ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕਰੋਨਾ ਦੀ ਤੀਜੀ ਲਹਿਰ ਦੌਰਾਨ ਮੌਤਾਂ ਦੀ ਗਿਣਤੀ ਦੂਜੀ ਨਾਲੋਂ ਬਹੁਤ ਘੱਟ ਹਨ। ਉਨ੍ਹਾਂ ਕਿਹਾ ਹੈ ਕਿ ਵੈਕਸੀਨੇਸ਼ਨ ਦੀ ਦਰ ਜ਼ਿਆਦਾ ਹੋਣ ਕਾਰਨ ਮੌਜੂਦਾ ਲਹਿਰ ’ਚ ਗੰਭੀਰ ਪੀੜਤਾਂ ਜਾਂ ਮੌਤਾਂ ਦੀ ਗਿਣਤੀ ’ਚ ਵਾਧਾ ਨਹੀਂ ਦਿਖ ਰਿਹਾ ਹੈ। ਦੇਸ਼ ’ਚ ਕਰੋਨਾ ਦੀ ਦੂਜੀ ਅਤੇ ਤੀਜੀ ਲਹਿਰ ਦੌਰਾਨ ਅਹਿਮ ਅੰਕੜਿਆਂ ਦੀ ਤੁਲਨਾ ਕਰਦਿਆਂ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕਿਹਾ ਕਿ ਪਿਛਲੇ ਸਾਲ 30 ਅਪਰੈਲ ਨੂੰ 3,86,452 ਨਵੇਂ ਕੇਸ, 3,059 ਮੌਤਾਂ ਤੇ 31,70,228 ਸਰਗਰਮ ਕੇਸ ਸਨ ਅਤੇ ਉਸ ਸਮੇਂ ਮੁਕੰਮਲ ਤੌਰ ’ਤੇ ਵੈਕਸੀਨੇਸ਼ਨ ਦੀਆਂ ਖੁਰਾਕਾਂ ਲੈਣ ਵਾਲੇ ਲੋਕਾਂ ਦਾ ਅਨੁਪਾਤ 2 ਫ਼ੀਸਦ ਸੀ।
ਉਨ੍ਹਾਂ ਦੱਸਿਆ ਕਿ ਹੁਣ 29 ਜਨਵਰੀ, 2022 ’ਚ 3,17,532 ਨਵੇਂ ਕੇਸ, 380 ਮੌਤਾਂ ਅਤੇ 19,24,051 ਸਰਗਰਮ ਕੇਸ ਹਨ ਜਦਕਿ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਲੋਕਾਂ ਦਾ ਅਨੁਪਾਤ 72 ਫ਼ੀਸਦ ਹੈ। ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਬੇਨਤੀ ਕਰਦਿਆਂ ਸ੍ਰੀ ਭੂਸ਼ਣ ਨੇ ਕਿਹਾ,‘‘ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵੈਕਸੀਨ ਅਸਰਦਾਰ ਹੈ। ਜਿਹੜੇ ਵਿਅਕਤੀਆਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ, ਉਨ੍ਹਾਂ ’ਚ ਰੋਗ ਦਾ ਅਸਰ ਬਹੁਤ ਘੱਟ ਜਾਂ ਦਰਮਿਆਨਾ ਜਿਹਾ ਨਜ਼ਰ ਆ ਰਿਹਾ ਹੈ।’’ ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਡੇਟਾ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਅਤੇ 0 ਤੋਂ 19 ਸਾਲ ਦੇ ਉਮਰ ਵਰਗ ’ਚ 2020 ’ਚ ਕੁੱਲ ਕੇਸਾਂ ’ਚੋਂ 10 ਫ਼ੀਸਦੀ ਬੱਚੇ ਪੀੜਤ ਸਨ ਅਤੇ ਕੁੱਲ ਮੌਤਾਂ ਦਾ 0.96 ਫ਼ੀਸਦ ਸੀ। ਸਾਲ 2021 ’ਚ ਇਸੇ ਉਮਰ ਵਰਗ ਦੇ 11 ਫ਼ੀਸਦੀ ਬੱਚੇ ਕਰੋਨਾ ਤੋਂ ਪੀੜਤ ਮਿਲੇ ਅਤੇ 0.70 ਫ਼ੀਸਦ ਮੌਤਾਂ ਹੋਈਆਂ। ਉਨ੍ਹਾਂ ਕਿਹਾ ਕਿ ਦੋਵੇਂ ਸਾਲਾਂ ਦੇ ਅੰਕੜਿਆਂ ’ਚ ਬਹੁਤਾ ਹੇਰ-ਫੇਰ ਦੇਖਣ ’ਚ ਨਹੀਂ ਮਿਲਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly