖਵਾਇਆ ਹੋਇਆ ਹੈ।ਉਸਨੂੰ ਬੁਲਾ ਕੇ ਵਿਸਥਾਰਤ ਜਾਣਕਾਰੀ ਲਈ ਗਈ।ਜਾਣਕਾਰੀ ਮਿਲੀ ਕੇ ਇਕ ਪਾਸੇ ਤਾਂ ਸਾਡੇ ਤਰਕਸ਼ੀਲਾਂ ਕੋਲ ਆ ਰਹੇ ਹਨ ਦੂਜੇ ਪਾਸੇ ਉਹ ਅਖੌਤੀ ਸਿਆਣਿਆਂ ਕੋਲ ਲਗਾਤਾਰ ਪੁੱਛ ਕਢਵਾਉਣ ਜਾ ਰਹੇ ਸੀ,ਜਿਹੜੇ ਉਨਾਂ ਨੂੰ ਭੂਤਾਂ ਪ੍ਰੇਤਾਂ,ਖਵਾਇਆ, ਕਰਵਾਇਆ ਦੇ ਭਰਮ ਜਾਲ ਵਿੱਚ ਫਸਾ ਰਹੇ ਸਨ।ਜਿੰਨਾ ਅਸੀਂ ਡਰ ਦੂਰ ਕਰਦੇ, ਅਖੌਤੀ ਸਿਆਣੇ ਉਨ੍ਹਾਂ ਦੀ ਲੁਟ ਕਰਨ ਲਈ ਹੋਰ ਡਰ ਤੇ ਭਰਮ ਚੰਬੇੜ ਦਿੰਦੇ।ਉਨ੍ਹਾਂ ਨੂੰ ਸਮਝਾਇਆ ਗਿਆ ਕਿ ਜੇ ਤੁਸੀਂ ਇਨ੍ਹਾਂ ਅਖੌਤੀ ਸਿਆਣਿਆਂ, ਤਾਂਤਰਿਕਾਂ ਕੋਲ ਜਾਂਦੇ ਰਹੋਂਗੇ ਇਹ ਤੁਹਾਨੂੰ ਭਰਮ ਜਾਲ ਵਿੱਚ ਫਸਾ ਕੇ ਰੱਖਣਗੇ, ਤੁਹਾਡੇ ਘਰੋਂ ਓਪਰੀਆਂ ਸ਼ੈਆਂ ਨਿਕਲਣ ਨਹੀਂ ਦੇਣਗੇ।ਜਦ ਇਹ ਆਪ ਸਰੀਰਕ ਜਾਂ ਮਾਨਸਿਕ ਤੌਰ ਤੇ ਬੀਮਾਰ ਹੁੰਦੇ ਹਨ,ਇਹ ਵੀ ਆਪਣਾ ਇਲਾਜ ਡਾਕਟਰਾਂ ਤੋਂ ਕਰਵਾਉਂਦੇ ਹਨ,ਪਰ ਤੁਹਾਨੂੰ ਡਾਕਟਰਾਂ ਕੋਲ ਜਾਣ ਤੋਂ ਰੋਕਦੇ ਹਨ।,ਡਰਾਉਣਾ, ਭਰਮਾਉਣਾ ,ਲੁਟਣਾ,ਠੱਗਣਾ ਇਨ੍ਹਾਂ ਦਾ ਕੀਤਾ ਹੈ।ਇਹ ਇਨ੍ਹਾਂ ਦੀ ਕਮਾਈ ਦੇ ਸਾਧਨ ਹਨ।ਇਹ ਵਿਗਿਆਨਕ ਲੋਕ ਪੱਖੀ ਗਿਆਨ ਦੇ ਨੇੜੇ ਨਾ ਤੇੜੇ ।ਤੁਹਾਨੂੰ ਭੂਤ ਪ੍ਰੇਤ,ਵਡੇਰਿਆਂ ਦੀ ਕਸਰਾਂ ਓਦੋਂ ਤਕ ਹੁੰਦੀਆਂ ਰਹਿਣਗੀਆਂ।

ਜਦੋਂ ਤਕ ਤੁਸੀਂ ਇਨ੍ਹਾਂ ਕੋਲ ਜਾਂਦੇ ਰਹੋਂਗੇ।ਇਹ ਲੋਕਾਂ ਦੀ ਆਰਥਿਕ,ਮਾਨਸਿਕ, ਸਰੀਰਕ ਲੁੱਟ ਦੇ ਅੱਡੇ ਹੜ।ਤੁਸੀ ਇਲਾਜ ਦੀਆਂ ਉਮੀਦਾਂ ਲੈ ਕੇ ਜਾਦੇਂ ਹੋ, ਪੈਸੇ ਦਿੰਦੇ ਹੋਂ,ਬਦਲੇ ਵਿੱਚ ਓਪਰੀਆਂ ਸ਼ੈਆਂ,ਕੀਤੇ ਕਰਾਏ,ਖੁਆਏ ,ਕਰਵਾਏ ,ਪਿਆਏ ਦਾ ਵਹਿਮ ਲੈ ਕੇ ਆਉਂਦੇ ਹੋਂ।” ਉਹ ਸਾਡੀਆਂ ਗੱਲਾਂ ਨਾਲ ਸਾਡੇ ਪ੍ਰਭਾਵ ਹੇਠ ਆ ਕੇ ਬੜੇ ਧਿਆਨ ਨਾਲ ਸੁਣ ਰਹੇ ਸਨ।ਅਸੀਂ ਸ਼ਾਮੂੰ ਦੀ ਘਰ ਵਾਲੀ ਨੂੰ ਗਲਬਾਤ ਵਿਧੀ ਰਾਹੀਂ, ਅੱਖਾਂ ਬੰਦ ਕਰਾਕੇ ਭੈਅ ਮੁਕਤ ਕੀਤਾ ਤੇ ਅੱਗੇ ਤੋਂ ਪੁੱਛਾਂ ਦੇਣ ਵਾਲੇ ਅਖੌਤੀ ਸਿਆਣਿਆਂ ਕੋਲ ਨਾ ਜਾਣ ਦੀ ਨਸੀਹਤ ਦਿੱਤੀ।ਪੰਦਰਾਂ ਦਿਨਾਂ ਬਾਅਦ ਆਉਂਦੇ ਰਹਿਣ ਬਾਰੇ ਕਿਹਾ।ਦੋ ਮਹੀਨੇ ਲਗਾਤਾਰ ਸਾਡੇ ਕੋਲ ਆਉਂਦੇ ਰਹੇ।ਸਾਲ ਬੀਤ ਜਾਣ ਤੋਂ ਬਾਅਦ ਹੁਣ ਬਿਲਕੁਲ ਠੀਕ ਹੈ।ਪਿਛਲੇ ਦਿਨ ਜਦ ਉਹ ਮੈਨੂੰ ਬਾਜਾਰ ਮਿਲੇ ਤਾਂ ਮੈਨੂੰ ਦੇਖ ਕੇ ਉਨ੍ਹਾਂ ਨੂੰ ਚਾਅ ਚੜ੍ਹ ਗਿਆ।ਬੇਹੱਦ ਖੁਸ਼ੀ,ਖੁਸ਼ੀ ਵਿੱਚ ਉਨ੍ਹਾ ਦੇ ਪੈਰ ਜ਼ਮੀਨ ਤੇ ਨਹੀਂ ਲਗ ਰਹੇ ਸਨ।ਉਨ੍ਹਾਂ ਦੇ ਜ਼ੋਰ ਦੇਣ ਤੇ ਚਾਹ ਦਾ ਕੱਪ ਸਾਂਝਾ ਕੀਤਾ।ਗਲਬਾਤ ਦੁਰਾਨ ਕਿਹਾ,”
ਪੁੱਛਾਂ ਕੱਢਣ ਦਾ ਕੰਮ ਸਾਡੇ ਸਾਮਾਜ ਵਿੱਚ ਕਈ ਤਰੀਕਿਆਂ ਨਾਲ ਚੱਲਦਾ ਹੈ। ਚਲਦੇ ਕੰਮਾਂ ’ਚ ਰੁਕਾਵਟ, ਬਿਮਾਰੀ, ਘਰ ’ਚ ਹੁੰਦਾ ਨੁਕਸਾਨ, ਵਿਦੇਸ਼ ਯਾਤਰਾ ਵਰਗੇ ਕੰਮਾਂ ਦੇ ਨਾ ਬਣਨ ਦੇ ਕਲਪਿਤ ਕਾਰਨ ਅਤੇ ਤਾਂਤਰਿਕ/ਗੈਬੀ ਸ਼ਕਤੀਆਂ ਰਾਹੀਂ ਉਪਾਅ ਦੱਸਣ ਨੂੰ ਪੁੱਛਾਂ ਕੱਢਣ ਨਾਲ ਜੋੜ ਲਿਆ ਜਾਂਦਾ ਹੈ। ਇਹ ਕੰਮ ਘਰਾਂ, ਦੁਕਾਨਾਂ ਅਤੇ ਚੈਨਲਾਂ ਰਾਹੀਂ ਚਲਾਇਆ ਜਾਂਦਾ ਹੈ। ਕੁੱਝ ‘ਜਗ੍ਹਾ’ ’ਤੇ ਚੌਂਕੀ ਲਗਾ ਕੇ ਢੋਲ-ਛੈਣੇ ਖੜਕਾ ਕੇ ਪੁੱਛਾਂ ਕੱਢਣ ਦਾ ਕੰਮ ਪੁਰਾਣੇ ਸਮੇਂ ਤੋਂ ਹੀ ਚਲਦਾ ਆ ਰਿਹਾ ਹੈ। ਪੁੱਛਾਂ ਦੇਣ ਵਾਲਾ ਭਰੇ ਪੰਡਾਲ ਵਿੱਚੋਂ ਆਵਾਜ਼ ਦੇ ਕੇ ਬੁਲਾਉਦਾ ਹੈ ਕਿ ਉਹ ਖੜ੍ਹਾ ਹੋਵੇ ਜਿਹੜਾ ਫਲਾਣੀ ਗੱਲ ਪੁੱਛਣੀ ਚਾਹੁੰਦਾ ਹੈ।

ਆਮ ਤੌਰ ’ਤੇ ਇਹ ਪੇਸ਼ਾਵਰ ਲੋਕ ਤਜ਼ਰਬੇ ਕਾਰਨ ਤੇ ਲੋਕਾਂ ਦੇ ਲਾਈਲੱਗ ਸੁਭਾਅ ਕਾਰਨ ਮਾਹਿਰ ਹੋ ਜਾਂਦੇ ਹਨ ਅਤੇ ਆਏ ‘ਗਾਹਕ’ ਤੋਂ ਉਸਦੀ ਪਰਿਵਾਰਕ, ਆਰਥਿਕ ਅਤੇ ਮਾਨਸਿਕ ਹਾਲਤ ਬਾਰੇ ਸੌਖਿਆਂ ਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ ਤੇ ਫਿਰ ਬਹੁਤ ਸਾਰੀਆਂ ਗੋਲ-ਮੋਲ ਗੱਲਾਂ ਕਰਕੇ, ਜਿੰਨ੍ਹਾਂ ਦੇ ਕਈ ਸਾਰੇ ਅਰਥ ਬਣਦੇ ਹੁੰਦੇ ਹਨ, ਦੱਸਦੇ ਹਨ। ਗਾਹਕ ਆਪਣੇ ਆਪ ਹੀ ਆਪਣੇ ਉੱਤੇ ਢੁਕਦਾ ਅਰਥ ਕੱਢ ਲੈਂਦੇ ਹਨ। ਆਮ ਕਰਕੇ ਇਹ ਸਾਰੇ ਪਾਖੰਡੀ ਦੁੱਖਾਂ-ਤਕਲੀਫ਼ਾਂ ਲਈ ਕਿਸੇ ਗੁਆਂਢੀ ਨੂੰ ਜ਼ਿੰਮੇਵਾਰ ਠਹਿਰਾਉਦੇ ਹਨ, ਕਿਸੇ ਦਾ ਖੁਵਾਇਆ, ਕਿਸੇ ਦਾ ਕਰਾਇਆ, ਟੂਣਾ ਟੱਪਿਆ ਆਦਿ ਵਰਗੀਆਂ ਝੂਠੀਆਂ ਗੱਲਾਂ ਦਸਦੇ ਹਨ। ਜਿਨ੍ਹਾਂ ਨੂੰ ਦੁਖੀ ਹੋਇਆ ਮਨ ਬਹੁਤ ਜਲਦੀ ਸਵੀਕਾਰ ਕਰ ਲੈਂਦਾ ਹੈ। ਬਹੁਤ ਸਾਰੀਆਂ ਗੱਲਾਂ ਜਾਂ ਭਵਿੱਖ ਬਾਣੀਆਂ ਕੁਦਰਤੀ ਹੀ ਜਾਂ ਮੌਕਾ-ਮੇਲ ਦੇ ਤੌਰ ਤੇ ਹੀ ਸਹੀ ਹੋ ਜਾਂਦੀਆਂ ਹਨ ਜਿਵੇਂ ਕਿ ਪਾਸ/ਫੇਲ੍ਹ ਹੋਣਾ, ਲੜਕਾ/ਲੜਕੀ ਹੋਣਾ, ਕਾਰੋਬਾਰ ਦਾ ਚੱਲ ਪੈਣਾ, ਨੌਕਰੀ ਦਾ ਮਿਲ ਜਾਣਾ, ਪਰਿਵਾਰਕ ਸਮੱਸਿਆ ਦਾ ਹੱਲ ਹੋ ਜਾਣਾ ਆਦਿ-ਆਦਿ। ਇਸ ਕਾਰਨ ਗਾਹਕ ਦਾ ਵਿਸ਼ਵਾਸ ਅਜਿਹੀਆਂ ਸ਼ਕਤੀਆਂ ਵਿੱਚ ਪੱਕਾ ਹੋ ਜਾਂਦਾ ਹੈ।

ਸਮਾਜ ਦਾ ਵੱਡਾ ਹਿੱਸਾ, ਆਪਣੀ ਸਮੱਸਿਆਵਾਂ ਦੇ ਹਲ ਲਈ ਇਨ੍ਹਾਂ ਪਾਖੰਡੀਆਂ ਵੱਲ ਤੁਰਿਆ ਰਹਿੰਦਾ ਹੈ। ਵਿਗਿਆਨਕ ਵਿਚਾਰ, ਤਰਕਸ਼ੀਲ ਨਜ਼ਰੀਆ ਅਪਨਾਉਣ ਦੀ ਗੱਲ ਤਾਂ ਅਜੇ ਬਹੁਤ ਦੂਰ ਲਗਦੀ ਹੈ। ਤੁਹਾਨੂੰ ਕਿਵੇਂ ਲਗਦਾ ਹੈ।ਉਹ ਹਸ ਪਏ ਤੇ ਕਿਹਾ ਅਸੀਂ ਇਸ ਜੰਜਾਲ ਵਿਚੋਂ ਨਿਕਲ ਚੁੱਕੇ ਹਾਂ, ਤੁਸੀਂ ਸਾਨੂੰ ਬਚਾਅ ਲਿਆ ,ਅਸੀਂ ਤਰਕਸ਼ੀਲਾਂ ਦੇ ਧੰਨਵਾਦੀ ਹਾਂ।ਇਨ੍ਹਾਂ ਕਹਿ ਕੇ ਅਸੀਂ ਹੱਸਦੇ ਹੱਸਦੇ ਉੱਠ ਖੜੇ ਹੋਏ,ਇਕ ਦੂਜੇ ਤੋਂ ਵਿਦਾਇਗੀ ਲਈ।

ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਅਫਸਰ ਕਲੋਨੀ ਸੰਗਰੂਰ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕਿਸਾਨ ਮਜ਼ਦੂਰ ਵੀਰਾ ਵੱਲੋਂ ਡਾਕਟਰ ਜਗਤਾਰ ਸਿੰਘ ਚੰਦੀ ਨੂੰ ਜਿਤਾਉਣ ਦੀ ਅਪੀਲ