ਬਸੀ ਪਠਾਣਾਂ, (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਕਾਂਗਰਸ ਦੀ ਟਿਕਟ ਨਾ ਮਿਲਣ ’ਤੇ ਅੱਜ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਸੰਯੁਕਤ ਸਮਾਜ ਮੋਰਚੇ ਤੋਂ ਟਿਕਟ ਹਾਸਲ ਕਰਨ ਵੱਲ ਵੀ ਇਸ਼ਾਰਾ ਕੀਤਾ ਹੈ। ਆਪਣੇ ਚੋਣ ਦਫ਼ਤਰ ਵਿਖੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਦੀ ਮੌਜੂਦਗੀ ਵਿੱਚ ਡਾ. ਮਨੋਹਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਬਸੀ ਪਠਾਣਾਂ ਹਲਕੇ ਨੂੰ ਕਮਜ਼ੋਰ ਵਿਧਾਇਕ ਦੀ ਨਹੀਂ ਸਗੋਂ ਮਜ਼ਬੂਤ, ਪੜ੍ਹੇ-ਲਿਖੇ ਅਤੇ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਨ ਵਾਲੇ ਸੇਵਾਦਾਰ ਦੀ ਲੋੜ ਹੈ।
ਮੌਜੂਦਾ ਵਿਧਾਇਕ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਹਲਕੇ ਵਿੱਚ ਸਿਰਫ ਐਲਾਨ ਹੋਏ ਹਨ, ਵਿਕਾਸ ਕੋਈ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਉਸ ਦੀ ਟਿਕਟ ਕਟਵਾਈ ਹੈ, ਜੇਕਰ ਉਨ੍ਹਾਂ ਉਸ ਦਾ ਬਸੀ ਪਠਾਣਾਂ ’ਚ ਵਿਰੋਧ ਕੀਤਾ ਤਾਂ ਉਹ ਉਨ੍ਹਾਂ ਦੇ ਹਲਕਿਆਂ ਵਿੱਚ ਜਾ ਕੇ ਸਖ਼ਤ ਵਿਰੋਧ ਕਰਨਗੇ। ਡਾ. ਮਨੋਹਰ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਮੈਦਾਨ ਵਿੱਚ ਉਤਰਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਚੋਣ ਜਿੱਤ ਕੇ ਇਸ ਇਲਾਕੇ ਦਾ ਅਸਲ ਵਿੱਚ ਵਿਕਾਸ ਕਰਵਾਉਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly