ਨਵੀਂ ਦਿੱਲੀ(ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ’ਚ ਚੀਨ ਵੱਲੋਂ ਅਗਵਾ ਕੀਤੇ ਗਏ ਨੌਜਵਾਨ ਦੇ ਮਾਮਲੇ ’ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਖਾਮੋਸ਼ੀ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਦੀ ਫਿਕਰ ਨਹੀਂ ਹੈ। ਕਾਂਗਰਸ ਆਗੂ ਨੇ ਟਵੀਟ ਕਰਕੇ ਕਿਹਾ,‘‘ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ ਚੀਨ ਵੱਲੋਂ ਇਕ ਭਾਰਤੀ ਨੂੰ ਅਗਵਾ ਕਰ ਲਿਆ ਗਿਆ ਹੈ। ਅਸੀਂ ਮਿਰਾਮ ਤਾਰੋਨ ਦੇ ਪਰਿਵਾਰ ਨਾਲ ਹਾਂ ਅਤੇ ਆਸ ਨਹੀਂ ਛੱਡਾਂਗੇ। ਪ੍ਰਧਾਨ ਮੰਤਰੀ ਦੀ ਖਾਮੋਸ਼ੀ ਹੀ ਉਨ੍ਹਾਂ ਦੀ ਬੁਜ਼ਦਿਲੀ ਦਿਖਾਉਂਦੀ ਹੈ। ਉਨ੍ਹਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ।’’ ਕਾਂਗਰਸ ਨੇ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਚੀਨ ਦਾ ਹੌਸਲਾ ਅਤੇ ਭਾਜਪਾ ਸਰਕਾਰ ਦੀ ਬੇਸ਼ਰਮੀ ਲਗਾਤਾਰ ਵਧਦੀ ਜਾ ਰਹੀ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਚੀਨੀ ਫ਼ੌਜ ਭਾਰਤੀ ਇਲਾਕੇ ’ਚ ਕਿਵੇਂ ਦਾਖ਼ਲ ਹੋਈ ਅਤੇ ਮੁਲਕ ਦੇ ਨਾਗਰਿਕ ਨੂੰ ਅਗਵਾ ਕਰ ਲਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ’ਤੇ ਖਾਮੋਸ਼ ਕਿਵੇਂ ਰਹਿ ਸਕਦੀ ਹੈ ਅਤੇ ਉਹ ਆਪਣੇ ਸੰਸਦ ਮੈਂਬਰ ਦੀ ਅਪੀਲ ਕਿਉਂ ਨਹੀਂ ਸੁਣ ਰਹੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਦੁਬਾਰਾ ਇਹ ਨਾ ਆਖਣਾ ਕਿ ਕੋਈ ਵੀ ਨਹੀਂ ਆਇਆ ਅਤੇ ਕਿਸੇ ਨੂੰ ਅਗਵਾ ਨਹੀਂ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly