ਕਾਂਗਰਸ ’ਚ ਉੱਠੀਆਂ ਬਗ਼ਾਵਤੀ ਸੁਰਾਂ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਨਾਲ ਪਾਰਟੀ ਅੰਦਰ ਬਗ਼ਾਵਤੀ ਸੁਰਾਂ ਪੈਦਾ ਹੋ ਗਈਆਂ ਹਨ। ਜਿਨ੍ਹਾਂ ਦਾਅਵੇਦਾਰਾਂ ਦੀ ਝੋਲੀ ਟਿਕਟਾਂ ਨਹੀਂ ਪਈਆਂ ਹਨ, ਉਨ੍ਹਾਂ ਪਾਰਟੀ ਖ਼ਿਲਾਫ਼ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ। ਬਗ਼ਾਵਤ ਦੀ ਪਹਿਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਤੋਂ ਹੋਈ ਹੈ ਜਿਨ੍ਹਾਂ ਦੇ ਭਰਾ ਡਾ. ਮਨੋਹਰ ਸਿੰਘ ਨੇ ਹਲਕਾ ਬੱਸੀ ਪਠਾਣਾ ਤੋਂ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਪਹਿਲੀ ਸੂਚੀ ਵਿਚ 86 ਉਮੀਦਵਾਰ ਐਲਾਨੇ ਹਨ।

ਹਲਕਾ ਆਦਮਪੁਰ ਅਤੇ ਜਲੰਧਰ ਕੇਂਦਰੀ ਤੋਂ ਟਿਕਟ ਦੇ ਦਾਅਵੇਦਾਰ ਮਹਿੰਦਰ ਸਿੰਘ ਕੇਪੀ ਨੂੰ ਵੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਹੈ। ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਕੇਪੀ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਆਗਾਮੀ ਚੋਣਾਂ ਜ਼ਰੂਰ ਲੜਨਗੇ ਪ੍ਰੰਤੂ ਪਹਿਲਾਂ ਸਮਰਥਕਾਂ ਨਾਲ ਮੀਟਿੰਗ ਕਰਨਗੇ। ਮੋਗਾ ਤੋਂ ਟਿਕਟ ਨਾ ਮਿਲਣ ਮਗਰੋਂ ਵਿਧਾਇਕ ਹਰਜੋਤ ਕਮਲ ਨੇ ਪਹਿਲਾਂ ਹੀ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਵੀ ਭਾਜਪਾ ਵਿਚ ਚਲੇ ਗਏ ਹਨ। ਮਾਨਸਾ ਤੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੇ ਜਾਣ ਮਗਰੋਂ ਟਕਸਾਲੀ ਕਾਂਗਰਸੀ ਗਾਗੋਵਾਲ ਪਰਿਵਾਰ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਰਿਵਾਰ ਤੱਕ ਪਹੁੰਚ ਬਣਾਈ ਹੈ। ਗਾਗੋਵਾਲ ਪਰਿਵਾਰ ਵੀ ਚੋਣ ਮੈਦਾਨ ਵਿਚ ਡਟ ਸਕਦਾ ਹੈ। ਤਲਵੰਡੀ ਸਾਬੋ ਤੋਂ ਟਿਕਟ ਦੇ ਦਾਅਵੇਦਾਰ ਅਤੇ ਤਿੰਨ ਵਾਰ ਵਿਧਾਇਕ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਟਿਕਟ ਨਾ ਮਿਲਣ ਮਗਰੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਮਨ ਬਣਾ ਲਿਆ ਹੈ ਪ੍ਰੰਤੂ ਹਾਲੇ ਉਨ੍ਹਾਂ ਰਸਮੀ ਐਲਾਨ ਨਹੀਂ ਕੀਤਾ ਹੈ। ਉਹ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿਚ ਅੱਜ ਸਵੇਰ ਤੋਂ ਹੀ ਮੀਟਿੰਗਾਂ ਵਿਚ ਜੁੱਟ ਗਏ ਹਨ। ਕਾਂਗਰਸੀ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੇ ਵਿਰੋਧ ਵਿਚ ਖੜ੍ਹੇ ਆਗੂ ਜੱਸੀ ਨਾਲ ਤੁਰਨ ਲੱਗ ਪਏ ਹਨ। ਹਰਮਿੰਦਰ ਸਿੰਘ ਜੱਸੀ ਡੇਰਾ ਸਿਰਸਾ ਮੁਖੀ ਦੇ ਰਿਸ਼ਤੇਦਾਰ ਹਨ ਅਤੇ ਮਾਲਵਾ ਖ਼ਿੱਤੇ ਵਿਚ ਡੇਰਾ ਪੈਰੋਕਾਰਾਂ ਦਾ ਕਾਫ਼ੀ ਵੋਟ ਬੈਂਕ ਹੈ। ਡੇਰੇ ਦਾ ਵੋਟ ਬੈਂਕ ਭਾਜਪਾ ਪ੍ਰਤੀ ਨਰਮੀ ਰੱਖ ਰਿਹਾ ਹੈ। ਹਲਕਾ ਬੱਲੂਆਣਾ ਤੋਂ ਵਿਧਾਇਕ ਨੱਥੂ ਰਾਮ ਦੀ ਟਿਕਟ ਕੱਟੀ ਗਈ ਹੈ।

ਹੁਣ ਉਹ ਆਖ ਰਹੇ ਹਨ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ ਅਤੇ ਉਹ ਆਪਣੇ ਵਰਕਰਾਂ ਨਾਲ ਸਲਾਹ ਕਰਨਗੇ। ‘ਆਪ’ ’ਚੋਂ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਜਗਤਾਰ ਜੱਗਾ ਨੂੰ ਵੀ ਰਾਏਕੋਟ ਤੋਂ ਟਿਕਟ ਨਹੀਂ ਮਿਲੀ ਹੈ ਜਦਕਿ ਪਾਰਟੀ ਨੇ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਲੜਕੇ ਕਾਮਿਲ ਅਮਰ ਸਿੰਘ ਨੂੰ ਉਥੋਂ ਉਮੀਦਵਾਰ ਬਣਾਇਆ ਹੈ। ਜੱਗਾ ਨੂੰ ਆਸ ਹੈ ਕਿ ਪਾਰਟੀ ਜਗਰਾਓਂ ਜਾਂ ਗਿੱਲ ਹਲਕੇ ਤੋਂ ਉਨ੍ਹਾਂ ਨੂੰ ਉਮੀਦਵਾਰ ਬਣਾ ਸਕਦੀ ਹੈ। ਜਲੰਧਰ ਕੇਂਦਰੀ ਹਲਕੇ ਤੋਂ ਪਾਰਟੀ ਨੇ ਰਾਜਿੰਦਰ ਬੇਰੀ ਨੂੰ ਉਮੀਦਵਾਰ ਐਲਾਨਿਆ ਹੈ ਜਿੱਥੋਂ ਦੂਸਰੇ ਨੰਬਰ ਦੇ ਦਾਅਵੇਦਾਰ ਮੇਅਰ ਜਗਦੀਸ਼ ਰਾਜਾ ਨੇ ਵੀ ਆਪਣੇ ਹਮਾਇਤੀ ਕੌਂਸਲਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਉਹ ਆਖ ਰਹੇ ਹਨ ਕਿ ਕੌਂਸਲਰਾਂ ਦੇ ਵਿਰੋਧ ਦੇ ਬਾਵਜੂਦ ਪਾਰਟੀ ਨੇ ਰਾਜਿੰਦਰ ਬੇਰੀ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਇਸੇ ਤਰ੍ਹਾਂ ਹੋਰ ਹਲਕਿਆਂ ਵਿਚ ਵੀ ਬਾਗ਼ੀ ਸੁਰ ਖੜ੍ਹੇ ਹੋ ਗਏ ਹਨ ਜਿਨ੍ਹਾਂ ਨੂੰ ਠੱਲ੍ਹਣ ਲਈ ਹਾਲੇ ਕਾਂਗਰਸ ਨੇ ਕੋਈ ਕੋਸ਼ਿਸ਼ਾਂ ਸ਼ੁਰੂ ਨਹੀਂ ਕੀਤੀਆਂ ਹਨ। ਟਿਕਟਾਂ ਕੱਟੇ ਜਾਣ ਪਿੱਛੋਂ ਵਿਧਾਇਕ ਅਜੈਬ ਸਿੰਘ ਭੱਟੀ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ।

ਮਾਲਵੇ ਦੀਆਂ 23 ਸੀਟਾਂ ਦਾ ਪੇਚ ਫਸਿਆ

ਮਾਲਵਾ ਖ਼ਿੱਤੇ ਦੀਆਂ ਕਰੀਬ 23 ਸੀਟਾਂ ਦਾ ਪੇਚ ਫਸ ਗਿਆ ਹੈ ਜਿਨ੍ਹਾਂ ਦਾ ਐਲਾਨ ਕਾਂਗਰਸ ਨੇ ਪਹਿਲੀ ਸੂਚੀ ਵਿਚ ਨਹੀਂ ਕੀਤਾ ਹੈ। ਉਂਜ ਪਾਰਟੀ ਨੇ ਮਾਲਵੇ ਦੇ 46 ਹਲਕਿਆਂ ਤੋਂ ਉਮੀਦਵਾਰ ਐਲਾਨ ਦਿੱਤੇ ਹਨ। ਪੰਜਾਬ ਦੇ 13 ਵਿਧਾਇਕਾਂ ਨੂੰ ਵੀ ਹਾਲੇ ਧੁੜਕੂ ਲੱਗਾ ਹੋਇਆ ਹੈ ਜਿਨ੍ਹਾਂ ਦੀ ਟਿਕਟ ਦਾ ਐਲਾਨ ਹੋਣਾ ਬਾਕੀ ਹੈ। ਬਰਨਾਲਾ ਜ਼ਿਲ੍ਹੇ ਦੀ ਕਿਸੇ ਵੀ ਸੀਟ ਦਾ ਫ਼ੈਸਲਾ ਨਹੀਂ ਹੋ ਸਕਿਆ ਹੈ। ਉਂਜ, ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ਦੇ ਖ਼ੌਫ਼ ਕਾਰਨ ਕਾਂਗਰਸ ਨੇ ਬਹੁਤੀਆਂ ਟਿਕਟਾਂ ਨਹੀਂ ਕੱਟੀਆਂ ਹਨ। ਪਾਰਟੀ ਨੂੰ ਡਰ ਸੀ ਕਿ ਕਿਤੇ ਬਾਗ਼ੀ ਉਮੀਦਵਾਰ ਕੈਪਟਨ ਦੀ ਝੋਲੀ ਵਿਚ ਨਾ ਪੈ ਜਾਣ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ: ਸਕੂੁਲ ਬੰਦ ਕਰਨ ਦਾ ਵਿਸ਼ਵ ਬੈਂਕ ਵੱਲੋਂ ਵਿਰੋਧ
Next articleਸ਼ਾਹ ਵੱਲੋਂ ਮੋਦੀ ਅਤੇ ਮੁਲਕ ਵਾਸੀਆਂ ਨੂੰ ਮੁਬਾਰਕਬਾਦ